ਹਰਦੀਪ ਸਿੰਘ ਜਟਾਣਾ 9417254517
ਮੈਂ ਕੋਈ ਸਮਾਨ ਲੈਣ ਸੁਨਾਮ ਗਿਆ ਹੋਇਆ ਸੀ। ਐਤਵਾਰ ਦੀ ਛੁੱਟੀ ਹੋਣ ਕਾਰਨ ਦੁਕਾਨ ‘ਤੇ ਤਿੰਨ ਜਣੇ ਬੈਠੇ ਸਨ। ਕੁੱਝ ਸਮੇਂ ਬਾਅਦ ਇੱਕ ਹੋਰ ਵਿਆਕਤੀ ਆਇਆ ਤੇ ਆਉਂਦਿਆਂ ਹੀ ਪੁੱਛਣ ਲੱਗਾ ਯਾਰ ਕੱਲ੍ਹ ਨੂੰ ਪੰਜਾਬ ਕਾਹਦੇ ਲਈ ਬੰਦ ਹੈ? ਇੱਕ ਮਹਾਜਨ ਬੰਦਾ ਆਹਦਾ ਜਿਮੀਦਾਰਾਂ ਦਾ ਬੰਦ ਹੈ। ਇੱਕ ਹੋਰ ਬੋਲਿਆ ਯਾਰ ਇਹ ਤੀਜੇ ਦਿਨ ਧਰਨਾ ਲਾ ਕੇ ਸਭਕੁੱਝ ਬੰਦ ਕਰ ਦਿੰਦੇ ਨੇ। ਇਨ੍ਹਾਂ ਕਰਕੇ ਪੰਜਾਬ ਦਾ ਵਿਕਾਸ ਰੁਕ ਗਿਆ ਨਾ ਕੋਈ ਵੱਡੀ ਫੈਕਟਰੀ ਲੱਗਦੀ ਹੈ ਨਾ ਕਾਰਖਾਨਾ। ਮੈਂ ਉਨ੍ਹਾਂ ਕੋਲ ਚਲਾ ਗਿਆ ਤੇ ਕਿਹਾ ਮਿੱਤਰੋ ਇਹ ਪੰਜਾਬ ਬੰਦ ਇਕੱਲੇ ਜਿਮੀਦਾਰਾਂ ਤੇ ਮਜਦੂਰਾਂ ਦਾ ਨਹੀਂ ਪੰਜਾਬ ਵਿੱਚ ਵਸਦੇ ਹਰ ਬੰਦੇ ਦਾ ਬੰਦ ਹੈ। ਹੋ ਸਕਦੈ ਤੁਸੀਂ ਸਰਕਾਰੀ ਏਜੰਸੀਆਂ ਦੇ ਕੂੜ ਪ੍ਰਚਾਰ ਕਾਰਨ ਅਜਿਹੇ ਪੰਜਾਬ ਬੰਦਾਂ ਦਾ ਵਿਰੋਧ ਕਰਦੇ ਹੋਵੋਂ।
ਮੈਂ ਕਿਹਾ ਬੰਦ ਵਿੱਚ ਸ਼ਾਮਿਲ ਹੋਣਾ ਜਾਂ ਨਾ ਹੋਣਾ ਤੁਹਾਡੀ ਮਰਜੀ ਪਰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਲੈਣਾ। ਅਨਾਜ ਤੇ ਦਾਲਾਂ ਦੀ ਉਸ ਥੋਕ ਦੀ ਦੁਕਾਨ ਵਿੱਚ ਪਈਆਂ ਬੋਰੀਆਂ ਵੱਲ ਇਸ਼ਾਰਾ ਕਰਕੇ ਮੈਂ ਕਿਹਾ ਆਹ ਸਾਰਾ ਨਿੱਕ ਸੁੱਕ ਕਿੱਥੋਂ ਆਇਐ ਭਾਈ? ਦੁਕਾਨ ਦਾ ਮਾਲਕ ਆਹਦਾ ਜੀ ਖੇਤਾਂ ਵਿੱਚੋਂ। ਮੈਂ ਫਿਰ ਕਿਹਾ ਇਸਨੂੰ ਪੈਦਾ ਕੌਣ ਕਰਦਾ ਹੈ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਤੇ ਜਾਂ ਫਿਰ ਅੰਡਾਨੀ ਅੰਬਾਨੀ? ਨਿੱਮੋਝੂਣਾ ਜਿਹਾ ਹੁੰਦਾ ਹੋਇਆ ਉਹ ਆਹਦਾ ਜੀ ਕਿਸਾਨ। ਮੈਂ ਕਿਹਾ ਤੁਹਾਡੀ ਦੁਕਾਨ ਤੱਕ ਪੁੱਜਦੇ ਕਿਸਨੇ ਕੀਤੇ? ਕਹਿੰਦਾ ਜੀ ਮਜਦੂਰਾਂ ਨੇ।ਮੈਂ ਕਿਹਾ ਲੈ ਹੁਣ ਤੂੰ ਦੱਸ ਭਾਈ ਤੈਨੂੰ ਕਿਸਾਨ ਮਜਦੂਰ ਦੀ ਸਲਾਮਤੀ ਜਰੂਰੀ ਹੈ ਕਿ ਅੰਬਾਨੀ ਅਡਾਨੀ ਦੀ? ਉਹ ਆਹਦਾ ਜੀ ਕਿਸਾਨ ਮਜਦੂਰ ਦੀ।
ਫਿਰ ਮੈਂ ਗੱਲ ਅੱਗੇ ਤੋਰੀ ਅਸਲ ਵਿੱਚ ਪੰਜਾਬ ਖੇਤੀ ਲਈ ਤੇ ਖੇਤੀ ਸਹਾਰੇ ਜਿਉਂਣ ਵਾਲਾ ਸੂਬਾ ਹੈ। ਸਾਡੇ ਕੋਲ ਭੋਜਨ ਪੈਦਾ ਕਰ ਸਕਣ ਵਾਲੀ ਦੁਨੀਆ ਦੀ ਇੱਕ ਨੰਬਰ ਜਮੀਨ ਹੈ । ਸ਼ਾਇਦ ਤੁਸੀਂ ਕਦੇ ਨਾ ਸੋਚਿਆ ਹੋਵੇ ਕਿ ਹਰ ਜੀਵਤ ਪ੍ਰਾਣੀ ਨੂੰ ਹਰ ਦੋ ਘੰਟੇ ਬਾਅਦ ਭੋਜਨ ਦੀ ਲੋੜ ਮਹਿਸੂਸ ਹੁੰਦੀ ਹੈ। ਜਦੋਂ ਪੰਜਾਬ ਕੋਲ ਮਨੁੱਖ ਨੂੰ ਜਿਉਂਦਾ ਰੱਖਣ ਵਾਲੀ ਗਿੱਦੜਸਿੰਙੀ ਹੈ ਫਿਹ ਲੋਹੇ ਤੇ ਕੰਕਰੀਟ ਦੇ ਬੰਜਰ ਥਾਵਾਂ ਦੀ ਕੀ ਜਰੂਰਤ।ਸਾਨੂੰ ਵਾਹੀਯੋਗ ਧਰਤੀ ਰੋਕ ਕੇ ਗੰਦਾ ਪਾਣੀ ਤੇ ਗੰਦੀ ਹਵਾ ਪੈਦਾ ਕਰਨ ਵਾਲੇ ਕਾਰਖਿਆਂ ਦੀ ਜਰੂਰਤ ਨਹੀਂ। ਸਾਨੂੰ ਤਾਂ ਪੰਜਾਬ ਵਿੱਚ ਪੈਦਾ ਹੋਣ ਵਾਲੀਆਂ ਫਸਲਾਂ ਨੂੰ ਸੰਭਾਲਕੇ ਤੇ ਪ੍ਰੋਸੈਸ ਕਰਕੇ ਪੂਰੇ ਵਿਸ਼ਵ ਤੱਕ ਪੁੱਜਦਾ ਕਰਨ ਵਾਲੇ ਨਿੱਕੇ ਵੱਡੇ ਯੁਨਿਟਾਂ ਦੀ ਜਰੂਰਤ ਹੈ ਜਿੱਥੇ ਪੰਜਾਬ ਦੇ ਮੁੰਡੇ ਕੁੜੀਆਂ, ਅਧਖੜ ਤੇ ਬਜੁਰਗ ਸਰੀਰਕ ਸਮਰੱਥਾ ਅਨੁਸਾਰ ਕੰਮ ਕਰਨ। ਤੁਸੀਂ ਜਿੱਧਰ ਮਰਜੀ ਨਜਰ ਮਾਰੋ ਪੰਜਾਬ ਵਿੱਚ ਵਸਦਾ ਹਰ ਘਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀ ‘ਤੇ ਹੀ ਨਿਰਭਰ ਹੈ। ਚਾਹੇ ਕੋਈ ਕਿਸਾਨ ਹੋਵੇ ਚਾਹੇ ਮਜਦੂਰ, ਚਾਹੇ ਦੁਕਾਨਦਾਰ ਹੋਵੇ ਚਾਹੇ ਰੇੜ੍ਹੀ ਫੜ੍ਹੀ ਵਾਲਾ,ਚਾਹੇ ਕੋਈ ਸਰਕਾਰੀ ਅਧਿਕਾਰੀ ਹੋਵੇ ਜਾਂ ਕਰਮਚਾਰੀ, ਚਾਹੇ ਕੋਈ ਪ੍ਰਾਈਵੇਟ ਕਾਮਾ ਹੋਵੇ ਚਾਹੇ ਪਰਵਾਸੀ ਸਭਦੇ ਚੁੱਲ੍ਹੇ ਪੰਜਾਬ ਦੇ ਖੇਤਾਂ ਵਿੱਚੋਂ ਬਲਦੇ ਹਨ।
ਮੈਂ ਕਿਹਾ ਤੁਸੀਂ ਠੰਡੇ ਦਿਮਾਗ ਨਾਲ ਸੋਚੋ ਕਿ ਪੰਜਾਬ ਨੂੰ ਹਰੀ ਕ੍ਰਾਂਤੀ ਦਾ ਬੱਕਰਾ ਬਣਾ ਭਾਰਤੀ ਸਰਕਾਰਾਂ ਤੇ ਏਜੰਸੀਆਂ ਨੇ ਪੰਜਾਬ ਨੂੰ ਕੀ ਦਿੱਤਾ ? ਇਕੱਲੇ ਰੋਗ, ਕਰਜੇ , ਕੰਗਾਲੀ ਤੇ ਭਾਈਚਾਰਕ ਕੁੜੱਤਣ। ਇਨ੍ਹਾਂ ਚਤਰ ਚਲਾਕਾਂ ਨੇ ਸਾਨੂੰ ਹਸਪਤਾਲ ਮੰਗਣ ਲਾ ਦਿੱਤਾ। ਰੋਗਾਂ ਦਾ ਐਸਾ ਕੂੜਾ ਖਿਲਾਰਿਆ ਕਿ ਹਰ ਗਲੀ ਮੁਹੱਲੇ ਕਾਰਪੋਰੇਟ ਜਗਤ ਦੀਆ ਦਵਾਈਆਂ ਵਿਕਦੀਆਂ ਨੇ। ਪੰਜਾਬ ਤੋਂ ਦੁੱਧ ਦਹੀਂ ਖੋਹ ਕੇ ਨਸ਼ੇ ਸੁੱਟ ਦਿੱਤੇ। ਸੇਠ ਜੀ ਤੁਹਾਡੇ ਵਰਗਿਆਂ ਦੇ ਗੁਪਤ ਵਿਰੋਧ ਤੇ ਦਿਸਦੀ ਸੁਸਤੀ ਨੇ ਚਾਲਬਾਜ ਸਰਕਾਰਾਂ ਨੂੰ ਹੋਰ ਚਾਲਾਂ ਚੱਲਣ ਦੀ ਹੱਲਾਸ਼ੇਰੀ ਦਿੱਤੀ ਹੈ। ਅੱਜ ਹਾਲਤ ਇਹ ਹਨ ਕਿ ਕਿਸੇ ਦੀ ਨੂੰਹ ਧੀ ਸੋਨੇ ਦੀ ਚੇਨ ਤੱਕ ਗਲ਼ ‘ਚ ਨਹੀਂ ਲਟਕਾ ਸਕਦੀ, ਕੋਈ ਬਜੁਰਗ ਜੇਬ ਵਿੱਚ ਦਸ ਰੁਪੈ ਨਹੀਂ ਰੱਖ ਸਕਦਾ।ਲੋਕ ਰਾਤ ਵਕਤ ਖੇਤ ਗੇੜਾ ਮਾਰਨ ਤੋਂ ਡਰਦੇ ਹਨ। ਕੋਈ ਦੁਕਾਨਦਾਰ ਦਿਨ ਛਿਪੇ ਇਕੱਲਾ ਘਰ ਨਹੀਂ ਜਾ ਸਕਦਾ।ਬੱਚੇ ਗਲੀਆਂ ‘ਚ ਨਹੀਂ ਖੇਡ ਸਕਦੇ।ਧੀਆਂ ਸਕੂਲ ਕਾਲਜ ਪੜ੍ਹਨ ਨਹੀਂ ਜਾ ਸਕਦੀਆਂ। ਇਹ ਸਾਰੇ ਹਾਲਤ ਕਿਸਨੇ ਪੈਦਾ ਕੀਤੇ ਕੀ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਅਸੀਂ ਇਸ ਤਰ੍ਹਾਂ ਦੇ ਮਹੌਲ ‘ਚ ਰਹੀਏ? ਇਹ ਸਭ ਧਨ ਕੁਬੇਰਾਂ ਨਾਲ ਰਲੀਆਂ ਸਰਕਾਰਾਂ ਦੀ ਦੇਣ ਹੈ। ਜਿੰਨ੍ਹਾਂ ਨੇ ਕਾਨੂੰਨ ਲਾਗੂ ਕਰਕੇ ਪੂਰੇ ਖਿੱਤੇ ‘ਚ ਸ਼ਾਂਤੀ ਬਣਾਏ ਰੱਖਣੀ ਹੁੰਦੀ ਹੈ ਉਹ ਅਯਾਸ਼ੀਆਂ ‘ਚ ਗਲਤਾਨ ਹਨ। ਕੁਰਸੀਆਂ ਤੇ ਪੈਸੇ ਦੀ ਭੁੱਖ ਨੇ ਪੰਜਾਬ ਕੰਗਾਲੀ ਕੰਢੇ ਲਿਆ ਖੜ੍ਹਾ ਕੀਤਾ ਹੈ। ਵੋਟਾਂ ਵਾਲਿਆਂ ਨੂੰ ਨੋਟਾਂ ਦੀ ਭੁੱਖ ਲੈ ਬੈਠੀ ਹੈ।
ਭਾਈ ਮੁੰਡਿਓ ਇਹ ਬੰਦ ਜਿਮੀਦਾਰਾਂ ਤੇ ਮਜਦੂਰਾਂ ਦਾ ਨਹੀਂ ਪੰਜਾਬ ਨੂੰ ਪੰਜਾਬ ਬਣਾਏ ਰੱਖਣ ਦੀ ਕੋਸ਼ਿਸ਼ ਹੈ ਤੇ ਤੁਹਾਨੂੰ ਸਭਨੂੰ ਇਸਦਾ ਸਮਰਥਨ ਕਰਨਾ ਚਾਹੀਦਾ ਹੈ।
Total Views: 92 ,
Real Estate



















