ਹਰਚਰਨ ਸਿੰਘ ਪ੍ਰਹਾਰ
ਸਿੱਖਾਂ ਦੇ ਵੱਖ-ਵੱਖ ਧਾਰਮਿਕ ਤੇ ਸਿਆਸੀ ਧੜੇ, ਸੰਸਥਾਵਾਂ, ਜਥੇਬੰਧੀਆਂ, ਸਿੱਖ ਵਿਦਵਾਨ, ਪ੍ਰਚਾਰਕ ਆਦਿ ਪਿਛਲੇ 50-60 ਸਾਲਾਂ ਤੋਂ ਅਕਾਲ ਤਖਤ ਦੇ ਜਥੇਦਾਰਾਂ ਕੋਲ਼ ਆਪਣੇ ਧਾਰਮਿਕ ਤੇ ਸਿਆਸੀ ਮਸਲੇ ਲੈ ਕੇ ਜਾਂਦੇ ਰਹੇ ਹਨ।ਜਿਨ੍ਹਾਂ ਦਾ ਕਦੇ ਕੋਈ ਸਾਰਥਕ ਹੱਲ ਨਹੀਂ ਹੋਇਆ।ਕਾਰਨ ਸਪੱਸ਼ਟ ਹੈ ਕਿ ਜਿਨ੍ਹਾਂ ਤਖਤਾਂ ਅਤੇ ਉਨ੍ਹਾਂ ਉਪਰ ਬੈਠੇ ਜਥੇਦਾਰਾਂ ਨੂੰ ਗੁਰੂ ਸਾਹਿਬਾਨ ਨਾਲ਼ ਜੋੜ ਕੇ ਸਰਬਉਚ ਬਣਾਈ ਬੈਠੇ ਹਾਂ, ਉਨ੍ਹਾਂ ਕੋਲ਼ ਨਾ ਹੀ ਅਜਿਹੇ ਮਸਲਿਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ ਅਤੇ ਨਾ ਹੀ ਉਨ੍ਹਾਂ ਦਾ ਬੌਧਿਕ ਪੱਧਰ ਅਜਿਹਾ ਹੈ ਕਿ ਉਹ ਦੁਨੀਆਂ ਭਰ ਵਿੱਚ ਵੱਸਦੇ ਵੱਡੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਸਮਝ ਸਕਣ ਜਾਂ ਮਾਡਰਨ ਵਰਲਡ ਦੀਆਂ ਤਲਖ ਹਕੀਕਤਾਂ ਅਨੁਸਾਰ ਕੋਈ ਨਿਰਪੱਖ ਫੈਸਲਾ ਹੀ ਕਰ ਸਕਣ।
ਬਹੁਤੀ ਵਾਰ ਅਜਿਹਾ ਵੀ ਵਾਪਰਿਆ ਹੈ ਕਿ ਇਨ੍ਹਾਂ ਉਚ ਅਹੁਦਿਆਂ ‘ਤੇ ਬਿਰਾਜਮਾਨ ਆਪਣੇ ਆਪ ਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਅਵਤਾਰ ਸਮਝਣ ਦਾ ਭਰਮ ਪਾਲ਼ੀ ਬੈਠੇ ‘ਸਿੰਘ ਸਾਹਿਬਾਨ’ ਫੈਸਲੇ ਲੈਣ ਸਮੇਂ ਬੜੇ ਬੌਨੇ ਸਾਬਿਤ ਹੋਏ ਹਨ ਅਤੇ ਇਨ੍ਹਾਂ ਦੇ ਬਹੁਤੇ ਫੈਸਲੇ ਆਪਣੇ ਸਿਆਸੀ ਆਕਾਵਾਂ ਦੀਆਂ ਇਛਾਵਾਂ ਅਨੁਸਾਰ ਹੁੰਦੇ ਹਨ।ਪਿਛਲੇ ਸਮੇਂ ‘ਚ ਇਨ੍ਹਾਂ ਨੂੰ ਸਰਬਉਚ ਅਹੁਦਿਆਂ ‘ਤੇ ਥਾਪਣ ਵਾਲ਼ੇ ਸਿਆਸੀ ਮਾਲਕ ਆਪਣੇ ਜਾਤੀ ਤੇ ਜਮਾਤੀ ਹਿੱਤਾਂ ਅਨੁਸਾਰ ਬੜੇ ਬੇਇੱਜਤ ਕਰਕੇ ਬਾਹਰ ਦਾ ਰਸਤਾ ਦਿਖਾਉਂਦੇ ਰਹੇ ਹਨ।
