ਹਰਜਿੰਦਰ ਮੇਲਾ ਕਤਲ: ਕਤਲਕਾਂਡ ਦੇ 4 ਮੁਲਜਮ ਬਰੀ

ਪੁਲਿਸ ਦੇ ਪੁਖਤਾ ਸਬੂਤ ਜੁਟਾਉਣ ’ਚ ਅਸਫਲ ਰਹਿਣ ਅਤੇ ਜਾਂਚ ਦੌਰਾਨ ਊਣਤਾਈਆਂ ਰਹਿਣ ਤੋਂ ਇਲਾਵਾ ਪਤਨੀ ਦੀ ਗਵਾਹੀ ’ਚ ਸਾਰਥਿਕਤਾ ਨਾਂ ਹੋਣ ਕਾਰਨ ਜਿਲ੍ਹਾ ਅਦਾਲਤ ਬਠਿੰਡਾ ਵੱਲੋਂ ਮਾਲ ਰੋਡ ਤੇ ਸਥਿਤ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਕਤਲਕਾਂਡ ਦੇ 4 ਮੁਲਜਮਾਂ ਨੂੰ ਬਰੀ ਕਰਨ ਦੇ ਮਾਮਲੇ ਨੇ ਸ਼ਹਿਰ ਦੇ ਸਮਾਜਿਕ ਅਤੇ ਵਪਾਰਿਕ ਹਲਕਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਦੀ 28 ਅਕਤੂਬਰ 2023 ਸ਼ਾਮ ਨੂੰ ਉਨ੍ਹਾਂ ਦੀ ਕੁਲਚਾ ਸ਼ਾਪ ਦੇ ਬਾਹਰ ਕੁਰਸੀ ਤੇ ਬੈਠਿਆਂ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ । ਮੁਲਜਮਾਂ ’ਚ ਸ਼ੂਟਰ ਲਵਦੀਪ ਸਿੰਘ ਉਰਫ ਲਵੀ ਤੇ ਕਮਲਜੀਤ ਸਿੰਘ ਉਰਫ ਕੋਮਕਲਜੀਤ ਸਿੰਘ ਸ਼ਾਮਲ ਹਨ। ਇਸ ਤੋਂ ਬਿਨਾਂ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਦੇ ਪਿਤਾ ਚਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਉਰਫ ਪੰਮਾ ਨੂੰ ਪੁਲਿਸ ਨੇ ਦੋਸ਼ੀ ਵਜੋਂ ਨਾਮਜਦ ਕੀਤਾ ਸੀ।ਪੁਲਿਸ ਨੇ ਇੰਨ੍ਹਾਂ ਸਾਰਿਆਂ ਤੇ ਕਤਲ ਦੀ ਧਾਰਾ 302, ਅਪਰਾਧਿਕ ਸਜਿਸ਼ ਦੀ 120 ਬੀ ਅਤੇ ਅਸਲਾ ਐਕਟ ਦੀ ਧਾਰਾ 25 ਸਣੇ ਹੋਰ ਵੀ ਦੋਸ਼ ਆਇਦ ਕੀਤੇ ਸਨ ਪਰ ਪੁਲਿਸ ਸਬੂਤ ਜੁਟਾਉਣ ’ਚ ਅਸਫਲ ਰਹੀ। ਪੁਲਿਸ ਨੇ ਜੋ ਸਬੂਤ ਪੇਸ਼ ਕੀਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਵੀ ਸ਼ੱਕੀ ਮੰਨਿਆ ਗਿਆ ਹੈ। ਅਦਾਲਤ ਨੇ ਫੈਸਲੇ ’ਚ ਕਿਹਾ ਕਿ ਮੁਦਈ ਪੱਖ ਚਾਰਾਂ ਖਿਲਾਫ ਦੋਸ਼ ਸਾਬਿਤ ਕਰਨ ’ਚ ਫੇਲ੍ਹ ਰਿਹਾ ਹੈ। ਪੁਲਿਸ ਇਸ ਕੇਸ ’ਚ ਗੈਂਗਸਟਰ ਅਰਸ਼ ਡਾਲਾ ,ਸਾਧੂ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਹੈ। ਮੁਲਜਮਾਂ ਦੇ ਬਰੀ ਹੋਣ ਕਾਰਨ ਪੁਲਿਸ ਜਾਂਚ ਤੇ ਸਵਾਲ ਉੱਠੇ ਹਨ । ਕਾਨੂੰਨੀ ਮਾਹਿਰਾਂ ਮੁਤਾਬਕ ਪੁਲਿਸ ਨੇ ਮੁਲਜਮਾਂ ਦੀ ਸ਼ਿਨਾਖਤ ਤੋਂ ਲੈਕੇ ਹਥਿਆਰਾਂ ਦੀ ਬਰਾਮਦਗੀ ਤੇ ਸਬੂਤ ਇਕੱਠੇ ਕਰਨ ਮੌਕੇ ਏਦਾਂ ਦੀਆਂ ਖਾਮੀਆਂ ਛੱਡ ਦਿੱਤੀਆਂ ਜਿਸ ਦਾ ਸਿੱਧਾ ਲਾਹਾ ਮੁਲਜਮਾਂ ਨੂੰ ਮਿਲਿਆ ਅਤੇ ਉਹ ਅਦਾਲਤ ਚੋਂ ਬਰੀ ਹੋ ਗਏ।

Total Views: 162 ,
Real Estate