ਪੰਜਾਬ ਵਿੱਚ ਮੌਨਸੂਨ ਦੀ ਆਮਦ ਦੇ ਬਾਵਜੂਦ ਗਰਮੀ  

ਪੰਜਾਬ ਵਿੱਚ ਲੰਘੇ ਦਿਨ ਮੌਨਸੂਨ ਦੀ ਆਮਦ ਦੇ ਬਾਵਜੂਦ ਅੱਜ ਸੂਬੇ ਵਿੱਚ ਗਰਮੀ ਨੇ ਮੁੜ ਜ਼ੋਰ ਫੜ ਲਿਆ ਹੈ। ਅੱਜ ਸੂਬੇ ਦੇ ਲੁਧਿਆਣਾ, ਰੋਪੜ ਸਣੇ ਕੁਝ ਸ਼ਹਿਰਾਂ ਵਿੱਚ ਸਵੇਰੇ ਕਿਣ-ਮਿਣ ਹੋਈ ਹੈ, ਪਰ ਜ਼ਿਆਦਾਤਰ ਸ਼ਹਿਰਾਂ ਵਿੱਚ ਮੀਂਹ ਨਾ ਪੈਣ ਕਰਕੇ ਹੁੰਮਸ ਭਰੀ ਗਰਮੀ ਜਾਰੀ ਰਹੀ। ਅੱਜ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਫਰੀਦਕੋਟ ਵਿੱਚ ਗਰਮੀ ਵਧਣ ਦੇ ਨਾਲ ਹੀ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ’ਚ 5.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 26 ਜੂਨ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਜਦਕਿ 24, 25, 27, 28 ਤੇ 29 ਜੂਨ ਲਈ ਕਈ ਥਾਵਾਂ ’ਤੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਅੱਜ ਸਾਰਾ ਦਿਨ ਮੱਧਮ ਧੁੱਪ ਤੇ ਬੱਦਲਵਾਈ ਰਹੀ, ਪਰ ਹਵਾ ਨਾ ਚੱਲਣ ਕਰਕੇ ਹੁੰਮਸ ਭਰੀ ਗਰਮੀ ਪੈਂਦੀ ਰਹੀ ਹੈ। ਦੂਜੇ ਪਾਸੇ ਗਰਮੀ ਕਰਕੇ ਡਾਕਟਰਾਂ ਦੀਆਂ ਦੁਕਾਨਾਂ ’ਤੇ ਆਮ ਦਿਨਾਂ ਮੁਕਾਬਲੇ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚੇ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 37.2, ਲੁਧਿਆਣਾ ਵਿੱਚ 35, ਪਟਿਆਲਾ ਵਿੱਚ 37.2, ਪਠਾਨਕੋਟ ਵਿੱਚ 36.5, ਬਠਿੰਡਾ ਵਿੱਚ 41, ਗੁਰਦਾਸਪੁਰ ਵਿੱਚ 37.5, ਨਵਾਂ ਸ਼ਹਿਰ ਵਿੱਚ 34, ਫਤਹਿਗੜ੍ਹ ਸਾਹਿਬ ਵਿੱਚ 35.4, ਫਾਜ਼ਿਲਕਾ ਵਿੱਚ 39.7, ਫਿਰੋਜ਼ਪੁਰ ਵਿੱਚ 36.8, ਹੁਸ਼ਿਆਰਪੁਰ ਵਿੱਚ 34.7, ਜਲੰਧਰ ਵਿੱਚ 35.8, ਮੋਗਾ ਵਿੱਚ 36.6, ਮੁਹਾਲੀ ਵਿੱਚ 36, ਰੋਪੜ ਵਿੱਚ 34.4 ਅਤੇ ਸੰਗਰੂਰ ਵਿੱਚ 37 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
Total Views: 27 ,
Real Estate