ਅਮਰੀਕਾ ਵੱਲੋਂ ਭਾਰਤੀਆਂ ਨੂੰ ਢਾਈ ਲੱਖ ਵੀਜ਼ੇ ਦੇਣ ਦੀ ਤਿਆਰੀ

ਅਮਰੀਕੀ ਮਿਸ਼ਨ ਨੇ ਢਾਈ ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ। ਅਮਰੀਕਾ ਵੱਲੋਂ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਇਹ ਵਾਧੂ ਵੀਜ਼ੇ ਦਿੱਤੇ ਜਾਣਗੇ। ਅਮਰੀਕੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਸਾਂਝੀ ਕੀਤੀ ਗਈ ਪੋਸਟ ’ਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਵਿਦਿਆਰਥੀ ਵੀਜ਼ੇ ਦੇ ਚਾਹਵਾਨਾਂ ਨੂੰ ਭਾਰਤ ’ਚ ਪੰਜ ਅਮਰੀਕੀ ਕੌਂਸੁਲੇਟਾਂ ’ਚੋਂ ਇਕ ’ਚ ਮਿਲਣ ਦਾ ਸਮਾਂ ਮਿਲ ਸਕਦਾ ਹੈ। ਬਿਆਨ ’ਚ ਕਿਹਾ ਗਿਆ ਕਿ ਇਹ ਪਰਿਵਾਰਾਂ ਨੂੰ ਜੋੜਨ, ਕਾਰੋਬਾਰੀਆਂ ਨਾਲ ਸੰਪਰਕ ਕਾਇਮ ਕਰਨ ਅਤੇ ਸੈਰ-ਸਪਾਟੇ ਨੂੰ ਸਰਲ ਬਣਾਉਣ ਦਾ ਉਪਰਾਲਾ ਹੈ। ਬਿਆਨ ਮੁਤਾਬਕ ਬੀਤੇ ਇਕ ਸਾਲ ਦੌਰਾਨ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਦੌਰਾ ਕੀਤਾ 2023 ਦੇ ਮੁਕਾਬਲੇ ’ਚ 35 ਫ਼ੀਸਦ ਦਾ ਵਾਧਾ ਹੈ। ਅਮਰੀਕਾ ਦੇ ਦੌਰੇ ਲਈ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਨਾਨ ਇਮੀਗਰੈਂਟ ਵੀਜ਼ੇ ਹਨ ਅਤੇ ਰੋਜ਼ਾਨਾ ਮਿਸ਼ਨ ਵੱਲੋਂ ਹਜ਼ਾਰਾਂ ਹੋਰ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਅਮਰੀਕੀ ਸਫ਼ਾਰਤਖਾਨੇ ਅਤੇ ਕੌਂਸੁਲੇਟਾਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਨੇ 2023 ’ਚ ਭਾਰਤੀਆਂ ਨੂੰ 1.4 ਲੱਖ ਤੋਂ ਵਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸਨ। ਇਹ ਵੀਜ਼ੇ ਦੁਨੀਆ ਦੇ ਕਿਸੇ ਹੋਰ ਮੁਲਕ ਨਾਲੋਂ ਜ਼ਿਆਦਾ ਸਨ। ਲਗਾਤਾਰ ਤੀਜੇ ਸਾਲ ਇੰਨੇ ਜ਼ਿਆਦਾ ਵੀਜ਼ੇ ਜਾਰੀ ਕਰਕੇ ਰਿਕਾਰਡ ਸਥਾਪਤ ਕੀਤਾ ਗਿਆ ਹੈ।

Total Views: 299 ,
Real Estate