ਪਰਮਿੰਦਰ ਸਿੰਘ ਨਥਾਣਾ (PNO)- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਚੇਅਰਮੈਨ ਬਲਵਿੰਦਰ ਜੰਮੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਭੂਸ਼ਨ ਸੂਦ ਅਤੇ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਗਾਜਾ ਵਿੱਚ ਇਸਰਾਈਲੀ ਫ਼ੌਜ ਵੱਲੋਂ ਇਕ ਹਵਾਈ ਹਮਲੇ ਵਿੱਚ ਅੱਲ-ਜਜ਼ੀਰਾ ਦੇ ਪੱਤਰਕਾਰ ਮੁਹੰਮਦ ਕਰੀਕੇਹ ਸਮੇਤ ਚਾਰ ਹੋਰ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਜਾਨ ਤੋਂ ਮਾਰ ਦੇਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਟੀਮ ਗਾਜਾ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਬੇਕਸੂਰ ਫ਼ਲਸਤੀਨੀ ਲੋਕਾਂ ਬਾਰੇ ਸਿੱਧੀ ਜਾਣਕਾਰੀ ਨਸ਼ਰ ਕਰ ਰਹੀ ਸੀ। ਪੱਤਰਕਾਰ ਆਗੂਆਂ ਨੇ ਕਿਹਾ ਕਿ 22 ਮਹੀਨੇ ਤੋਂ ਜਾਰੀ ਯੁੱਧ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਇਸਰਾਈਲੀ ਫ਼ੌਜ ਨੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਿੱਧੇ ਤੌਰ ‘ਤੇ ਜ਼ਿੰਮੇਵਾਰੀ ਵੀ ਕਬੂਲ ਕੀਤੀ ਹੈ।
ਪੱਤਰਕਾਰ ਆਗੂਆਂ ਨੇ ਇਸਰਾਈਲੀ ਫ਼ੌਜ ਦੀ ਇਸ ਕਾਇਰਤਾ ਭਰੀ ਕਾਰਵਾਈ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੁੱਧ ਦੌਰਾਨ ਪੱਤਰਕਾਰਾਂ ਦੀ ਸੁਰੱਖਿਆ ਬਾਰੇ ਕਮੇਟੀ ਨੇ ਵੀ ਜੋਖ਼ਮ ਭਰੇ ਹਾਲਾਤ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਬਦਲਾ-ਲਊ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ ਹੈ। ਪੱਤਰਕਾਰ ਆਗੂਆਂ ਨੇ ਕੌਮਾਂਤਰੀ ਪੱਧਰ ‘ਤੇ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਲੜਨ ਵਾਲੀਆਂ ਜਥੇਬੰਦੀਆਂ ਸਮੇਤ ਸੰਯੁਕਤ ਰਾਸ਼ਟਰ ਨੂੰ ਵੀ ਇਸਰਾਈਲੀ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਸੱਦਾ ਦਿੱਤਾ ਹੈ।
ਇਸਰਾਈਲੀ ਫ਼ੌਜ ਵੱਲੋਂ ਕੀਤੇ ਪੱਤਰਕਾਰਾਂ ਦੇ ਕਤਲ ਦੀ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਕੀਤੀ ਜ਼ੋਰਦਾਰ ਨਿੰਦਾ
Total Views: 93 ,
Real Estate



















