ਮੇਲੇ ਤਾਂ ਪੰਜਾਬ ‘ਚ ਥਾਂ ਥਾਂ ਲੱਗਦੇ ਹਨ ਤੇ ਲੱਗਦੇ ਰਹਿਣੇ ਵੀ ਚਾਹੀਦੇ ਪਰ ਜਿਹੜਾ ਮੇਲਾ ਜਾਗਦੇ ਜੁਗਨੂੰਆਂ ਦਾ ਲੱਗਿਆ , ਇਹ ਰਾਤ ਸਮਾਪਤ ਹੋਇਆ ਤੇ ਹੁਣ ਅਗਲੇ ਮੇਲੇ ਦੀ ਉਡੀਕ ਸੁਰੂ ਹੋਗੀ । ਇਹ ਅਸਲੀ ਮਲਵਈ ਮੇਲਾ ਸੀ , ਜਮਾ ਸਿੱਧਾ ਸਾਦਾ ਅਤੇ ਕੋਰਾ ਕਰਾਰਾ । ਸੋਸ਼ਲ ਮੀਡੀਆ ਕਰਕੇ ਪੁਸਤਕ ਸਭਿਆਚਾਰ ਹੁਣ ਪ੍ਰਫਲਿਤ ਹੋਇਆ ਤੇ ਹੁਣ ਗੁਰੂਆਂ – ਪੀਰਾਂ ਅਤੇ ਹੋਰ ਤਿੱਥ ਤਿਉਹਾਰਾਂ ਤੋਂ ਬਿਨਾ ਲਵਾਏ ਜਾਂਦੇ ਮੇਲਿਆਂ ‘ਚ ਕਿਤਾਬਾਂ ਹੁੰਦੀਆਂ ਹਨ ਤੇ ਵਿਕਦੀਆਂ ਵੀ ਬਹੁਤ ਨੇ , ਇੱਥੇ ਵੀ ਕਿਤਾਬਾਂ ਦੀਆਂ ਦੁਕਾਨਾਂ ਤੇ ਭੀੜ ਰਹੀ , ਇਹ ਵਿਕਦੀਆਂ ਕਿਤਾਬਾਂ ਦੇ ਸਬੂਤ ਦੇਖਕੇ ਸਾਹਿਤਕਾਰਾਂ ਨੂੰ ਇਹ ਕਹਿਣ ਤੋਂ ਗੁਰੇਜ ਕਰਨਾ ਚਾਹੀਦਾ ਕਿ ਕਿਤਾਬਾਂ ਵਿਕਦੀਆਂ ਨਹੀਂ , ਕਿਤਾਬਾਂ ਉਹ ਵਿਕਦੀਆਂ ਜਿੰਨ੍ਹਾਂ ‘ਚ ਕੁਝ ਹੁੰਦਾ, ਜਿਹੜੇ ਕਹਿੰਦੇ ਨੇ ਕਿਤਾਬਾਂ ਨਹੀਂ ਵਿਕਦੀਆਂ ਉਹਨਾਂ ਨੂੰ ਆਪਣੀ ਲਿਖਤ ਦੀ ਪੜਚੋਲ ਕਰਵਾਉਣ ਦੀ ਲੋੜ ਹੈ ਕਿਸੇ ਮਸ਼ਹੂਰ ਸਾਹਿਤਕਾਰ ਤੋਂ ਮੁੱਖ ਬੰਦ ਲਿਖਵਾ ਕੇ ਗੁਰੂ ਦੱਖਨਾ ਬਦਲੇ ‘ਕੁਝ’ ਦੇਣ ਦੀ ਜਰੂਰਤ ਨਹੀਂ ।
ਇੱਕ ਪਾਸੇ ਸਾਹਿਤ ਵਿਕ ਰਿਹਾ ਸੀ , ਦੂਜੇ ਪਾਸੇ ਸ਼ਹਿਦ ਵਿਕ ਰਿਹਾ ਸੀ । ਪ੍ਰਬੰਧਕਾਂ ਦੇ ਵਧੀਆ ਉਪਰਾਲੇ ਸੀ , ਸਟੇਜ ਤੋਂ ਬੋਲ ਰਹੇ ਸੀ ਸਾਡੇ ਕੋਲ ਦੇਣ ਲਈ ਕੁਝ ਨਹੀਂ ਬੱਸ ਇਹ ਯਾਦ ਨਿਸ਼ਾਨੀ ਹੈ , ਉਹ ਇੱਕ ਵਧੀਆ ਤਸਵੀਰ ਦੇ ਰਹੇ ਸੀ ਜੇ ਤਸਵੀਰ ਦੇ ਨਾਲ ਖਾਸ ਮਹਿਮਾਨਾਂ ਨੂੰ ਖਾਲਿਸ ਖਾਣ ਪੀਣ ਵਾਲਾ ਕੋਈ ਤੋਹਫ਼ਾ ਦਿੱਤਾ ਜਾਂਦਾ ਤਾਂ ਜ਼ੀਰੋ ਡਰਿੱਲ ਕੀਤੀ ਕਣਕ ਤੇ ਲੱਕੜ ਦਾ ਸੁਹਾਗਾ ਹੀ ਹੋ ਜਾਣਾ ਸੀ ।
