(ਇਕ ਕਲਪਨਾ ਜੋ ਸੱਚ ਹੋ ਵੀ ਸਕਦੀ ਹੈ)
ਕਲਮ :-ਪਰਮਵੀਰ ਸਿੰਘ ਢਿੱਲੋਂ
ਸਾਲ 2030 ਮਹੀਨਾ ਫਰਵਰੀ ਚੱਲ ਰਿਹਾ ਹੈ, ਮੈਨੂੰ ਤਾਂ ਪਰਿਵਾਰ ਸਮੇਤ ਕੈਨੇਡਾ ਤੋਂ ਪਿੰਡ ਆਏ ਨੂੰ 15 ਕੁ ਦਿਨ ਹੋ ਗਏ ਨੇ। ਰਾਤ ਦੀਆ ਬਹੁਤ ਗੱਡੀਆਂ ਸਾਮਾਨ ਨਾਲ ਲੱਦੀਆਂ ਵਲੈਤੀਆ ਦੀਆ ਹੋਰ ਵੀ ਆ ਗਈਆਂ ਹਨ। ਕੁਝ ਦਿਨ ਪਹਿਲਾਂ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟ੍ਰੇਲੀਆ ਤੇ ਕੁਝ ਯੂਰਪ ਦੇ ਦੇਸ਼ਾਂ ਨੇ ਮਿਲ ਕੇ ਇਕ ਕਾਨੂੰਨ ਪਾਸ ਕਰ ਦਿੱਤਾ ਹੈ, ਜੋ ਬੰਦਾ ਇਹਨਾਂ ਦੇਸ਼ਾਂ ਦਾ ਮੂਲ ਵਾਸੀ ਨਹੀਂ, ਉਹਨਾਂ ਨੂੰ ਸਾਡੇ ਦੇਸ਼ ਛੱਡਕੇ ਵਾਪਸ ਆਪਣੇ ਦੇਸ਼ ਨੂੰ ਪਰਿਵਾਰਾਂ ਸਮੇਤ ਤਿੰਨ ਮਹੀਨੇ ਦੇ ਅੰਦਰ ਅੰਦਰ ਜਾਣਾ ਪਾਉਗਾ। ਇਹ ਇਵੇਂ ਲਾਗੂ ਕੀਤਾ ਗਿਆ ਜਿਵੇਂ 1947 ਵੇਲੇ ਰਾਤੋ ਰਾਤ ਪਾਕਿਸਤਾਨ ਬਣਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਵੇਂ ਕੁਝ ਚੁੱਕੇ ਬਿਨਾਂ ਹੀ ਹਿੰਦੂ ਤੇ ਸਿੱਖ ਹਿੰਦੁਸਤਾਨ ਨੂੰ ਤੇ ਮੁਸਲਮਾਨ ਪਾਕਿਸਤਾਨ ਨੂੰ ਤੁਰ ਪਏ ਸਨ, ਬਸ ਕੁਝ ਅਜਿਹੇ ਹੀ ਹਾਲਾਤ ਬਣ ਗਏ ਹਨ। ਪੰਜਾਬ ਵਿੱਚ ਖ਼ਾਸ ਕਰਕੇ ਦੁਆਬੇ ਦੇ ਇਲਾਕੇ ਵਿੱਚ ਦਿੱਲੀ, ਚੰਡੀਗੜ੍ਹ ਤੇ ਅਮ੍ਰਿਤਸਰ ਏਅਰਪੋਰਟਾਂ ਤੋਂ ਗੱਡੀਆਂ ਭਰ ਭਰ ਕੇ ਪਿੰਡਾਂ ਨੂੰ ਆ ਰਹੀਆਂ ਹਨ।
