ਦੂਜਾ ਹਿੱਸਾ – ਪੰਜਾਬੀ ਪੰਥ ਦੇ ਹੁਸਨ-ਇਖ਼ਲਾਕ ਦਾ ਮੁਜੱਸਮਾ – ਸੰਤ ਹਰਚੰਦ ਸਿੰਘ ਲੌਂਗੋਵਾਲ

ਸੁਮੇਲ ਸਿੰਘ ਸਿੱਧੂ
ਸੰਤ ਲੌਂਗੋਵਾਲ ਦੇ ਸਾਰਥਕ ਰਾਜਨੀਤਕ-ਵਿਚਾਰਧਾਰਕ ਮੁਲੰਕਣ ਲਈ ਜ਼ਰੂਰੀ ਹੈ ਕਿ ਅਕਾਲੀ ਲਹਿਰ ਦੇ ਸਿਆਸੀ ਸੱਭਿਆਚਾਰ ਵਿਚ ਕਾਰਜਸ਼ੀਲ ਸੱਜੇ ਤੇ ਖੱਬੇ ਰੁਝਾਨ ਦੀ ਪੜਤਾਲ ਕੀਤੀ ਜਾਵੇ। ਪੰਜਾਬ ਦੇ ਸਿਆਸੀ ਅਵਚੇਤਨ ਨੂੰ ਡੌਲਣ ਵਾਲੀਆਂ; ਲੋਕਾਈ ਨੂੰ ਅੰਦੋਲਨਾਂ ਵਿਚ ਉਤਾਰਨ ਵਾਲੀਆਂ ਅਤੇ ਇਨਸਾਫ਼, ਬਰਾਬਰੀ ਲਈ ਜੂਝਣ ਵਾਲੀਆਂ ਰਵਾਇਤਾਂ ਨੂੰ ਬੱਬਰ ਅਕਾਲੀ ਲਹਿਰ ਦੇ ਵਿਚਾਰਵਾਨ ਮਾਸਟਰ ਮੋਤਾ ਸਿੰਘ ਦੇ ਦਿੱਤੇ ‘ਅਕਾਲਸ਼ੇਵਿਜ਼ਮ’ ਦੇ ਸੰਕਲਪ ਵਿਚੋਂ ਤਲਾਸ਼ਿਆ ਜਾ ਸਕਦਾ ਹੈ।

‘ਅਕਾਲਸ਼ੇਵਿਜ਼ਮ’ ਅਨੁਸਾਰ ਸਰਬੱਤ ਦੇ ਭਲੇ ਲਈ ਰੂਸੀ ਬਾਲਸ਼ਵਿਕ ਇਨਕਲਾਬ ਦੇ ਸਿਧਾਂਤਕ ਅਮਲ ਨੂੰ ਪੰਜਾਬ ਵਿਚ ਸਫ਼ਲਤਾ ਸਹਿਤ ਪਰਵਾਨ ਚਾੜ੍ਹਨਾ, ਵੀਹਵੀਂ ਸਦੀ ਦੀ ਸਾਮਰਾਜ-ਵਿਰੋਧੀ ਅਕਾਲੀ ਕਰਮਧਾਰਾ ਨਾਲ ਸੰਜੋਗ ਕੇ ਸੰਭਵ ਹੈ।
ਅਕਾਲਸ਼ੇਵਿਜ਼ਮ ਦਾ ਵਰਤਾਰਾ ਦੋ-ਪਾਸੀਂ ਚਲਦਾ ਹੈ: ਪਹਿਲਾ, ਸਾਮਰਾਜ-ਵਿਰੋਧੀ ਮਾਰਕਸੀ ਵਿਚਾਰਧਾਰਾ ਨੂੰ ਪੰਜਾਬੀ ਲੋਕਾਈ ਨਾਲ ਜੋੜ ਕੇ ਅੰਦੋਲਨ ਉਸਾਰਨ ਦੇ ਕਾਰਜ ਵਿਚ। ਇਸ ਰੁਝਾਨ ਦੀ ਉਦਾਹਰਣ 1917 ਤੋਂ ਬਾਅਦ ਦੇ ਗ਼ਦਰੀ ਹਨ, ਖ਼ਾਸ ਕਰ ‘ਕਿਰਤੀ’ ਦੇ ਸੰਪਾਦਕ ਭਾਈ ਸੰਤੋਖ ਸਿੰਘ ਧਰਦਿਉ, ਕਾ. ਤੇਜਾ ਸਿੰਘ ਸੁਤੰਤਰ, ਮੁਜ਼ਾਰਾ ਲਹਿਰ ਦੇ ਕਾਮਰੇਡ ਧਰਮ ