ਸੁਰਜੀਤ ਪਾਤਰ ਨੂੰ ਸਮਰਪਿਤ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ

ਬਠਿੰਡਾ (ਪਰਮਿੰਦਰ ਸਿੰਘ ਸਿੱਧੂ)- ਸੁਰਜੀਤ ਪਾਤਰ ਜੀ ਦੀ ਸਿਮ੍ਰਤੀ ਨੂੰ ਸਮਰਪਿਤ ਸੱਤਵੇਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ 25.12.2024 ਤੋਂ 28.12.2024 ਤੱਕ ਟੀਚਰਜ਼ ਹੋਮ, ਬਠਿੰਡਾ ਵਿਖੇ ਆਯੋਜਤ ਕੀਤਾ ਗਿਆ। ਇਸਦੇ ਦੇ ਪਹਿਲੇ ਦਿਨ ਉਦਘਾਟਨੀ ਸ਼ੈਸ਼ਨ ਵਿੱਚ ‘ ਅਸੀਂ ਭਾਰਤ ਦੇ ਲੋਕ – ਸੰਵਿਧਾਨ, ਸਮਾਜ ਅਤੇ ਮੀਡੀਆ ‘ ਵਿਸ਼ੇ ਤੇ ਆਪਣੇ ਮੁੱਖ ਸੁਰ ਭਾਸ਼ਣ ਵਿੱਚ ਪ੍ਰਸਿੱਧ ਪੱਤਰਕਾਰ ਆਰਫਾ ਖਾਨਮ ਸ਼ੇਰਵਾਨੀ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਲੋਕਤੰਤਰ ਵੱਡੇ ਸੰਕਟ ਵਿੱਚ ਹੈ। ਆਜ਼ਾਦ ਪ੍ਰੈਸ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਗੰਭੀਰ ਖਤਰੇ ਪੈਦਾ ਹੋ ਗਏ ਹਨ। ਭਾਰਤ ਦੇ ਕਿਸਾਨ ਅੰਦੋਲਨਾਂ ਨੇ ਇੱਕ ਨਵੀਂ ਆਸ ਦੀ ਕਿਰਨ ਜਗਾਈ ਹੈ ਕਿ ਵੱਖ ਵੱਖ ਮੁਲਕਾਂ ਵਿੱਚ ਲੋਕ ਜਥੇਬੰਦ ਹੋ ਕੇ ਇਸ ਰੁਝਾਨ ਦੇ ਖਿਲਾਫ ਲੜ ਰਹੇ ਹਨ। ਉਹਨਾਂ ਕਿਹਾ ਕਿ ਗੋਦੀ ਮੀਡੀਆ ਦੇ ਮੁਕਾਬਲੇ ਬਦਲਵੇਂ ਮੀਡੀਏ ਨੇ ਲੋਕ ਆਵਾਜ਼ ਨੂੰ ਵੱਡੀ ਥਾਂ ਦਿੱਤੀ ਹੈ। ਮੁੱਖ ਮਹਿਮਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਹਰ ਦੌਰ ਵਿੱਚ ਸੱਤਾਧਾਰੀ ਧਿਰਾਂ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਨੂੰ ਸੱਚ ਦੀ ਆਵਾਜ਼ ਬੁਲੰਦ ਕਰਨ ‘ਤੇ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਪੀਪਲਜ਼ ਲਿਟਰੇਰੀ ਫੈਸਟੀਵਲ ਵਰਗੇ ਸਾਹਿਤਕ ਉਤਸਵ ਲੋਕਾਂ ਦੀ ਆਵਾਜ਼ ਬਣਦੇ ਹਨ।ਇਸ ਸ਼ੈਸ਼ਨ ਦਾ ਸੰਚਾਲਨ ਸਟਾਲਿਨਜੀਤ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਜਸਪਾਲ ਮਾਨਖੇੜਾ ਦੀ ਪੁਸਤਕ ‘ਮੈਂ ਹੁਣ ਉਹ ਨਹੀਂ’ ਅਤੇ ਕੁਲਵੰਤ ਕੌਰ ਸੰਧੂ ਦੀ ਪੁਸਤਕ ‘ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਨੇ’ ਰੀਲੀਜ਼ ਕੀਤੀਆਂ ਗਈਆਂ ।
ਉਦਘਾਟਨੀ ਸ਼ੈਸ਼ਨ ਵਿੱਚ ਸੁਰ ਆਂਗਣ,ਫਰੀਦਕੋਟ ਵੱਲੋਂ ਪ੍ਰੋਫੈਸਰ ਰਾਜੇਸ਼ ਮੋਹਨ ਦੀ ਅਗਵਾਈ ਵਿੱਚ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ, ਗੀਤਾਂ ਦਾ ਗਾਇਨ ਕੀਤਾ ਗਿਆ।
ਇਸ ਤੋਂ ਪਹਿਲ਼ਾਂ ਆਰਫਾ ਖਾਨਮ ਸ਼ੇਰਵਾਨੀ, ਜਸ ਮੰਡ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਜਿਸ ਵਿੱਚ ਪੰਜਾਬੀ, ਹਿੰਦੀ ਅੰਗਰੇਜ਼ੀ ਦੇ ਪੰਦਰਾਂ ਤੋਂ ਵੱਧ ਪ੍ਰਕਾਸ਼ਕਾਂ ਨੇ ਭਾਗ ਲਿਆ।
ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਦੂਜਾ ਸ਼ੈਸ਼ਨ ਭਾਰਤੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਤਸਕੀਨ ਦੀ ਪੁਸਤਕ ‘ ਪੰਜਾਬੀ ਲੋਕ-ਸੰਗੀਤ ਹਰੀ ਕ੍ਰਾਂਤੀ ਦੇ ਆਰ-ਪਾਰ ‘ ਦੇ ਪ੍ਰਸੰਗ ਵਿੱਚ ਵਿਚਾਰ ਚਰਚਾ ਨਾਲ ਆਰੰਭ ਹੋਇਆ। ਇਸ ਵਿਚਾਰ ਚਰਚਾ ਵਿੱਚ ਰਾਜਿੰਦਰ ਪਾਲ ਸਿੰਘ ਬਰਾੜ, ਬਾਬੂ ਸਿੰਘ ਮਾਨ, ਕੁਲਦੀਪ ਸਿੰਘ ਦੀਪ ਅਤੇ ਤਸਕੀਨ ਨੇ ਭਾਗ ਲਿਆ। ਤਸਕੀਨ ਨੇ ਕਿਹਾ ਕਿ ਜਦੋਂ ਕੋਈ ਵੀ ਕਲਾ ਮੰਡੀ ਦਾ ਸੰਦ ਬਣ ਜਾਂਦੀ ਹੈ ਤਾਂ ਉਹ ਲੋਕ ਵਿਰੋਧੀ ਬਣ ਜਾਂਦੀ ਹੈ। ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਗਾਇਕੀ ਵਿੱਚ ਹਥਿਆਰਾਂ ਅਤੇ ਨਸ਼ਿਆਂ ਦਾ ਜ਼ਿਕਰ ਖਤਰਨਾਕ ਰੁਝਾਨ ਹੈ। ਲੋਕ ਗਾਇਕ ਗੁਰਬਿੰਦਰ ਬਰਾੜ ਨੇ ਕਿਹਾ ਕਿ ਕੋਈ ਵੀ ਕਲਾਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ।ਕੁਮਾਰ ਜਗਦੇਵ ਨੇ ਬਦਲਦੇ ਹਾਲਾਤਾਂ ਵਿੱਚ ਗੀਤਕਾਰੀ ਦੇ ਸਮਾਜਕ ਪ੍ਰਸੰਗ ਦੀ ਗੱਲ ਕੀਤੀ।ਡਾ. ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਅਤੇ ਗਾਇਕੀ ਵੀ ਹੋਰਨਾਂ ਸਾਹਿਤ ਰੂਪਾਂ ਵਾਂਗ ਸਮਾਜਿਕ ਸੋਚ ਦਾ ਪ੍ਰਤੀਬਿੰਬ ਹੀ ਹੁੰਦੀ ਹੈ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਬਾਬੂ ਸਿੰਘ ਮਾਨ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਗੀਤਕਾਰੀ ਲਗਪਗ ਸਮਾਪਤ ਹੋ ਚੁੱਕੀ ਹੈ। ਸਿਰਫ ਸਾਜਾਂ ਦੇ ਸ਼ੋਰ ਵਿੱਚ ਸ਼ਬਦਾਂ ਦੀ ਭਰਤੀ ਕੀਤੀ ਜਾਂਦੀ ਹੈ। ਉਹਨਾਂ ਆਖਿਆ ਕਿ ਗੀਤਕਾਰੀ ਅਤੇ ਗਾਇਕੀ ਬਾਰੇ ਅਜਿਹੀਆਂ ਸੰਜੀਦਾਂ ਗੋਸ਼ਟੀਆਂ ਦੀ ਲੋੜ ਹੈ। ਇਸ ਮੌਕੇ ਉਹਨਾਂ ਅਨੇਕਾਂ ਗੀਤਾਂ ਦੇ ਪਿਛੋਕੜ ਬਾਰੇ ਚਰਚਾ ਕੀਤੀ।

ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਵਿਚਾਰ ਚਰਚਾ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪੰਜਾਬ ਦੀਆਂ ਵਿਭਿੰਨ ਸਮੱਸਿਆਵਾਂ ਨਵ-ਉਦਾਰਵਾਦੀ ਨੀਤੀਆਂ ਦੀ ਦੇਣ ਹਨ। ਕੋਈ ਵੀ ਰਾਜਸੀ ਧਿਰ ਇਸ ਕਾਰਪੋਰੇਟੀ ਸਿਕੰਜੇ ਪ੍ਰਤੀ ਗੰਭੀਰ ਨਹੀਂ ਹੈ। ਪਹਿਲੇ ਸੈਸ਼ਨ ਵਿੱਚ ‘ ਸਮਕਾਲੀ ਵਿਸ਼ਵ ਸਾਹਿਤ ‘ ਵਿਸ਼ੇ ਤੇ ਗੱਲ ਕਰਦਿਆਂ ਚਿੰਤਕ ਮਨਮੋਹਨ ਨੇ ਕਿਹਾ ਕਿ ਫਲਸਫੇ ਅਤੇ ਸਾਹਿਤ ਦੇ ਇੱਕ ਦੂਜੇ ਦੇ ਪੂਰਕ ਹਨ। ਇਤਿਹਾਸਕਾਰ ਸ਼ੁਭਾਸ ਪ੍ਰਹਾਰ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਹਾਲੇ ਵੀ ਪੰਜਾਬੀ ਭਾਸ਼ਾ ਨੂੰ ਗਿਆਨ ਅਤੇ ਵਿਗਿਆਨ ਦੀ ਭਾਸ਼ਾ ਬਣਾਉਣ ਲਈ ਬਹੁਤ ਉਪਰਾਲੇ ਕਰਨ ਦੀ ਲੋੜ ਹੈ। ਨਾਮਵਰ ਘੁਮੱਕੜ ਨਿਰਲੇਪ ਸਿੰਘ ਨੇ ਗੁਰੂ ਨਾਨਕ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸਫਰ ਅਤੇ ਸਾਹਿਤ ਦਾ ਆਪਸੀ ਰਿਸ਼ਤਾ ਬਹੁਤ ਡੂੰਘਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਮਸਨੂਈ ਬੁੱਧੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਤਕਨੀਕ ਦੁਆਰਾ ਮਨੁੱਖੀ ਸਭਿਅਤਾ ਵਿੱਚ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸੈਸ਼ਨ ਦੇ ਸੂਤਰਧਰ ਕੁਮਾਰ ਸੁਸ਼ੀਲ ਸਨ। ਗੁਰਪੰਥ ਗਿੱਲ ਅਤੇ ਸੈਮ ਗੁਰਵਿੰਦਰ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਮਨਮੋਹਨ ਦੀ ਪੁਸਤਕ ‘ਵਾਮਕੀ’ ਅਤੇ ਸੁਭਾਸ਼ ਪਰਿਹਾਰ ਦੀ ਪੁਸਤਕ ‘ ਸੁਭਾਸ਼ ਪਰਿਹਾਰ @ਸੋਸ਼ਲ ਮੀਡੀਆ’ ਜਾਰੀ ਕੀਤੀਆਂ ਗਈਆਂ।
ਦੂਜੇ ਸੈਸ਼ਨ ਵਿਚ ‘ ਪੰਜਾਬ ਦੀ ਡਿਜੀਟਲ ਪੱਤਰਕਾਰੀ ਅਤੇ ਸਮਾਜਕ ਜੁਆਬਦੇਹੀ ‘ ਵਿਸ਼ੇ ਤੇ ਭਰਵੀਂ ਚਰਚਾ ਵਿੱਚ ‘ ਦ ਕਾਰਵਾਂ ‘ ਦੀ ਸੀਨੀਅਰ ਪੱਤਰਕਾਰ ਜਤਿੰਦਰ ਕੌਰ ਤੁੜ ਨੇ ਕਿਹਾ ਡਿਜੀਟਲ ਮੀਡੀਆ ਨੇ ਹਾਸ਼ੀਆਗ੍ਰਸਤ ਲੋਕਾਂ ਨੂੰ ਆਵਾਜ਼ ਦਿੱਤੀ ਹੈ ਪ੍ਰੰਤੂ ਇਸਦਾ ਆਪਮੁਹਾਰਾਪਣ ਬਹੁਤੀ ਵਾਰ ਰਾਹੋਂ ਕੁਰਾਹੇ ਵੀ ਪਾ ਦਿੰਦਾ ਹੈ। ਫਿਰਕਾਪ੍ਰਸਤੀ ਅਤੇ ਧਾਰਮਿਕ ਕੱਟੜਤਾ ਦੇ ਰੁਝਾਨ ਨੂੰ ਨਕਾਰਨ ਦੀ ਲੋੜ ਹੈ। ‘ਦ ਸਿਟੀਜ਼ਨ ‘ ਦੇ ਐਸੋਸੀਏਟ ਸੰਪਾਦਕ ਰਾਜੀਵ ਖੰਨਾ ਨੇ ਵਿਊ ਅਤੇ ਰੈਵਨਿਉ ਦਾ ਨਾਗਵਲ ਡਿਜੀਟਲ ਪੱਤਰਕਾਰੀ ਦੀ ਆਤਮਾ ਨੂੰ ਮਾਰ ਰਿਹਾ ਹੈ। ਨਿਊਜ਼ ਕਲਿਕ ਦੇ ਸੀਨੀਅਰ ਪੱਤਰਕਾਰ ਸ਼ਿਵ ਇੰਦਰ ਸਿੰਘ ਨੇ ਡਿਜੀਟਲ ਪੱਤਰਕਾਰੀ ਦੀ ਤਾਕਤ ਅਤੇ ਸੱਤਾਧਾਰੀ ਧਿਰਾਂ ਦੀ ਚਾਲਾਂ ਨੂੰ ਪਛਾਣਨ ਦੀ ਲੋੜ ਹੈ। ਇਸ ਵਿਚਾਰ ਚਰਚਾ ਵਿਚ ਸੁਖਨੈਬ ਸਿੱਧੂ ਅਤੇ ਜੈਕ ਸਰਾਂ ਨੇ ਵੀ ਹਿੱਸਾ ਲਿਆ। ਸੈਸ਼ਨ ਦਾ ਸੰਚਾਲਣ ਰਾਜਪਾਲ ਸਿੰਘ ਨੇ ਕੀਤ
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਵਿਚਾਰ ਚਰਚਾ ਵਿੱਚ ਅਦਾਰਾ 23 ਮਾਰਚ ਵੱਲੋਂ ਦੋ ਬੈਠਕਾਂ ਵਿੱਚ ਆਧੁਨਿਕਤਾ, ਯੂਰੋ-ਕੇਂਦਰਿਤ ਵਿਚਾਰਧਾਰਾ, ਮਾਰਕਸਵਾਦ, ਰਾਸ਼ਟਰਵਾਦ ਅਤੇ ਕਿਸਾਨੀ/ਪੇਂਡੂ ਵਸੇਬ ਸਿਧਾਂਤਕ ਚਰਚਾ ਦੇ ਭਖਵੇਂ ਮੁੱਦੇ ਬਣੇ। ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਸਿਰਲੇਖ ਅਧੀਨ ਭਾਰਤ ਦੇ ਪ੍ਰਮੁੱਖ ਰਾਜਨੀਤੀ ਸਿਧਾਂਤਕਾਰ ਪ੍ਰੋ. ਆਦਿਤਯ ਨਿਗਮ ਨੇ ‘ ਯੂਰਪੀ ਵਿਚਾਰ ਦੀ ਭਾਰਤੀ ਹੋਣੀ ਦੇ ਸਨਮੁਖ ‘ਵਿਸ਼ੇ ਤੇ ਆਪਣੇ ਵਿਸਥਾਰਤ ਭਾਸ਼ਣ ਵਿੱਚ ਕਿਹਾ ਕਿ ਯੂਰਪ ਦਾ ਸਫ਼ਰ ਉਹਨਾਂ ਦਾ ਆਪਣਾ ਯੂਰਪੀਅਨ ਮਾਡਲ ਹੈ, ਸਾਡੇ ਸੰਦਰਭਾਂ ਉਤੇ ਇਸ ਨੂੰ ਇੰਨ-ਬਿੰਨ ਲਾਗੂ ਕਰਨ ਦੀ ਬਿਰਤੀ ਨੇ ਵੱਡੇ ਸੰਕਟ ਖੜੇ ਕੀਤੇ ਹਨ। ਉਦਯੋਗੀਕਰਨ, ਤਕਨੀਕੀ ਤਰੱਕੀ ਦੇ ਜਾਪ ਨੇ ਸਾਨੂੰ ਢੁੱਕਵੇਂ, ਬਦਲਵੇਂ ਚਿੰਤਨੀ ਸੋਮਿਆਂ ਤੋਂ ਕਾਫ਼ੀ ਦੂਰ ਰੱਖਿਆ ਹੈ। ਕਿਰਸਾਣੀ ਖ਼ਤਮ ਨਹੀਂ ਹੋ ਰਹੀ ਸਗੋਂ ਸੰਸਾਰ ਪ੍ਰਬੰਧ ਵਿੱਚ ਕਿਰਸਾਣੀ ਦਾ ਅਸਰ ਵਧ ਰਿਹਾ ਹੈ। ਇਸ ਵਧ ਰਹੇ ਅਸਰ ਨੂੰ ਹਾਲੇ ਢੁੱਕਵੇਂ ਸਿਧਾਂਤਕ ਚੌਖਟੇ ਵਿੱਚ ਬੰਨਣ ਦੀ ਵੰਗਾਰ ਸਾਡੇ ਸਾਹਮਣੇ ਖੜੀ ਹੈ।

‘ ਪੰਜਾਬੀ ਪੇਂਡੂ ਵਸੇਬ ਦਾ ਹੁਸਨ ਇਖ਼ਲਾਕ ‘ ਸਿਰਲੇਖ ਵਾਲੀ ਦੂਜੀ ਬੈਠਕ ਵਿੱਚ ਪ੍ਰੋ. ਸ਼ੁਭਪ੍ਰੇਮ ਬਰਾੜ ਨੇ ਜਸਵੰਤ ਸਿੰਘ ਕੰਵਲ ਦੇ ਨਾਵਲ ਪੂਰਨਮਾਸ਼ੀ ਵਿੱਚ ਪੰਜਾਬੀ ਪਿੰਡ ਦੇ ਸੰਕਲਪ ਅਤੇ ਹਸਤੀ ਬਾਰੇ ਆਪਣੀ ਪੜਤ ਰੱਖੀ। ਅਰਥ ਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ ਨੇ ਖੇਤਰੀ ਖੋਜ ਕਾਰਜ ਦੀਆਂ ਲੱਭਤਾਂ ਸਾਂਝੀਆਂ ਕੀਤੀਆਂ ਅਤੇ ਪਿੰਡ ਪੱਧਰ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਸਦਕਾ ਪਿੰਡ ਨੂੰ ਤਕੜਿਆਂ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਸਾਨ ਖ਼ੁਦਕਸ਼ੀਆਂ ਨੂੰ ਸਮਾਜਕ ਕਤਲ ਦਾ ਨਾਂ ਦੇਣ ਦੀ ਵਕਾਲਤ ਕੀਤੀ।