ਸਿੱਖ ਸਮਾਜ ਦੀ ਦੇਸ਼-ਵਿਦੇਸ਼ ਵਿਚਲੀ ਬਹੁ-ਗਿਣਤੀ, ਧਾਰਮਿਕ ਤੇ ਸਿਆਸੀ ਲੀਡਰਸ਼ਿਪ ਦੇ ਨਾਲ਼-ਨਾਲ਼ ਬੁੱਧੀਜੀਵੀ ਤੇ ਪ੍ਰਚਾਰਕ ਵਰਗ ਬੌਧਿਕ ਕੰਗਾਲੀ ਦਾ ਸ਼ਿਕਾਰ ਹੈ।ਸਿੱਖ ਸਮਾਜ ਅਤੇ ਸਿੱਖ ਸੰਸਥਾਵਾਂ ‘ਤੇ ਕਾਬਿਜ਼ ਧੜਿਆਂ ਦੀ ਇਹ ਤਰਾਸਦੀ ਹੈ ਕਿ ਜਦੋਂ ਕੋਈ ਮਸਲਾ ਉਲਝ ਜਾਂਦਾ ਹੈ ਤਾਂ ਇਹ ਮਾਡਰਨ ਵਰਲਡ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਨੁਸਾਰ ਸੋਚ-ਵਿਚਾਰ ਕੇ ਕੋਈ ਹੱਲ ਕਰ ਦੀ ਥਾਂ ਕਿਸੇ ਸਰਬ-ਸਮਰੱਥ ਸ਼ਕਤੀ ਕੋਲੋਂ ਮਦਾਰੀ ਦੇ ਝੁਰਲੂ ਨਾਲ ਹੱਲ ਕਰਵਾਉਣਾ ਚਾਹੁੰਦੇ ਹਨ।
ਇੱਕ ਵਿਚਾਰ ਵਾਲ਼ਾ ਤੱਥ ਇਹ ਵੀ ਹੈ ਕਿ ਇਹ ਮਾਮਲੇ ਵੀ ਉਸ ਸੰਸਥਾ ਕੋਲ ਲਿਜਾਂਦੇ ਹਨ, ਜਿਸਦਾ ਆਪਣਾ ਕੋਈ ਵਿਧੀ-ਵਿਧਾਨ ਹੀ ਨਹੀਂ ਹੈ।ਜਿਸਦੇ ਜਥੇਦਾਰਾਂ ਨੂੰ ਵੀ ਆਪਣੇ ਅਧਿਕਾਰਾਂ ਅਤੇ ਕਾਰਜ ਖੇਤਰ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ।ਤਕਰੀਬਨ 20 ਕੁ ਸਾਲ ਪਹਿਲਾਂ ਜਥੇਦਾਰ ਜੁਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਕਾਰਕਾਲ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਪੰਜ ਸਿੰਘ ਸਾਹਿਬਾਨ ਨੂੰ ਲਗਾਉਣ, ਹਟਾਉਣ ਦੇ ਵਿਧੀ-ਵਿਧਾਨ, ਕਾਰਜ ਖੇਤਰ ਬਾਰੇ ਲਿਖਤੀ ਗਾਈਡ ਲਾਈਨ ਬਣਾਈ ਜਾਵੇ।ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਸਿੱਖ ਵਿਦਵਾਨਾਂ ਦੀ ਕਮੇਟੀ ਵੀ ਬਣਾਈ ਸੀ, ਪਰ ਦੋ ਦਹਾਕੇ ਬੀਤਣ ਬਾਅਦ ਉਸਦਾ ਕੀ ਬਣਿਆ, ਕਿਸੇ ਨੂੰ ਕੁਝ ਪਤਾ ਨਹੀਂ? ਜਿਵੇਂ ਪਿਛਲੇ ਸਾਲ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ 5-7 ਹਜ਼ਾਰ ਸਾਥੀਆਂ ਦੀ ਭੀੜ ਨਾਲ਼ ਗੁਰੂ ਗ੍ਰੰਥ ਸਾਹਿਬ ਦੀ ਓਟ ‘ਚ ਥਾਣੇ ‘ਤੇ ਕਬਜਾ ਕਰ ਲਿਆ ਸੀ ਤਾਂ ਜਥੇਦਾਰਾਂ ਨੇ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਸੀ, ਤਕਰੀਬਨ ਦੋ ਸਾਲ ਬੀਤਣ ਤੋਂ ਬਾਅਦ ਕੋਈ ਨਹੀਂ ਦੱਸ ਸਕਦਾ, ਕੀ ਉਸ ਕਮੇਟੀ ਕੋਈ ਰਿਪੋਰਟ ਦਿੱਤੀ? ਜੇ ਨਹੀਂ ਦਿੱਤੀ ਤਾਂ ਕੀ ਜਥੇਦਾਰਾਂ ਨੇ ਉਨ੍ਹਾਂ ਨੂੰ ਪੁੱਛਿਆ? ਜੇ ਦਿੱਤੀ ਸੀ ਤਾਂ ਜਥੇਦਾਰਾਂ ਨੁ ਜਨਤਕ ਕਿਉਂ ਨਹੀਂ ਕੀਤੀ ਜਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ?
ਪੰਥ ਨੂੰ ਹਮੇਸ਼ਾਂ ਕੋਈ ਮੁੱਦਾ ਚਾਹੀਦਾ ਹੈ, ਰੌਲ਼ਾ-ਰੱਪਾ ਪਾਉਣ ਲਈ, ਇਹ ਮੁੱਦਾ ਉਤਨਾ ਚਿਰ ਹੀ ਚੱਲਦਾ ਹੈ, ਜਿਤਨੀ ਦੇਰ ਕੋਈ ਮੁੱਦਾ ਆ ਨਾ ਜਾਵੇ ਜਾਂ ਬਣਾ ਨਾ ਲਿਆ ਜਾਵੇ? ਤੁਸੀਂ ਬਹੁਤ ਪਿੱਛੇ ਨਾ ਜਾਉ, ਪਿਛਲੇ 10-15 ਸਾਲਾਂ ਦੀਆਂ ਅਖ਼ਬਾਰਾਂ ਦੇਖ ਲਉ, ਕਿਤਨੇ ਮੁੱਦੇ ਆਏ, ਕਿਤਨੇ ਗਏ? ਫਰ ਕਦੇ ਕਿਸੇ ਦਾ ਹੱਲ ਨਿਕਲ਼ਿਆ ਹੋਵੇ? ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਨਵੇਂ ਮੁੱਦੇ ਬਾਅਦ ‘ਚ ਦੇਖਾਂਗੇ, ਪਹਿਲਾਂ ਪਿਛਲਿਆਂ ਬਾਰੇ ਦੱਸੋ, ਕੀ ਹੋਇਆ ਸੀ?