ਰਾਤ ਜਿਹੜੀਆਂ ਗੱਡੀਆਂ ਏਅਰਪੋਰਟ ਤੋਂ ਆਈਆਂ ਉਹ ਸਾਡੇ ਪਿੰਡ ਦੇ ਮੰਗਲ ਸਿੰਘ ਸੰਧੂ ਦੇ ਤਿੰਨ ਮੁੰਡਿਆਂ ਦਾ ਪਰਿਵਾਰ ਸੀ, ਜਿਹਨਾਂ ਦੀਆਂ ਤਿੰਨੇ ਘਰਵਾਲੀਆਂ ਤੇ ਅੱਗੋਂ ਦੋ ਦੋ ਜਵਾਕ ਨੇ, ਇਹ ਪਰਿਵਾਰ ਸ਼ਾਇਦ ਪਿਛਲੇ 45 ਸਾਲ ਤੋਂ ਕੈਨੇਡਾ ਰਹਿ ਰਿਹਾ ਸੀ ਪਰ ਪਿੰਡ ਘੱਟ ਹੀ ਆਏ ਸੀ, ਜੇ ਪਿੰਡ ਆਏ ਨਹੀਂ ਤਾਂ ਪਿੰਡ ਕੁਝ ਬਣਾਇਆ ਵੀ ਨਹੀਂ। ਉਂਝ ਚਾਹੇ ਕੈਨੇਡਾ ਇਹਨਾਂ ਦੇ ਕਈ ਮਿਲੀਅਨ ਦੇ ਘਰ ਸੀ ਪਰ ਇਹਨਾਂ ਤਿੰਨਾਂ ਨੇ ਪਿੰਡ ਇਕ ਇੱਟ ਵੀ ਨਹੀਂ ਲਾਈ ਸੀ, ਪਿੰਡ ਬਸ ਉਹੀ ਮੰਗਲ ਸਿੰਘ ਦੇ ਵਾਰੇ ਪਹਿਰੇ ਦਾ ਡਿੱੱਗਜੂ ਡਿੱਗਜੂ ਕਰਦਾ ਤਿੰਨ ਕਮਰਿਆਂ ਦਾ ਘਰ ਸੀ, ਜਿਸ ਦੇ ਜਿੰਦਰਿਆਂ ਦੀਆਂ ਚਾਬੀਆਂ ਵੀ ਇਹਨਾਂ ਕੋਲ ਨਹੀਂ ਸਨ, ਇਹਨਾਂ ਵੱਡੇ ਵਲੈਤੀਆ ਨੇ ਆਪਦੇ ਬੱਚਿਆਂ ਨੂੰ ਆਪਦੇ ਹੀ ਜੱਦੀ ਘਰ ਵਿੱਚ ਜ਼ਿੰਦਰੇ ਭੰਨ ਕੇ ਵਾੜਿਆ ਸੀ। ਤਿੰਨਾਂ ਪਰਿਵਾਰਾਂ ਨੇ ਇਕ ਇਕ ਕਮਰਾ ਲੈਕੇ ਸਫ਼ਾਈ ਕੀਤੀ ਤੇ ਰਾਤ ਨੂੰ ਆਪਣੇ ਆਪਣੇ ਕਮਰਿਆਂ ਵਿੱਚ ਡੇਰਾ ਲਾ ਲਿਆ। ਗੋਰਿਆਂ ਦੇ ਕੱਢੇ ਹੋਇਆ ਨੂੰ ਆਪਦਾ ਪੁਸ਼ਤੈਨੀ ਖੰਡਰ ਹੋਇਆ ਘਰ ਵੀ ਮਹਿਲ ਵਰਗਾ ਲਗਦਾ ਸੀ, ਕਿਉਂਕਿ ਇਹੀ ਸੱਚੀਉਂ ਆਪਣਾ ਸੀ। ਬਹੁਤੇ ਪਰਿਵਾਰਾਂ ਦਾ ਇਹੋ ਹਾਲ ਸੀ, ਜਿਹਨਾਂ ਪਿੰਡ ਵਿੱਚ ਆਪਦੇ ਘਰ ਨਹੀਂ ਬਣਾਏ ਸੀ ਅਤੇ ਜਿਹੜੇ ਪਿੰਡ ਆਉਂਦੇ ਰਹੇ, ਤੇ ਆਪਣੇ ਘਰ ਬਣਾ ਗਏ ਸੀ ਉਹਨਾਂ ਨੇ ਆਕੇ ਆਪਣੀਆਂ ਕੋਠੀਆਂ ਖੋਲ ਲਈਆਂ ਸਨ।
ਅਗਲੀ ਸਵੇਰ ਮੈਂ ਸੁਵਖਤੇ ਉਠਕੇ ਸੋਚਿਆ ਚੱਲ ਬਈ ਕਰਮਵੀਰ ਸਿਆਂ ਪਿੰਡ ਦਾ ਗੇੜਾ ਲਾਇਆ ਜਾਏ ਤੇ ਨਾਲੇ ਪਿੰਡ ਹੋਰ ਨਵੇਂ ਵਾਪਸ ਪਰਤੇ ਵਲੈਤੀਆ ਨੂੰ ਮਿਲਿਆ ਜਾਏ। ਅਜੇ ਮੈਂ ਪਿੰਡ ਦੀ ਫਿਰਨੀ ‘ਤੇ ਚੜ੍ਹਿਆ ਹੀ ਸੀ ਤਾਂ ਅੱਗੋਂ 40 ਸਾਲ ਪਹਿਲਾਂ ਇੰਗਲੈਂਡ ਗਿਆ ਤਾਇਆ ਜਗਤ ਸਿਉਂ ਪੁਰਾਣੇ ਬਿਨਾਂ ਮਰਗਾਟਾ ਵਾਲੇ ਮੈਸੀ ‘ਤੇ ਆਉਂਦਾ ਦਿੱਸਿਆ, ਉਸ ਨੇ ਆਪਣੇ ਪੁਰਾਣੇ ਟਰੈਕਟਰ ‘ਤੇ ਕੱਪੜਾ ਮਾਰਕੇ ਸਟਾਰਟ ਕਰ ਲਿਆ ਸੀ। ਮੈਂਨੂੰ ਆਉਂਦੇ ਨੂੰ ਵੇਖ ਤਾਏ ਨੇ ਟਰੈਕਟਰ ਹੌਲੀ ਕੀਤਾ ਤੇ ਮੈਂ ਕਿਹਾ ਤਾਇਆ ਥੋੜਾ ਆਰਾਮ ਕਰ ਲੈਣਾ ਸੀ, ਉਹ ਕਹਿੰਦਾ ਕੋਈ ਨਾ ਆਰਾਮ ਹੀ ਆ, ਬਹੁਤ ਦਿਨ ਹੋ ਗਏ ਇਹਨੂੰ ਖੜ੍ਹੇ ਨੂੰ ਤੇਲ ਤੂਲ ਹੀ ਬਦਲਾ ਲਿਆਵਾਂ ਸ਼ਹਿਰ ਜਾ ਕੇ। ਤਾਇਆ ਜਗਤਾ ਬੜੇ ਸਮੇਂ ਬਾਅਦ ਕੁੜਤੇ ਪਜਾਮੇ ਨਾਲ ਡੱਬੀਆਂ ਵਾਲਾ ਪਰਨਾ ਬੰਨ੍ਹਕੇ ਪਿੰਡ ਘੁੰਮ ਰਿਹਾ ਸੀ। ਅਸਲ ਵਿੱਚ ਗੋਰਿਆਂ ਵੱਲੋਂ ਆਪਣੇ ਦੇਸ਼ਾਂ ਵਿੱਚੋ ਬਾਹਰ ਕੱਢਣ ਉਤੇ ਸਭ ਤੋਂ ਵੱਧ ਵਲੈਤ ਤੋਂ ਆਏ ਬਜ਼ੁਰਗ ਹੀ ਵਧੇਰੇ ਖੁਸ਼ ਸੀ, ਕਿਉਂਕਿ ਜਿਹੜੇ ਵਲੈਤ ਬੈਠੇ ਆਪਣੇ ਘਰਾਂ ਦੇ ਕਮਰਿਆਂ ਵਿੱਚ ਵਿਹਲਾ ਸਮਾਂ ਮਸਾਂ ਲੰਘਾਉਂਦੇ ਸੀ, ਉਹ ਹੁਣ ਪਿੰਡ ਆਕੇ ਬਹੁਤ ਬਿਜੀ ਹੋ ਗਏ ਸੀ, ਸੱਗੋਂ ਉਹਨਾਂ ਨੂੰ ਇਦਾ ਲੱਗਦਾ ਸੀ ਕਿ ਸਾਡੀ ਚਿਰਾਂ ਤੋਂ ਗੁਆਚੀ ਮੁਖਤਿਆਰੀ ਤੇ ਸਰਦਾਰੀ ਵਾਪਸ ਆ ਗਈ ਸੀ। ਤਾਏ ਨੂੰ ਫਤਿਹ ਬੁਲਾ ਜਦ ਫ਼ਿਰਨੀ ਤੋ ਪਹਿਲੀ ਗਲੀ ਮੁੜਿਆ ਤਾਂ ਤਰੇਕਾਂ ਹੇਠ ਮੰਜੀ ਡਾਹਕੇ ਲੰਮਾ ਪਿਆ ਕਨੈਡਾ ਤੋਂ ਆਇਆ ਵੱਡਾ ਵੀਰ ਭਾਨਾ ਸਿੰਘ ਮਿਲ ਗਿਆ, ਮੈਂਨੂੰ ਆਉਂਦੇ ਨੂੰ ਵੇਖ ਦੂਜੀ ਮੰਜੀ ਉੱਤੇ ਬੈਠਣ ਦਾ ਇਸ਼ਾਰਾ ਕਰਦਿਆਂ ਕਹਿੰਦਾ ਵੇਖ ਵੀਰ ਇਥੇ ਹੈ ਕੋਈ ਫ਼ਿਕਰ, ਨਾ ਕੰਮ ਦੀ, ਨਾ ਕਿਸ਼ਤਾਂ ਦੀ ਤੇ ਨਾ ਕੋਈ ਹੋਰ। ਸਵੇਰ ਦੀ ਕਾਂ ਦੇ ਸਿਰ ਜਿੰਨੀਂ ਕੁ ਖਾਂਦੀ ਆ ਦੋ ਵਾਰ ਚਾਹ ਪੀ ਲਈ, ਇਕ ਵਾਰ ਖੇਤਾਂ ਨੂੰ ਜਾਂਦਾ ਆਪਣਾ ਸੁਰਜਨ ਸਿਉਂ ਘੜੀ ਗੱਲਾਂ ਸੁਣਾ ਗਿਆ, ਹੁਣ ਦੁਪਹਿਰ ਨੂੰ ਸੌਣ ਸੌਣ ਖੇਡਾਗੇ, ਫਿਰ ਸ਼ਾਮ ਨੂੰ ਦੋ ਪੇਅਗ ਲਾਕੇ ਫਿਰ ਸੌਂਜਾਗੇ। ਮੈਂਨੂੰ ਤਾਂ ਸਮਝ ਹੀ ਨਹੀਂ ਲੱਗੀ ਇੰਨੇ ਸਾਲ ਕਿਹੜੇ ਚੱਕਰਾਂ ਵਿੱਚ ਪਏ ਰਹੇ ਕੈਨੇਡਾ।
ਉਧਰ ਪਿੰਡ ਵਾਲੇ ਮੋੜ ਉੱਤੇ ਜੰਟਾ ਅਮਲੀ ਤੇ ਬੀਰਾ ਸ਼ਰਾਬੀ ਆਪਣੀ ਮਹਿਫ਼ਲ ਲਾਕੇ ਬੈਠੇ ਬਾਹਰੋਂ ਆਏ ਵਲੈਤੀਆਂ ਨੂੰ ਟਿੱਚਰਾਂ ਕਰਨ ਦੀ ਤਿਆਰੀ ਵਿੱਚ ਸਨ। ਜੰਟਾ ਅਮਲੀ ਯੂਕੇ ਤੋਂ ਆਏ ਗੁਰਨਾਮ ਨੂੰ ਆਂਹਦਾ,” ਓਏ ਗਾਮੇ ਹੋ ਕੀ ਗਿਆ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ, ਸਾਰੇ ਪਿੰਡਾਂ ਨੂੰ ਤੌਰ ਤੇ।
ਦੇਖੇ ਨਾ ਮੇਰਾ ਤਾਂ ਮਾਲ ਜਿਹਾ ਮੁੱਕਾ ਤੇ ਊਂ ਵੀ ਪਾਲਾ ਜਿਹਾ ਲੱਗ ਗਿਆ ਤੇ ਮੈਂ ਤਾਂ ਜੁੱਲੇ ‘ਚ ਹੀ ਵੜਿਆ ਰਿਹਾ ਦੋ ਕੁ ਦਿਨ, ਆ ਪਰਸੋਂ ਸਰੀਰ ਮਾੜਾ ਜਿਹਾ ਕਹਿਣੇ ਵਿੱਚ ਹੋਇਆ ਤਾਂ ਬਾਹਰ ਵੇਖਿਆ ਤੇ ਸਾਡੇ ਨਿਆਣਿਆਂ ਨਾਲ ਆ ਤੁਹਾਡੇ ਵਲੈਤੀ ਚਿੱਟੇ ਜਿਹੇ, ਸਿੱਧੇ ਜਿਹੇ ਵਾਲਾਂ ਵਾਲੇ ਕਿੰਨੇ ਨਿਆਣੇ ਖੇਡੀ ਫਿਰਨ, ਮੈਂ ਸੋਚਾਂ ਉਏ ਆ ਰੂੰ ਜਹੇ ਅਰਗੇ ਇੰਨੇ ਜਵਾਕ ਕਿੱਥੋਂ ਆ ਗਏ ਪਿੰਡ, ਫਿਰ ਮੈਨੂੰ ਆ ਬੀਰੇ ਨੇ ਦੱਸਿਆ ਕਿ ਜੰਟਿਆ ਤੈਨੂੰ ਪਤਾ ਹੀ ਨਹੀਂ ਅਖੇ ਆ ਭਾਣਾ ਵਰਤ ਗਿਆ। ਸਾਰੇ ਜੰਟੇ ਦੀਆਂ ਗੱਲਾਂ ਸੁਣ ਕੇ ਹੱਸਣ ਲੱਗ ਗਏ ਤੇ ਮੈਂ ਸੋਚਣ ਲੱਗਾ ਕਿ ਅੱਜ ਵੀ ਜੰਟੇ ਤੇ ਬੀਰੇ ਹੋਣਾ ਦੀਆਂ ਉਹੀ ਗੱਲਾਂ ਨੇ ਜੋ ਵੀਹ ਪੱਚੀ ਸਾਲ ਪਹਿਲਾਂ ਹੁੰਦੀਆਂ ਸੀ, ਇਹਨਾਂ ਨੂੰ ਪਤਾ ਹੀ ਨਹੀਂ ਕਿ ਡਿਪਰੇਸ਼ਨ ਤੇ ਸਟ੍ਰੈੱਸ ਕਿਸ ਚਿੜੀ ਦਾ ਨਾਂ ਆ, ਬਸ ਕੰਮ ਕੋਈ ਨਹੀਂ, ਚੰਗਾ ਖਾਂਦੇ ਆ ਮਾੜਾ ਬੋਲਦੇ ਆ, ਕਿਆ ਜ਼ਿੰਦਗੀ ਜਿਉਈ ਆ ਇੰਨਾ ਨੇ। ਜਦੋਂ ਘਰ ਨੂੰ ਵਾਪਸੀ ਕੀਤੀ ਤਾਂ ਰਾਹ ਵਿੱਚ 25-30 ਸਾਲ ਪਹਿਲਾਂ ਯੂ ਪੀ ਤੋਂ ਆਕੇ ਵੱਸੇ ਰਾਮ ਪ੍ਰਸਾਦ ਯਾਦਵ ਦੇ ਘਰ ਅੱਗੇ ਖੜੇ ਉਸਦੇ 9 ਕੁ ਸਾਲ ਦੇ ਮੁੰਡੇ ਨੇ ਜੋ ਸਾਡੇ ਪਿੰਡ ਦਾ ਹੀ ਜੰਮਪਲ ਸੀ ਨੇ ਮੈਨੂੰ ਸਤ ਸ੍ਰੀ ਆਕਾਲ ਬੁਲਾਈ ਤੇ ਠੇਠ ਪੰਜਾਬੀ ਵਿੱਚ ਪੁੱਛਣ ਲੱਗਾ, ਜੀ ਤੁਸੀਂ ਸਾਡੇ ਪਿੰਡ ਕਿੰਨਾ ਦੇ ਪਰਹੁਣੇ ਆਏ ਆ, ਮੈਂ ਉਸ ਦੇ ਮੂੰਹੋਂ ਸਾਡਾ ਪਿੰਡ ਸੁਣਕੇ ਥੋੜਾ ਮੁਸਕਰਾਇਆ ਤੇ ਉਸ ਨੂੰ ਆਖਣ ਲੱਗਾ ਪੁੱਤਰਾ ਮੈਂ ਪਿੰਡ ਪਰਹੁਣਾ ਨਹੀਂ ਆਇਆ ਮੇਰਾ ਵੀ ਇਹੋ ਪਿੰਡ ਆ।
ਅੱਗੇ ਗਿਆ ਤਾਂ ਚਾਚੇ ਦਲੇਰ ਸਿੰਘ ਦਾ ਮੁੰਡਾ, ਨੂੰਹ ਤੇ ਬੱਚੇ ਵੀ ਕੈਨੇਡਾ ਤੋਂ ਪਿੰਡ ਆ ਗਏ ਸੀ, ਉਹਨਾਂ ਦੇ ਘਰ ਨੇੜੇ ਹੋਇਆ ਤਾਂ ਚਾਚੀ ਮਹਿੰਦਰ ਕੌਰ ਨੇ ਚੁੱਲ੍ਹੇ ‘ਤੇ ਤੇਲ ਦੀ ਕੜਾਹੀ ਚਾੜ੍ਹੀ ਤੇ ਆਟਾ ਘੋਲਕੇ ਬੈਠੀ ਨਜ਼ਰ ਆਈ। ਮੈਂ ਜਾਂਦੇ ਨੇ ਪੁੱਛਿਆ ਚਾਚੀ ਕੀ ਬਣਾਉਣ ਲੱਗੀ ਆ, ਉਹ ਕਹਿੰਦੀ ਭਾਈ ਬਣਾਉਣਾ ਕੀ ਆ, ਇਹ ਕਨੇਡੇ ਵਾਲੇ ਨਿਆਣੇ ਕੱਲ ਦੇ ਮੇਰੀ ਨੂੰਹ ਦੁਆਲੇ ਹੋਏ ਆ ਅਖੇ ਮੰਮਾ ਅਸੀਂ ਟਿੰਮਬਡ ਖਾਣੇ, ਮੈਂ ਕਿਹਾ ਆਪਣੀ ਨੂੰਹ ਨੂੰ ਕਿ ਉਹ ਹੁੰਦੇ ਕੀ ਆ? ਉਹ ਮੈਨੂੰ ਕਹਿੰਦੀ ਬੀਬੀ ਉਹ ਟਿੰਮ ਹੋਟਨ ਤੋਂ ਮਿਲਦੇ ਜਿਵੇਂ ਮਿੱਠੇ ਗੁਲਗਲੇ ਹੁੰਦੇ ਆ ਜਿਦਣ ਸ਼ਹਿਰ ਗਏ ਲੈ ਦੇਵਾਂਗੇ, ਮੈਂ ਕਿਹਾ ਹਾਏ ਨੀਂ ਭਰਿਆ ਭਰਾਇਆ ਘਰ ਆ ਤੇ ਨਿਆਣੇ ਗੁਲਗਲਿਆਂ ਨੂੰ ਤਰਸੀ ਜਾਣ। ਮੈਂ ਹੁਣੇ ਮਿੰਟ ਵਿੱਚ ਬਣਾ ਦੇਨੀ ਆ ਕਨੇਡੇ ਵਾਲੇ ਟਿੰਮਬਠੇ ਗੁਲਗਲੇ। ਨਿਆਣੇ ਵੀ ਟਿੰਬਡਾਂ ਦੀ ਤੋੜ ਵਿੱਚ ਬੜੇ ਚਾਹ ਨਾਲ ਗੁਲਗਲੇ ਖਾ ਰਹੇ ਸੀ।
ਅਗਲੀ ਗਲੀ ਵਿੱਚ ਹੀ ਬਾਬੇ ਮੰਗਲ ਸਿੰਘ ਸੰਧੂ ਦਾ ਘਰ ਸੀ, ਜਿਸਦਾ ਪਰਿਵਾਰ ਰਾਤ ਹੀ ਕੈਨੇਡਾ ਤੋਂ ਆਇਆ ਸੀ। ਸਵੇਰ ਹੁੰਦਿਆ ਹੀ ਤਿੰਨੇ ਭਰਾਵਾਂ ਵਿੱਚ ਘਰ ਅਤੇ ਘਰ ਪਿੱਛੇ ਲਗਦੀ ਜਗ੍ਹਾ ਨੂੰ ਲੈਕੇ ਝਗੜਾ ਹੋ ਗਿਆ ਸੀ। ਦੋ ਭਰਾ ਇਕ ਪਾਸੇ ਹੋ ਗਏ ਤਾਂ ਤੀਜੇ ਨੂੰ ਕੋਈ ਵੀ ਹਿੱਸਾ ਦੇਕੇ ਰਾਜੀ ਨਹੀਂ ਸੀ, ਬੇਸ਼ੱਕ ਤੀਜਾ ਭਰਾ ਕੈਨੇਡਾ ਵਿੱਚ ਰਿਆਲਟਰ ਸੀ ਤੇ ਲੋਕਾਂ ਨੂੰ ਘਰ ਲੈਕੇ ਦਿੰਦਾ ਸੀ ਪਰ ਸਮੇਂ ਦਾ ਅਜਿਹਾ ਗੇੜਾ ਚਲਿਆ ਕਿ ਅੱਜ ਉਹ ਆਪਣੇ ਘਰ ਵਿੱਚੋ ਹਿੱਸਾ ਲੈਣ ਲਈ ਪਿੰਡ ਦੇ ਸਰਪੰਚ, ਪੰਚ ਤੇ ਨੰਬਰਦਾਰਾਂ ਦੀਆਂ ਮਿੰਨਤਾਂ ਕਰ ਰਿਹਾ ਸੀ। ਇੰਨੇ ਨੂੰ ਸ਼ਾਮ ਦਾ ਸਮਾਂ ਹੋ ਗਿਆ ਤੇ ਮੈਂ ਘਰ ਵਾਪਸ ਆ ਗਿਆ, ਮੈਂ ਸੋਚਿਆ ਕਿ ਕੁੱਝ ਸਮਾਂ ਆਰਾਮ ਕੀਤਾ ਜਾਏ।
