ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਹੋਰ ਸਖ਼ਤੀ

ਕੈਨੇਡਾ ਆਏ ਕੌਮਾਂਤਰੀ ਵਿਦਿਆਰਥੀਆਂ ਨੂੰ ਆਈਆਰਸੀਸੀ (ਆਵਾਸ ਵਿਭਾਗ) ਵੱਲੋਂ ਆਪਣੇ ਦਸਤਾਵੇਜ਼ਾਂ ਸਮੇਤ ਕਾਲਜ ਦੀਆਂ ਹਾਜ਼ਰੀਆਂ ਅਤੇ ਕੰਮ ਦੇ ਸਥਾਨ ਆਦਿ ਦੀ ਜਾਣਕਾਰੀ ਭੇਜਣ ਦੇ ਕੀਤੇ ਗਏ ਹੁਕਮਾਂ ਨੇ ਵਿਦਿਆਰਥੀਆਂ ਦੀ ਚਿੰਤਾ ਵਧਾ ਦਿੱਤੀ ਹੈ। ਬੇਸ਼ੱਕ ਵਿਭਾਗ ਦੇ ਬੁਲਾਰੇ ਜਾਂ ਮੰਤਰੀ ਨੇ ਇਸ ਬਾਰੇ ਹਾਲੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਪਰ ਵਿਭਾਗ ਦੇ ਸੂਤਰ ਨੇ ਗੈਰ-ਰਸਮੀ ਗੱਲਬਾਤ ਵਿੱਚ ਕਿਹਾ ਕਿ ਪੁੱਛ-ਪੜਤਾਲ ਆਮ ਰੁਟੀਨ ਦਾ ਹਿੱਸਾ ਹੈ।ਉਸ ਨੇ ਕਿਹਾ ਕਿ ਆਵਾਸ ਵਿਭਾਗ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਦਸਤਾਵੇਜ਼ਾਂ ਦੀ ਜਾਂਚ ਕਰਨ ਦਾ ਹੱਕ ਰੱਖਦਾ ਹੈ ਤੇ ਦਸਤਾਵੇਜ਼ ਦੁਬਾਰਾ ਵੀ ਮੰਗੇ ਜਾ ਸਕਦੇ ਹਨ। ਉਸ ਅਨੁਸਾਰ ਕਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇੱਕ ਦਮ ਵਧੀ ਭੀੜ ਦੌਰਾਨ ਫਾਈਲਾਂ ਚੰਗੀ ਤਰ੍ਹਾਂ ਘੋਖੀਆਂ ਨਹੀਂ ਗਈਆਂ, ਜਿਨ੍ਹਾਂ ਦੀ ਦੁਬਾਰਾ ਜਾਂਚ ਸ਼ੁਰੂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਗੈਰਕਾਨੂੰਨੀ ਦਸਤਾਵੇਜ਼ਾਂ ਸਹਾਰੇ ਇੱਥੇ ਪੁੱਜੇ ਲੋਕਾਂ ਦੇ ਮਨਾਂ ’ਚ ਡਰ ਹੋਣਾ ਜਾਇਜ਼ ਹੈ, ਪਰ ਸੱਚੇ, ਲਾਇਕ ਤੇ ਮਿਹਨਤੀ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਨੂੰ ਕਿਸੇ ਝੰਜਟ ਵਿੱਚ ਪੈਣ ਤੋਂ ਬਿਨਾਂ ਮੰਗੇ ਗਏ ਦਸਤਾਵੇਜ਼ ਤੁਰੰਤ ਵਿਭਾਗ ਨੂੰ ਭੇਜਣੇ ਚਾਹੀਦੇ ਹਨ।ਇਸ ਦੌਰਾਨ ਪਤਾ ਲੱਗਾ ਹੈ ਕਿ ਸਖ਼ਤੀ ਦੀ ਗਾਜ ਉਨ੍ਹਾਂ ’ਤੇ ਡਿੱਗਣ ਦੀ ਸੰਭਾਵਨਾ ਜ਼ਿਆਦਾ ਹੈ, ਜਿਨ੍ਹਾਂ ਨੇ ਏਜੰਟਾਂ ਦੀ ਮਦਦ ਨਾਲ ਕੈਨੇਡਾ ਪੁੱਜਣ ਲਈ ਸਟੱਡੀ ਪਰਮਿਟ ਨੂੰ ਸਾਧਨ ਵਜੋਂ ਵਰਤਿਆ। ਵਿਭਾਗੀ ਉੱਚ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਹਨ ਕਿ ਯੋਗਤਾ ਵਿਚਲੀਆਂ ਖਾਮੀਆਂ ਵਾਲੇ ਲੋਕ ਹੀ ਏਜੰਟਾਂ ਦਾ ਸਹਾਰਾ ਭਾਲਦੇ ਹਨ, ਜਦਕਿ ਕਈ ਸਾਲਾਂ ਤੋਂ ਸੌਖੀ ਕੀਤੀ ਗਈ ਵੀਜ਼ਾ ਪ੍ਰਕਿਰਿਆ ਦੇ ਫਾਰਮ ਆਮ ਵਿਅਕਤੀ ਸੌਖਿਆਂ ਹੀ ਭਰ ਸਕਦਾ ਹੈ।

Total Views: 301 ,
Real Estate