ਜਦੋਂ ਜਥੇਦਾਰ ਵੇਦਾਂਤੀ ਨੂੰ ਬੇਇੱਜ਼ਤ ਹੋ ਕੇ 2008 ਵਿੱਚ ਰੁਖਸਤ ਹੋਣਾ ਪਿਆ ਤਾਂ ਚਾਹੀਦਾ ਤਾਂ ਇਹ ਸੀ ਕਿ ਅਗਲਾ ਜਥੇਦਾਰ ਉਦੋਂ ਤੱਕ ਅਹੁਦਾ ਨਾ ਸੰਭਾਲਦਾ, ਜਦੋਂ ਤੱਕ ਅਕਾਲ ਤਖਤ ਦੀ ਸੰਸਥਾ ਅਤੇ ਜਥੇਦਾਰਾਂ ਬਾਰੇ ਸ਼੍ਰੋਮਣੀ ਕਮੇਟੀ ਕੋਈ ਵਿਧੀ ਵਿਧਾਨ ਅਤੇ ਕਾਰਜ ਖੇਤਰ ਨਿਰਧਾਰਤ ਨਾ ਕਰਦੀ।ਪਰ ਉਥੇ ਤਾਂ ਗ੍ਰੰਥੀਆਂ ਦੀ ਲਾਈਨ ਲੱਗੀ ਰਹਿੰਦੀ ਹੈ ਕਿ ਕਿਵੇਂ ਨਾ ਕਿਵੇਂ ਇਨ੍ਹਾਂ ਅਹੁਦਿਆਂ ‘ਤੇ ਪਹੁੰਚ ਕੇ ਜਿਤਨਾ ਸਮਾਂ ਮਿਲ਼ੇ, ਨਿੱਜੀ ਲਾਭ ਲਏ ਜਾ ਸਕਣ।ਹਰ ਇੱਕ ਦੀ ਦੌੜ ਇਸ ਸੰਸਥਾ ਅਤੇ ਇੱਥੇ ਬੈਠੇ ਗ੍ਰੰਥੀਆਂ ਨੂੰ ਸਰਬਉਚ ਪੇਸ਼ ਕਰਕੇ ਆਪਣੇ ਜਾਤੀ ਤੇ ਜਮਾਤੀ ਹਿੱਤਾਂ ਲਈ ਵਰਤਣ ਦੀ ਹੈ।
ਮੇਰਾ ਮੰਨਣਾ ਹੈ ਕਿ ਸਿੱਖ ਜਮਾਤੀ ਤੌਰ ‘ਤੇ ਪਿਛਲੇ 150 ਸਾਲਾਂ ਵਿੱਚ ਆਪਣਾ ਕੋਈ ਮਸਲਾ ਹੱਲ ਨਹੀਂ ਕਰ ਸਕੇ।ਜਿਹੜੇ ਹੱਲ ਕਰਨ ਦੇ ਦਾਅਵੇ ਕੀਤੇ ਗਏ, ਉਹ ਹੱਲ ਹੋਣ ਦੀ ਥਾਂ ਹੋਰ ਉਲਝਾ ਦਿੱਤੇ ਗਏ ਹਨ।ਇਨ੍ਹਾਂ ਉਲਝਿਆਂ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਹੋਰ ਉਲਝ ਕੇ ਅਨੇਕਾਂ ਨਵੇਂ ਮਸਲੇ ਖੜੇ ਕਰ ਲਏ ਗਏ ਹਨ।ਕਿਸੇ ਵੀ ਮਸਲੇ ਲਈ ਆਪਣੀ ਜ਼ਿੰਮੇਵਾਰੀ ਲੈਣ ਦੀ ਥਾਂ ਕੋਈ ਨਾ ਕੋਈ ਵਿਰੋਧੀ ਲੱਭ ਕੇ ਸਾਰਾ ਦੋਸ਼ ਉਸ ਉਪਰ ਮੜ੍ਹ ਦਿੱਤਾ ਜਾਂਦਾ ਰਿਹਾ ਹੈ।ਮੇਰੀ ਸਮਝ ਅਨੁਸਾਰ ਇਸਦਾ ਕਾਰਨ ਇਹ ਹੈ ਕਿ 18ਵੀਂ ਸਦੀ ਦਾ ਸਮਾਂ ਵਿਦੇਸ਼ੀ ਹਮਲਾਵਰਾਂ ਨਾਲ਼ ਜੰਗਾਂ ਯੁੱਧਾਂ ਦਾ ਸੀ, ਜਿਸ ਵਿੱਚ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ।ਪਰ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਲਾਭ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿੱਜੀ ਰਾਜ ਕਾਇਮ ਕਰ ਲਿਆ।ਫਿਰ ਅੰਗਰੇਜ਼ ਆਏ ਤਾਂ ਉਨ੍ਹਾਂ ਨੇ ਸਿੱਖਾਂ ਦੇ ਬਹਾਦਰੀ ਵਾਲ਼ੇ ਜਜ਼ਜ਼ਬੇ ਨੂੰਸ ਆਪਣੀ ਫੌਜ ਵਿੱਚ ਭਰਤੀ ਕਰਕੇ ਵਰਤਿਆ।ਅਜਿਹੇ ਮਾਹੌਲ ਵਿੱਚ ਸਿੱਖਾਂ ਵਿੱਚ ਉਹ ਲੋਕ ਹੀ ਭਾਰੂ ਰਹੇ, ਜੋ ਗਰਮ ਸੁਰ ਰੱਖਦੇ ਸਨ।ਜਿਸ ਨਾਲ਼ ਹੌਲ਼ੀ-ਹੌਲ਼ੀ ਸਭ ਪਾਸੇ ਪੜ੍ਹੇ-ਲਿਖੇ, ਸੋਚਵਾਨ ਲੋਕਾਂ ਨੂੰ ਪਰ੍ਹਾਂ ਧੱਕ ਦਿੱਤਾ ਗਿਆ।ਹਰ ਪਾਸੇ ਸਵਾਰਥੀ, ਮੌਕਾਪ੍ਰਸਤ ਤੇ ਚਾਪਲੂਸ ਲੋਕ ਹੀ ਕਾਬਿਜ ਹੋ ਗਏ।ਹੁਣ ਤੁਹਾਨੂੰ ਇੱਕ ਪਿੰਡ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਹਰ ਥਾਂ ਅਜਿਹੇ ਲੋਕ ਹੀ ਭਾਰੂ ਦਿਸਣਗੇ।ਆਮ ਲੋਕ, ਸੂਝਵਾਨ ਤੇ ਪੜ੍ਹ-ਲਿਖੇ ਚੁੱਪ ਹੋ ਕੇ ਬੈਠ ਗਏ ਹਨ।ਜਿਸ ਕਰਕੇ ਸਭ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ।
ਮੌਜੂਦਾ ਅਕਾਲੀਆਂ, ਅਕਾਲੀਆਂ ਦੇ ਵਿਰੋਧੀ, ਪੰਥਕ ਜਥੇਬੰਧੀਆਂ, ਜਥੇਦਾਰਾਂ ਵਿੱਚ ਕਬਜੇ ਬਣਾਈ ਰੱਖਣ ਜਾਂ ਕਬਜੇ ਕਰਨ ਦੀ ਚੱਲ ਰਹੀ ਕਮਸ਼ਕਸ਼ ਵਿੱਚੋਂ ਪਹਿਲਾਂ ਵਾਂਗ ਕੁਝ ਨਹੀਂ ਨਿਕਲਣਾ।ਇਹ ਮੁੱਦਾ ਉਤਨਾ ਦੇਰ ਹੀ ਹੈ, ਜਿਤਨੀ ਦੇਰ ਕੋਈ ਨਵਾਂ ਵੱਡਾ ਮੁੱਦਾ ਨਹੀਂ ਆ ਜਾਂਦਾ ਜਾਂ ਇਨ੍ਹਾਂ ਵਿੱਚੋਂ ਹੀ ਕਿਸੇ ਵਲੋਂ ਕੋਈ ਹੋਰ ਖੜਾ ਨਹੀਂ ਕਰ ਦਿੱਤਾ ਜਾਂਦਾ।



















