ਅਚਾਨਕ ਬ੍ਰੇਕ ਲਗਾਉਣ ਵਾਲੇ ਡਰਾਈਵਰ ਨੂੰ ਹਾਦਸੇ ਦੀ ਸੂਰਤ ’ਚ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ ’ਚ ਕਿਹਾ ਹੈ ਕਿ ਬਿਨਾਂ ਕਿਸੇ ਚੇਤਾਵਨੀ ਦੇ ਹਾਈਵੇਅ ਉਤੇ ਅਚਾਨਕ ਬਰੇਕ ਲਗਾਉਣ ਵਾਲੇ ਕਾਰ ਡਰਾਈਵਰ ਨੂੰ ਸੜਕ ਹਾਦਸੇ ਦੀ ਸੂਰਤ ’ਚ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ। ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਹਾਈਵੇਅ ਦੇ ਵਿਚਕਾਰ ਕਿਸੇ ਡਰਾਈਵਰ ਦੇ ਅਚਾਨਕ ਰੁਕਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਭਾਵੇਂ ਇਹ ਨਿੱਜੀ ਐਮਰਜੈਂਸੀ ਕਾਰਨ ਹੀ ਕਿਉਂ ਨਾ ਹੋਵੇ।ਬੈਂਚ ਲਈ ਫੈਸਲਾ ਲਿਖਣ ਵਾਲੇ ਜਸਟਿਸ ਧੂਲੀਆ ਨੇ ਕਿਹਾ ਕਿ ਹਾਈਵੇਅ ਉਤੇ ਗੱਡੀਆਂ ਦੇ ਤੇਜ਼ ਰਫਤਾਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਡਰਾਈਵਰ ਅਪਣੀ ਗੱਡੀ ਰੋਕਣਾ ਚਾਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੜਕ ਉਤੇ ਪਿੱਛੇ ਚੱਲ ਰਹੀਆਂ ਹੋਰ ਗੱਡੀਆਂ ਨੂੰ ਚੇਤਾਵਨੀ ਜਾਂ ਸਿਗਨਲ ਦੇਵੇ। ਇਹ ਫੈਸਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਐਸ. ਮੁਹੰਮਦ ਹਕੀਮ ਦੀ ਪਟੀਸ਼ਨ ਉਤੇ ਆਇਆ ਹੈ, ਜਿਸ ਦੀ ਖੱਬੀ ਲੱਤ 7 ਜਨਵਰੀ, 2017 ਨੂੰ ਕੋਇੰਬਟੂਰ ਵਿਚ ਇਕ ਸੜਕ ਹਾਦਸੇ ਤੋਂ ਬਾਅਦ ਕੱਟਣੀ ਪਈ ਸੀ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਕੀਮ ਦਾ ਮੋਟਰਸਾਈਕਲ ਇਕ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ ਜੋ ਅਚਾਨਕ ਰੁਕ ਗਈ ਸੀ। ਨਤੀਜੇ ਵਜੋਂ, ਹਕੀਮ ਸੜਕ ਉਤੇ ਡਿੱਗ ਪਿਆ ਅਤੇ ਪਿੱਛੋਂ ਆ ਰਹੀ ਬੱਸ ਨੇ ਉਸ ਨੂੰ ਕੁਚਲ ਦਿਤਾ। ਕਾਰ ਡਰਾਈਵਰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅਚਾਨਕ ਬਰੇਕ ਲਗਾ ਦਿਤੀ ਕਿਉਂਕਿ ਉਸ ਦੀ ਗਰਭਵਤੀ ਪਤਨੀ ਨੂੰ ਉਲਟੀਆਂ ਹੋਣ ਦਾ ਅਨੁਭਵ ਹੋਇਆ ਸੀ। ਹਾਲਾਂਕਿ, ਅਦਾਲਤ ਨੇ ਇਸ ਸਪੱਸ਼ਟੀਕਰਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿਤਾ, ‘‘ਕਾਰ ਡਰਾਈਵਰ ਵਲੋਂ ਹਾਈਵੇਅ ਦੇ ਵਿਚਕਾਰ ਅਚਾਨਕ ਅਪਣੀ ਕਾਰ ਰੋਕਣ ਲਈ ਦਿਤਾ ਗਿਆ ਸਪੱਸ਼ਟੀਕਰਨ ਕਿਸੇ ਵੀ ਨਜ਼ਰੀਏ ਤੋਂ ਵਾਜਬ ਸਪੱਸ਼ਟੀਕਰਨ ਨਹੀਂ ਹੈ।’’

Total Views: 191 ,
Real Estate