ਸੁਖਨੈਬ ਸਿੰਘ ਸਿੱਧੂ – ਮੋਬਾਈਲ ਤੇ ਰਮਜ਼ਾਨ ਅਲੀ ਦਾ ਮੈਸੇਜ ਦੇਖਿਆ ਤਾਂ ਪਤਾ ਲੱਗਿਆ ਉਸਤਾਦ ਸ਼ੇਰ ਅਲੀ ਇਸ ਜਹਾਨੋਂ ਰੁਖਸ਼ਤ ਹੋ ਗਏ । ਉਸਤਾਦ ਸ਼ੇਰ ਅਲੀ -ਮੇਹਰ ਅਲੀ ਦੋ ਅਜਿਹੇ ਸਖ਼ਸ ਸਨ ਜਿਵੇਂ ਚੜ੍ਹਦੇ ਪੰਜਾਬ ‘ਚ ਵਡਾਲੀ ਭਰਾ ਹੋਣ । ਉਹਨਾ ਦੇ ਗਲੇ ਦੀਆਂ ਤਾਨਾਂ-ਮੁਰਕੀਆਂ ਅਤੇ ਲਹਿਰੀਆ ਬਾ-ਕਮਾਲ । ਅੰਤਰਰਾਸ਼ਟਰੀ ਪੱਧਰ ਤੇ ਦੋਵਾਂ ਭਰਾਵਾਂ ਦੀ ਧਾਕ । ਕਵਾਲੀ ‘ਚ ਉਹਨਾ ਦਾ ਕੋਈ ਮੁਕਾਬਲਾ ਨਹੀਂ ਖੁਦ ਨੁਸਰਤ ਫਤਿਹ ਅਲੀ ਖਾਨ ਵੀ ਉਹਨਾ ਦਾ ਮੁਰੀਦ।
ਕਿਸਾਨ ਮੋਰਚੇ ਦੌਰਾਨ ਸਾਡੀ ਗੱਡੀ ਦਿੱਲੀ- ਗਾਜ਼ੀਪੁਰ ਬਾਰਡਰ ਨੂੰ ਜਾ ਰਹੀ ਸੀ , ਰਮਜ਼ਾਨ ਅਲੀ ਸਾਡੇ ਨਾਲ ਸੀ । ਉਹਨਾ ਨੇ ਦੱਸਿਆ ਸਾਡਾ ਅੱਧਾ ਪਰਿਵਾਰ ਪਾਕਿਸਤਾਨ ‘ਚ ਰਹਿੰਦਾ । ਲਹਿੰਦੇ ਪੰਜਾਬ ਨਾਲ ਖਿੱਚ ਹੋਣ ਕਰਕੇ ਗੱਲਾਂ ਹੋਰ ਗੰਭੀਰ ਹੋ ਗਈਆਂ । ਉਹਨਾ ਨੇ ਦੱਸਿਆ ਉਸਤਾਦ ਸ਼ੇਰ ਅਲੀ ਮੇਹਰ ਅਲੀ ਮੇਰੇ ਦਾਦੇ ਨੇ । ਮੈਂ ਕਿਹਾ , ‘ ਉਹਨਾ ਨੂੰ ਅਸੀਂ ਸਾਹਮਣੇ ਬੈਠ ਕੇ ਸੁਣਿਆ, ਕੇਰਾਂ ਬਠਿੰਡੇ ਆਏ ਸੀ।’
ਉਦੋਂ ਉਹਨਾ ਨੂੰ ਕੋਲ ਬਠਿੰਡੇ ਦਾ ਵੀਜ਼ਾ ਸੀ ਪਰ ਆਪਣੇ ਪਿੰਡ ਭਦੌੜ ਜਾਣ ਦਾ ਨਹੀ ਸੀ । ਭਦੌੜ ਵਾਲਾ ਪਰਿਵਾਰ ਬਠਿੰਡੇ ਦੇ ਸਟੇਡੀਅਮ ‘ਚ ਭਾਵੁਕ ਹੋਇਆ ਸੁਣ ਰਿਹਾ ਸੀ, ਉਹ ਸਟੇਜ ਤੋਂ ਬੋਲਦੇ ਸੀ ‘ਆਹ ਦੇਖੋ ਸਾਰੀ ਭਦੌੜ ਆਈ’ । ਬਠਿੰਡਾ ਪ੍ਰਸ਼ਾਸ਼ਨ ਨੇ ਆਪਣੇ ਤੌਰ ਤੇ ਇੱਕ ਚੰਗਾ ਕੰਮ ਕੀਤਾ ਇਹਨਾ ਨੂੰ ਰਾਤੋ-ਰਾਤ ਆਪਣੇ ਪਿੰਡ ਦਾ ਗੇੜਾ ਦੁਆ ਲਿਆਏ, ਦਿਨ ਚੜ੍ਹਦੇ ਨੂੰ ਫਿਰ ਹੋਟਲ ‘ਚ ਆ ਗਏ ।
