1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ: ਨਵੀਆਂ ਫੀਸਾਂ ਜਾਰੀ

ਵਿਦੇਸ਼ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਜਾਂ ਨਵਾਂ ਪਾਸਪੋਰਟ ਬਣਵਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇੱਕ ਬੇਹੱਦ ਜ਼ਰੂਰੀ ਖ਼ਬਰ ਹੈ।  1 ਜੁਲਾਈ, 2026 ਤੋਂ ਪਾਸਪੋਰਟ ਬਣਵਾਉਣਾ ਕਾਫ਼ੀ ਮਹਿੰਗਾ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਬਦਲਾਅ ਕਰਦਿਆਂ ਫ਼ੀਸਾਂ ਵਿੱਚ ਵਾਧਾ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪਾਸਪੋਰਟ ਨਿਯਮ, 1980 ਵਿੱਚ ਸੋਧ ਕਰਕੇ ਪਾਸਪੋਰਟ ਅਤੇ ਟ੍ਰੈਵਲ ਡੌਕੂਮੈਂਟਸ (ਯਾਤਰਾ ਦਸਤਾਵੇਜ਼ਾਂ) ਦੀਆਂ ਫ਼ੀਸਾਂ ਵਧਾ ਦਿੱਤੀਆਂ ਹਨ। ਇਹ ਸੋਧੀਆਂ ਹੋਈਆਂ ਦਰਾਂ ‘ਗਜ਼ਟ ਆਫ਼ ਇੰਡੀਆ’ ਵਿੱਚ ਅਧਿਕਾਰਤ ਤੌਰ ‘ਤੇ ਨੋਟੀਫਾਈ ਕਰ ਦਿੱਤੀਆਂ ਗਈਆਂ ਹਨ। ਨਵੀਂ ਫ਼ੀਸ ਪ੍ਰਣਾਲੀ ਨੂੰ ਸ਼ਡਿਊਲ IV ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਬਿਨੈਕਾਰਾਂ ਨੂੰ ਸਧਾਰਨ ਅਤੇ ਤਤਕਾਲ ਦੋਵਾਂ ਸ਼੍ਰੇਣੀਆਂ ਦੇ ਪਾਸਪੋਰਟਾਂ ਲਈ ਪਹਿਲਾਂ ਨਾਲੋਂ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ, ਨਵੇਂ ਜਾਂ ਦੁਬਾਰਾ ਜਾਰੀ ਹੋਣ ਵਾਲੇ 36-ਪੇਜ ਦੇ ਪਾਸਪੋਰਟ ਦੀ ਸਧਾਰਨ ਫ਼ੀਸ ₹1,500 ਤੋਂ ਵਧਾ ਕੇ ₹2,500 ਕਰ ਦਿੱਤੀ ਗਈ ਹੈ, ਯਾਨੀ ਹੁਣ ਸਿੱਧਾ ₹1,000 ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ, ਤਤਕਾਲ ਸੇਵਾ ਤਹਿਤ ਪਾਸਪੋਰਟ ਬਣਵਾਉਣ ਵਾਲਿਆਂ ਨੂੰ ਹੁਣ ₹3,500 ਦੀ ਬਜਾਏ ₹5,000 ਦੇਣੇ ਪੈਣਗੇ, ਜਿਸ ਵਿੱਚ ₹1,500 ਦਾ ਵਾਧਾ ਹੋਇਆ ਹੈ।

Real Estate