ਇਤਿਹਾਸਕਾਰ ਅਤੇ ਡਾਇਰੈਕਟਰ ਅਦਾਰਾ 23 ਮਾਰਚ ਸੁਮੇਲ ਸਿੰਘ ਸਿੱਧੂ ਨੇ ਸੁਰਜੀਤ ਪਾਤਰ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪਾਸ਼, ਅਮਿਤੋਜ ਆਦਿ ਦੇ ਕਾਵਿ-ਹਵਾਲਿਆਂ ਨਾਲ ਪਿੰਡ ਦੀ ਸਿਮਰਤੀ ਅਤੇ ਸੰਭਾਵਨਾ ਦੇ ਬਰਅਕਸ ਸ਼ਹਿਰੀ ਵਸੇਬ ਦੀ ਉਦਾਸੀਨਤਾ, ਬੇਗਾਨਗੀ ਅਤੇ ਪੰਜਾਬ ਤੋਂ ਬੇਮੁੱਖ ਹੋਣ ਦੇ ਵਰਤਾਰੇ ਨੂੰ ਉਘਾੜਿਆ। ਇਹਨਾਂ ਦਿਲਚਸਪ ਸ਼ੈਸ਼ਨਾਂ ਵਿੱਚ ਸਰੋਤਿਆਂ ਵੱਲੋਂ ਭਰਵੀਂ ਸ਼ਮੂਲੀਅਤ ਸਵਾਲ ਜਵਾਬਾਂ ਦੇ ਰੂਪ ਵਿੱਚ ਕੀਤੀ ਗਈ।

ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਚੌਥੇ ਅਤੇ ਆਖਰੀ ਦਿਨ ਦੀ ਚਰਚਾ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਧਰਮ ਅਤੇ ਭਾਸ਼ਾ ਕਦੇ ਵੀ ਰਾਸ਼ਟਰਵਾਦ ਦਾ ਅਧਾਰ ਨਹੀਂ ਹੋ ਸਕਦੇ। ਫਾਸ਼ੀਵਾਦ ਅਤੇ ਸਮਕਾਲ ਵਿਸ਼ੇ ‘ਤੇ ਆਪਣਾ ਕੁੰਜੀਵਤ ਭਾਸ਼ਣ ਦਿੰਦਿਆਂ ਚਿੰਤਕ ਡਾ.ਪਰਮਿੰਦਰ ਸਿੰਘ ਨੇ ਇਤਿਹਾਸ ਅਤੇ ਬਸਤੀਵਾਦੀ ਦੌਰ ਦੀਆਂ ਮਿਸਾਲਾਂ ਦੇ ਕੇ ਇਹ ਨੁਕਤੇ ਉਭਾਰੇ ਕਿ ਸਾਮਰਾਜੀ ਅਤੇ ਬਸਤੀਵਾਦੀ ਤਾਕਤਾਂ ਸਮਾਜ ਵਿੱਚ ਲੋਕਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਧਰਮ ਅਤੇ ਭਾਸ਼ਾ ਦੀਆਂ ਸਮਾਜ ਵਿੱਚ ਸੌੜੀਆਂ ਵੰਡੀਆਂ ਖੜੀਆਂ ਕਰਦੇ ਰਹੇ। ਸਿੱਟੇ ਵਜੋਂ ਦੁਨੀਆਂ ਵਿੱਚ ਗੈਰ ਕੁਦਰਤੀ ਵੰਡਾਂ ਅਤੇ ਹਿੰਸਾਂ ਦਾ ਸਾਹਮਣਾ ਮਜ਼ਲੂਮ ਲੋਕਾਂ ਨੂੰ ਕਰਨਾ ਪਿਆ।