ਅਜੇ ਮੇਰੀ ਅੱਖ ਲੱਗੀ ਹੀ ਸੀ ਤਾਂ ਮੇਰੇ ਫੋਨ ਉਤੇ ਕੈਨੇਡਾ ਵਿੱਚ ਮੇਰਾ ਕੰਮ ‘ਤੇ ਜਾਣ ਵਾਲਾ ਅਲਾਰਮ ਵੱਜਣ ਲੱਗ ਗਿਆ। ਜਿਵੇਂ ਅਲਾਰਮ ਨਾਲ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਕੈਨੇਡਾ ਵਾਲੇ ਘਰ ਹੀ ਪਿਆ ਸੀ, ਸਵੇਰ ਦੇ ਸਵਾ ਪੰਜ ਵੱਜ ਚੁੱਕੇ ਸੀ ਤੇ ਮੇਰੇ ਕੰਮ ‘ਤੇ ਜਾਣ ਦਾ ਤੀਜਾ ਅਲਾਰਮ ਵੱਜ ਚੁੱਕਾ ਸੀ, ਮੈਂ ਸਿੱਧਾ ਪਿੰਡ ਤੋਂ ਕੈਨੇਡਾ ਆ ਚੁੱਕਾ ਸੀ। ਮੈਂ ਲੇਟ ਹੋਣ ਤੋਂ ਬਚਣ ਲਈ ਜਲਦਬਾਜ਼ੀ ਵਿੱਚ ਕੰਮ ਲਈ ਨਿਕਲ ਪਿਆ। ਮੈਂ ਜਾਕੇ ਸਿੱਧੀ ਬਰੇਕ ਟਿੰਮ ਹੋਟਨ ਦੀ ਡਰਾਈਵ ਥ੍ਰੋ ਦੀ ਲਾਈਨ ਵਿੱਚ ਮਾਰੀ, ਮੈਂ ਸੋਚਣ ਲੱਗਾ ਕਿਆ ਸੁਪਨਾ ਸੀ ਯਾਰ, ਸਭ ਪਰਦੇਸੀ ਪਿੰਡ ਹੀ ਤੁਰੇ ਫਿਰਦੇ ਸੀ, ਕਿਆ ਰੌਣਕਾਂ ਲੱਗੀਆਂ ਸੀ, ਮੈਂ ਆਪਣੇ ਆਪ ਨੂੰ ਪੁੱਛਣ ਲੱਗਾ ਸੱਚੀ ਇਦਾ ਵੀ ਹੋ ਸਕਦਾ ਆ? ਇਸ ਤੋਂ ਪਹਿਲਾਂ ਅਜੇ ਕੋਈ ਜਵਾਬ ਲੱਭਦਾ ਉਦੋਂ ਹੀ ਮੇਰੀ ਕੌਫੀ ਚੁੱਕਣ ਦੀ ਵਾਰੀ ਆ ਗਈ, ਕੌਫੀ ਚੁੱਕ ਕੇ ਮੈਂ ਫਿਰ ਜ਼ਿੰਦਗੀ ਦੀ ਜੰਗ ਲੜਨ ਲਈ ਨਿਕਲ ਪਿਆ, ਪਰ ਜਾਂਦੇ ਜਾਂਦੇ ਮੇਰੇ ਮੂੰਹੋਂ ਬਸ ਇੱਕੋ ਗੱਲ ਨਿਕਲੀ, ਵਾਹ ਉਏ ਸੁਪਨਿਆਂ ਨਜ਼ਾਰਾ ਲਿਆ ਤਾਂ,,,,,।
✍️ ਪਰਮਵੀਰ ਸਿੰਘ ਢਿੱਲੋਂ