ਉਹ ਜਿਹੜੀ ਕਵਾਲੀ ਉਹਨਾ ਨੇ ਇੱਥੇ ਕੀਤੀ । ਉਹ ਮਹਿਫਿ਼ਲ ਮੇਰੇ ਚੇਤਿਆਂ ‘ਚ ਅੱਜ ਵੀ ਹੈ।
ਅਸੀਂ ਰਮਜ਼ਾਨ ਨੂੰ ਕਿਹਾ ਸੀ , ‘ਪ੍ਰੋਗਰਾਮ ਬਣਾਓ ਆਪਾਂ ਸਾਰਾ ਗਰੁੱਪ ਚੱਲਦੇ , ਲਾਹੌਰ ਦੇਖਦੇ ਨਾਲੇ ਤੁਹਾਡੇ ਪਰਿਵਾਰ ਨੂੰ ਮਿਲਦੇ ।’
ਪਰ ਕੁਦਰਤ ਨੂੰ ਸ਼ਾਇਦ ਇਹ ਗੇੜਾ ਮਨਜੂਰ ਨਹੀਂ ਸੀ ।
ਪਿਛਲੇ ਦਿਨੀ ਮੈਂ ਜਦੋਂ ਲਾਹੌਰ ‘ਚ ਤਾਂ , ਪਹਿਲੀ ਰਾਤ ਹੀ ਸਲੀਮ ਅਲਬੇਲਾ ਹੋਰਾਂ ਨੇ ਉਸਤਾਦ ਸ਼ੇਰ ਅਲੀ ਦਾ ਜਿ਼ਕਰ ਛੇੜਿਆ ਤਾਂ ਉਦੋਂ ਵੀ ਗੱਲਾਂ ਚੱਲੀਆਂ ।
ਪਤਾ ਲੱਿਗਆ ਉਹ ਫੈਸਲਾਬਾਦ ਰਹਿੰਦੇ ਨੇ ।
ਵਾਪਸ ਆਏ ਤਾਂ ਰਮਜ਼ਾਨ ਨਾਲ ਵੀ ਗੱਲ ਹੋਈ । ਅੱਜ ਜਿਹੜਾ ਸੁਨੇਹਾ ਭਦੌੜ ਤੋਂ ਰਮਜ਼ਾਨ ਨੇ ਭੇਜਿਆ ਉਹ ਗਮਗੀਨ ਕਰਨ ਵਾਲਾ।
ਸਾਡਾ ਐਡਾ ਵੱਡਾ ਫਨਕਾਰ ਆਪਣਾ ਪਿੰਡ ਦੇਖਣ ਨੂੰ ਤਾਂਘਦਾ ਤੁਰ ਗਿਆ।
ਜਾਹ ਬਾਬਾ, ਅੱਲ੍ਹਾ ਤੈਨੂੰ ਫਿਰ ਪੰਜਾਬ ‘ਚ ਘੱਲੇ ਅਤੇ ਤੇਰੇ ਬੋਲ ਦੋਹਾਂ ਪੰਜਾਬਾਂ ‘ਚ ਮੁਹੱਬਤ ਵਧਾਉਣ , ਨਫ਼ਰਤ ਆਪੇਂ ਖ਼ਤਮ ਹੋ ਜਾਣੀ ।
ਨੁਸਰਤ ਵੀ ਜਿਸਨੂੰ ਸੁਣਦਾ ਸੀ ਉਹ ਗਾਇਕ ਤੁਰ ਗਿਆ
Total Views: 270 ,
Real Estate
