ਮੇਲੇ ‘ਚ ਇੱਕ ਫਾਸਟ ਫੂਡ ਦੀ ਦੁਕਾਨ ਨਹੀਂ ਸੀ , ਮਾਪਿਆਂ ਨੂੰ ਆਪਣੇ ਜਵਾਕਾਂ ਨੂੰ ਜਮਾਂ ਰੋਕਣ ਦੀ ਲੋੜ ਨਹੀਂ ਸੀ ਇੱਥੋਂ ਆਹ ਨਈਂ ਖਾਣਾ , ਔਹ ਨਹੀਂ ਖਾਣਾ , ਮੱਕੀ ਦੀ ਰੋਟੀ- ਸਰੋਂ ਦਾ ਸਾਗ, ਭੱਠੀ ਦੇ ਦਾਣੇ , ਮੋਠ ਬਾਜਰੇ ਦੀ ਖਿੱਚੜੀ , ਚਾਹ ਨਾਲ ਸਰੋਂ ਦੇ ਤੇਲ ‘ਚ ਪਤੌੜ , ਆਰਗੈਨਿਕ ਗੁੜ , ਸ਼ੱਕਰ , ਮਸਾਲੇ ਅਤੇ ਮਿੱਸੀਆਂ ਰੋਟੀਆਂ ਵਾਲੇ ਆਟੇ ਨਾਲੇ ਆਚਾਰ -ਚੱਟਣੀਆਂ , ਮਿਲਟਸ ਦੇ ਮਿਲੇ ਜੁਲੇ ਬਿਸਕੁਟ ਅਤੇ ਹੋਰ ਨਿਕਸੁੱਕ , ਦਵੀ ਸਿੱਧੂ ਕੀ ਜੂਸ ਅਤੇ ਸੂਪ ਦੀ ਸਟਾਲ , ਚੁੱਘੇ ਵਾਲਿਆਂ ਦੀ ਇਮਾਨਦਾਰੀ ਦੀ ਹੱਟ ਜਿੱਥੇ ਸਮਾਨ ਪਿਆ ਸੀ ਅਤੇ ਗੋਲਕ ਪਈ ਮਰਜ਼ੀ ਦਾ ਸਮਾਨ ਚੁੱਕੋ ਅਤੇ ਈਮਾਨ ਨਾਲ ਆਪੇ ਪੈਸੇ ਪਾ ਜਾਓ ,ਹੱਥੀਂ ਤਿਆਰ ਕੀਤਾ ਸਮਾਨ ਬਹੁਤ ਤਰ੍ਹਾਂ ਦਾ ਸਮਾਨ ਸੀ , ਇਹ ਸਾਰਾ ਕੁੱਝ ਪਿੰਡਾਂ ਦਾ ਵਾਲਿਆਂ ਦਾ ਆਪਣਾ ਕਾਰੋਬਾਰ ਸੀ।
ਇਹ ਸਾਰਾ ਕੁੱਝ ਜਗਤਾਰ ਅਣਜਾਨ , ਸੁਖਵਿੰਦਰ ਸੁੱਖਾ, ਹਰਮਿਲਾਪ ਗਰੇਵਾਲ ਅਤੇ ਬਾਕੀ ਸਾਥੀਆਂ ਦੇ ਸਹਿਯੋਗ ਨਾਲ ਹੋਇਆ, ਇਹਨਾ ਨੇ ਐਨਾ ਵਧੀਆ ਮੇਲਾ ਕਰਵਾ ਦਿੱਤਾ , ਕਾੜਨੀ ਵਾਲਾ ਦੁੱਧ ਪਿਆ ਦਿੱਤਾ ਜਿਹੜਾ ਨਾਲਦੀ ਨਾਲ ਪਚ ਗਿਆ ਤੇ ਹੁਣ ਭੁੱਖ ਫੇਰ ਚਮਕ ਪਈ , ਜੀਹਦੀ ਬਠਿੰਡੇ ਆਲ੍ਹਿਆਂ ਨੂੰ ਇੱਕ ਸਾਲ ਉਡੀਕ ਕਰਨੀ , ਹੋ ਸਕਦਾ ਕਿਸੇ ਹੋਰ ਸ਼ਹਿਰ ‘ਚ ਇਹ ਪਹਿਲਾਂ ਲਾ ਲੈਣ ।
ਸਟੇਜ ਤੋਂ ਜਿਹੜਾ ਵੀ ਮਹਿਮਾਨ ਬੋਲਿਆ ਉਹ ਆਪਣੇ ਖੇਤਰ ‘ਚ ਪੂਰੀ ਮੁਹਾਰਤ ਰੱਖਦਾ ਸੀ , ਸਰੋਤਿਆਂ ਨੂੰ ਰੂਹ ਦੇ ਹਾਣ ਵੀ ਸੀ । ਮੇਲੇ ‘ਚ ਕਮੀਆਂ ਵੀ ਸੀਗੀਆਂ ਪਰ ਐਡੇ ਵੱਡੇ ਉਪਰਾਲੇ ਕਰਕੇ ਮੀਲ ਪੱਥਰ ਗੱਡੇ ਉਹਨਾ ਲਈ ਸਾਰੇ ‘ਜੁਗਨੂੰ’ ਵਧਾਈ ਦੇ ਪਾਤਰ ਹਨ।
#ਸੁਖਨੈਬ_ਸਿੰਘ_ਸਿੱਧੂ #pnomediagroup #dunwatta #sukhnaibsinghsidhu
ਮੇਲਾ ਤਾਂ ਆਹ ਹੁੰਦੈ
Total Views: 161 ,
Real Estate























