✍️ਦਿਆਲ ਕੌਰ ਪਵਾਤ
ਬਚਪਨ ਵਿੱਚ ਨੀਤੂ( ਕਲਪਨਿਕ ਨਾਂ )ਆਪਣੀ ਮਾਂ ਨਾਲ ਆਪਣੇ ਪਿੰਡ ਦੇ ਨੇੜੇ ਹੀ ਨਾਲ ਦੇ ਪਿੰਡ ਇੱਕ ਰਿਸ਼ਤੇਦਾਰੀ ਵਿੱਚ ਦੋਨੇ ਮਾਵਾਂ ਧੀਆਂ ਗਈਆਂ | ਮਈ ਦਾ ਮਹੀਨਾ ਸੀ| ਗਰਮੀ ਬਹੁਤ ਜਿਆਦਾ ਸੀ।
ਨਦੀ ਤੇ ਪਾਰ ਪਿੰਡ ਸੀ| ਰਸਤੇ ਦੇ ਵਿੱਚ ਕੋਈ ਆਉਣ ਜਾਣ ਲਈ ਸਾਧਨ ਨਹੀਂ ਮਿਲਦਾ ਸੀ। ਲੋਕ ਸਾਈਕਲਾਂ ਤੇ ਹੀ ਜਾਂਦੇ ਸੀ | ਸਕੂਟਰ ਉਦੋਂ ਬਹੁਤ ਘੱਟ ਸੀ।
ਰਿਸ਼ਤੇਦਾਰੀ ਵਿੱਚ ਉਹ ਉਹ ਵੱਡੀ ਭੈਣ ਦੀ ਮਾਂ ਸੀ | ਨੀਤੂ ਦੀ ਵੱਡੀ ਭੈਣ ਦੀ ਮੌਤ ਹੋ ਚੁੱਕੀ ਸੀ | ਹੁਣ ਉਸ ਦੇ ਜੀਜੇ ਦਾ ਇਹ ਦੂਜਾ ਵਿਆਹ ਸੀ | ਉਸ ਦੇ ਜੀਜੇ ਦੀ ਉਹ ਪਤਨੀ ਉਸ ਦੀ ਭੈਣ ਹੀ ਲੱਗੀ | ਨੀਤੂ ਦੀ ਇਹ ਸਕੀ ਭੈਣ ਦੀ ਮਾਂ ਨਹੀਂ ਸੀ। ਜਿਉਂ ਹੀ ਘਰ ਪਹੁੰਚਦੀਆਂ ਹਨ | ਦੇਖਦੇ ਸਾਰ ਹੀ ਉਹ ਬੜੀ ਖੁਸ਼ ਹੋਈ |
“ਧੰਨ ਭਾਗ! ਧੰਨ ਭਾਗ!!ਅੱਜ ਮੇਰੀ ਭੈਣ ਮੈਨੂੰ ਮਿਲਣ ਲਈ ਆਈ ਹੈ |”
” ਭੈਣੇ, ਮੈਂ ਤਾਂ ਬਹੁਤ ਦਿਨਾਂ ਤੋਂ ਸੋਚ ਰਹੀ ਸੀ ਕਿ ਮੈਂ ਤੈਨੂੰ ਮਿਲ ਕੇ ਆਉਣਾ |”
ਮਾਸੀ ਜਦੋਂ ਬੋਲ ਰਹੀ ਸੀ| ਮਾਸੀ ਦੇ ਮੂੰਹੋਂ ਫੁੱਲ ਕਿਰ ਰਹੇ ਸੀ | ਬੈਠਣ ਲਈ ਮੰਜਾ ਡਾਹਿਆ |ਇਹ ਬਹੁਤ ਵਧੀਆ ਉਸ ਤੇ ਰੰਗ ਬਰੰਗੀ ਬਿਲਕੁਲ ਨਵੀਂ ਦਰੀ ਵਿਛਾ ਦਿੱਤੀ ਪਰ ਦਰੀ ਤੇ ਕੋਈ ਚਾਦਰ ਨਹੀਂ | ਜੋ ਘਰ ਵਿੱਚ ਹੁੰਦਾ ਸੀ ਮਹਿਮਾਨ ਨਿਵਾਜੀ ਲਈ ਬਹੁਤ ਹੁੰਦਾ ਸੀ। ਪਹਿਲਾਂ ਤਾਂ ਉਸਨੇ ਗਰਮ ਗਰਮ ਦੁੱਧ ਗੜਵੀ ਵਿੱਚ ਪਾ ਕੇ ਨੀਤੂ ਤੇ ਨੀਤੂ ਦੀ ਮਾਂ ਅੱਗੇ ਰੱਖ ਦਿੱਤਾ | ਫਿਰ ਉਹ ਦੁਪਹਿਰ ਦੀ ਰੋਟੀ ਤਿਆਰ ਕਰਨ ਲੱਗ ਪਈ| ਘਰ ਵਿੱਚ ਜੋ ਸਬਜ਼ੀ ਪਈ ਸੀ | ਉਹੀ ਉਸਨੇ ਫਟਾਫਟ ਬਣਾ ਦਿੱਤੀ | ਸਬਜੀ ਭਾਜੀ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਚੱਕੀ ਝੋ ਲਈ| ਨੀਤੂ ਬੜੇ ਗਹੁ ਨਾਲ ਆਪਣੀ ਮਾਸੀ ਨੂੰ ਕੰਮ ਕਰਦੀ ਦੇਖ ਰਹੀ ਸੀ| ਉਸ ਦੇ ਮੱਥੇ ਤੇ ਵੱਟ ਨਹੀਂ ਸੀ। ਉਹ ਬਹੁਤ ਖੁਸ਼ ਲੱਗਦੀ ਸੀ | ਨੀਤੂ ਦੇਖਦੀ ਸੀ ਕਿ ਮਾਸੀ ਚੱਕੀ ਵਿੱਚ ਕੀ ਪੀਹ ਰਹੀ ਹੈ ? ਇਹ ਕੋਈ ਦਾਲ ਜਾਂ ਆਟਾ ਨਹੀਂ ਪੀਹ ਰਹੀ ਸੀ | ਸਗੋਂ ਚੀਨੀ ਤੋਂ ਬੂਰਾ ਬਣਾ ਰਹੀ ਸੀ। ਜਦੋਂ ਸਾਰਾ ਸਮਾਨ ਤਿਆਰ ਹੋ ਗਿਆ | ਉਹ ਚੁੱਲੇ ਤੇ ਤਵਾ ਰੱਖ ਕੇ ਫੁਲਕੇ ਲਾਹਣ ਲੱਗੀ | ਇਸ ਤੋਂ ਪਹਿਲਾਂ ਉਸਨੇ ਥਾਲੀ ਵਿੱਚ ਕੌਲੀਆਂ ਰੱਖ ਕੇ ਸਬਜ਼ੀਆਂ ਤੇ ਦਹੀਂ, ਚੀਨੀ ਦਾ ਪੀਸਿਆ ਹੋਇਆ ਬੁਰਾ ਰੱਖ ਦਿੱਤਾ | ਬੁਰੇ ਵਿੱਚ ਗਰਮ ਕਰਕੇ ਦੇਸੀ ਘਿਓ ਪਾਇਆ ਤੇ ਦੋ ਦੋ ਫੁਲਕੇ ਰੱਖ ਕੇ ਨੀਤੂ ਤੇ ਨੀਤੂ ਦੀ ਮਾਂ ਅੱਗੇ ਰੱਖ ਦਿੱਤੇ | ਇਸ ਤੋਂ ਪਹਿਲਾਂ ਗੜਵੀ ਵਿਚਲੇ ਪਾਣੀ ਨਾਲ ਹੱਥ ਧੁਆਏ |ਨਵਾਂ ਨਕੋਰ ਧੋਲੀਆ ਹੱਥ ਸਾਫ਼ ਕਰਨ ਲਈ ਦਿੱਤਾ |
ਦੁਪਹਿਰ ਦਾ ਸਮਾਂ ਸੀ | ਗਰਮੀ ਵੀ ਬਹੁਤ ਜਿਆਦਾ ਸੀ | ਚੁੱਲੇ ਦੇ ਸੇਕ ਅੱਗੇ ਪਸੀਨਾ ਪਸੀਨਾ ਹੋਈ ਪਈ ਸੀ | ਉਸ ਦੇ ਚਿਹਰੇ ਤੇ ਬੜੀ ਮੁਸਕਰਾਹਟ ਸੀ | ਉਸ ਨੇ ਨੀਤੂ ਤੇ ਨੀਤੂ ਦੀ ਮਾਂ ਲਈ ਆਪਣੇ ਕੋਲ ਹੀ ਬੋਰੀਆਂ ਵਿਛਾ ਦਿੱਤੀਆਂ | ਖਾਣਾ ਪਰੋਸ ਦਿੱਤਾ| ਦੋਨੇ ਮਾਵਾਂ ਧੀਆਂ ਨੂੰ ਭੁੱਖ ਬਹੁਤ ਲੱਗੀ ਹੋਈ ਸੀ। ਪਤਾ ਹੀ ਨਹੀਂ ਲੱਗਿਆ |ਉਹ ਕਿੰਨੇ ਫੁਲਕੇ ਗਰਮ ਗਰਮ ਖਾਹ ਗਈਆਂ | ਦੇਸੀ ਘਿਓ ਵਾਲਾ ਬੂਰਾ ਤਾਂ ਨੀਤੂ ਨੂੰ ਹਰ ਸਮੇਂ ਯਾਦ ਰਹਿੰਦਾ ਸੀ |