ਸਵਰਨ ਸਿੰਘ ਦੀ ਅਗਵਾਈ ਵਿੱਚ ਰਸੂਲਪੁਰ ਕਵੀਸ਼ਰੀ ਜੱਥੇ ਵੱਲੋਂ ਇਨਕਲਾਬੀ ਕਵੀਸ਼ਰੀ ਦੀ ਪੇਸ਼ਕਾਰੀ ਦਿੱਤੀ ਗਈ। ਇਸ ਸ਼ੈਸ਼ਨ ਦਾ ਸੰਚਾਲਨ ਡਾ. ਨੀਤੂ ਵੱਲੋਂ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ.ਤਰਲੋਕ ਬੰਧੂ ਨੇ ਕਿਹਾ ਕਿ ਅਜਿਹੇ ਲਿਟਰੇਰੀ ਫੈਸਟੀਵਲ ਲੋਕ ਚੇਤਨਾ ਨੂੰ ਪੈਦਾ ਕਰਨ ਵਿੱਚ ਵੱਡਾ ਰੋਲ ਨਿਭਾਉਂਦੇ ਹਨ।
ਇਸ ਮੌਕੇ ਕੇਂਦਰੀ ਲੇਖਕ ਸਭਾ ਸਿਰਸਾ ਅਤੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦਾ ਲੋਕ ਪੱਖੀ ਕਾਰਜਾਂ ਲਈ ਸਨਮਾਨ ਕੀਤਾ ਗਿਆ।
ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਆਖਰੀ ਸ਼ੈਸ਼ਨ ਡਾ. ਸਾਹਿਬ ਸਿੰਘ ਵੱਲੋਂ ਨਾਟਕ ‘ ਸੰਮਾਂ ਵਾਲੀ ਡਾਂਗ’ ਦੀ ਪੇਸ਼ਕਾਰੀ ਨਾਲ ਆਪਣੇ ਸਿਖਰ ਪਹੁੰਚ ਗਿਆ। ਆਹਲਾ ਅਦਾਕਾਰੀ ਅਤੇ ਮਜ਼ਬੂਤ ਸਕਰਿਪਟ ਨੇ ਦਰਸ਼ਕਾਂ ਨੂੰ ਆਪਣੇ ਨਾਲ ਵਹਾ ਲਿਆ। ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਲੱਗੀ ਪੁਸਤਕ ਪ੍ਰਦਰਸ਼ਨੀ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਉਂਦਿਆਂ ਸੈਂਕੜੈ ਮਨਪਸੰਦ ਪੁਸਤਕਾਂ ਦੀ ਖਰੀਦਦਾਰੀ ਕੀਤੀ। ਫੋਟੋਗ੍ਰਾਫਰ ਵਰਿੰਦਰ ਸ਼ਰਮਾਂ ‘ ਰੰਗ ਕੁਦਰਤ ਦੇ’ ਸਿਰਲੇਖ ਅਧੀਨ ਪੰਛੀਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ।ਸਕੂਲੀ ਵਿਦਿਆਰਥੀਆਂ ਦੇ ਮੌਲਿਕ ਲਿਖਤ ਦੇ ਮੁਕਾਬਲੇ ਕਰਵਾਏ ਗਏ। ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਲੋਕਾਂ ਨੇ ਸ਼ਹਿਦ ਅਤੇ ਗੁੜ ਦੀਆਂ ਸਟਾਲਾਂ ਵਿੱਚ ਵੀ ਦਿਲਚਸਪੀ ਦਿਖਾਈ। ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ, ਭਾਸ਼ਾ ਵਿਭਾਗ ਪੰਜਾਬ, ਅਦਾਰਾ 23 ਮਾਰਚ ਨੇ ਪੀਪਲਜ਼ ਲਿਟਰੇਰੀ ਫ਼ੈਸਟੀਵਲ ਆਯੋਜਤ ਕਰਨ ਵਿੱਚ ਵਡਮੁੱਲਾ ਸਹਿਯੋਗ ਦਿੱਤਾ।

Total Views: 19 ,
Real Estate