ਹੁਣ ਚਰਨੋ ਵੀ ਵਿਹਲੀ ਹੋ ਗਈ ਸੀ| ਉਸ ਨੇ ਵੀ ਖਾਣਾ ਖਾਧਾ ਤੇ ਖਾਣੇ ਵਾਲੇ ਭਾਂਡੇ ਉਦੋਂ ਹੀ ਸਾਫ ਕਰ ਦਿੱਤੇ | ਫਿਰ ਉਹ ਨੀਤੂ ਤੇ ਨੀਤੂ ਦੀ ਮਾਂ ਕੋਲ ਆ ਕੇ ਬੈਠ ਗਈ| ਸ਼ਾਮ ਦੇ ਚਾਰ ਵੱਜੇ | ਨੀਤੂ ਦੀ ਮਾਂ ਉੱਠ ਕੇ ਤਿਆਰ ਹੋਣ ਲੱਗੀ, ਆਖਦੀ ਹੈ, “ਚੰਗਾ ਭੈਣੇ ਹੁਣ ਅਸੀਂ ਚੱਲੀਏ, ਹੌਲੀ ਹੌਲੀ ਜਾਵਾਂਗੇ ਤਾਂ ਅੱਧੇ ਪੌਣੇ ਘੰਟੇ ਵਿੱਚ ਅਸੀਂ ਘਰ ਪਹੁੰਚ ਜਾਵਾਂਗੀਆਂ|
“ਨਹੀਂ ਨਹੀਂ ਭੈਣ, ਤੁਸੀਂ ਇਦਾਂ ਨਹੀਂ ਜਾਣਾ| ਮੈਂ ਹੁਣੇ ਚਾਹ ਬਣਾ ਦਿੰਦੀ |ਚਾਹ ਪੀ ਕੇ ਜਾਇਓ |” ਇਹ ਗੱਲ ਕਹਿ ਕੇ ਉਹ ਚਾਹ ਬਣਾਉਣ ਲੱਗ ਪਈ| ਨੀਤੂ ਆਪਣੀ ਮਾਂ ਕੋਲ ਬੈਠੀ ਸਭ ਕੁਝ ਵੇਖ ਰਹੀ ਸੀ | ਕਿੰਨੀ ਚੰਗੀ ਮਾਸੀ ਹੈ | ਗਰਮੀ ਦੇ ਮਹੀਨੇ ਵਿੱਚ ਕਿੰਨੀ ਸੇਵਾ ਕਰ ਰਹੀ ਹੈ | ਪੰਜ ਮਿੰਟਾਂ ਵਿੱਚ ਹੀ ਮਾਸੀ ਚੁੱਲੇ ਤੇ ਚਾਹ ਬਣਾ ਕੇ ਲੈ ਆਈ | ਨੀਤੂ ਤੇ ਨੀਤੂ ਦੀ ਮਾਂ ਨੇ ਚਾਹ ਪੀਤੀ| ਮਾਸੀ ਨੇ ਜਾਣ ਵੇਲੇ ਨੀਤੂ ਨੂੰ ਪੰਜ ਰੁਪਏ ਵੀ ਦਿੱਤੇ | ਨੀਤੂ ਨੂੰ ਘੁੱਟ ਕੇ ਜੱਫੀ ਵਿੱਚ ਪਿਆਰ ਦਿੱਤਾ | ਮਾਸੀ ਨੇ ਉਹਨਾਂ ਨੂੰ ਖੁਸ਼ੀ ਖੁਸ਼ੀ ਵਿਦਾਅ ਕੀਤਾ ਫਿਰ ਉਹ ਆਪਣੇ ਘਰ ਨੂੰ ਤੁਰ ਪਈਆਂ | ਰਸਤੇ ਵਿੱਚ ਦੋਨੇ ਮਾਵਾਂ ਧੀਆਂ ਉਸਦੀ ਮਹਿਮਾਨ ਨਿਵਾਜੀ ਤੇ ਗੱਲਾਂ ਕਰਦੀਆਂ ਕਰਦੀਆਂ ਆਪਣੇ ਪਿੰਡ ਪਹੁੰਚ ਗਈਆਂ|
ਨੀਤੂ ਘਰ ਆ ਕੇ ਕਿੰਨੇ ਦਿਨ ਆਪਣੀ ਮਾਸੀ ਵੱਲੋਂ ਖਵਾਏ ਹੋਏ ਬੂਰੇ ਦੀ ਮਹਿਕ ਤੇ ਸਵਾਦ ਭੁੱਲ ਨਹੀਂ ਸਕੀ |ਹਰ ਵੇਲੇ ਨੀਤੂ ਨੇ ਆਖਣਾ, ” ਮਾਸੀ ਦੀ ਮਹਿਮਾਨ ਨਿਵਾਜੀ ਨੂੰ ਮੈਂ ਕਦੇ ਨਹੀਂ ਭੁੱਲ ਸਕਾਂਗੀ |”





















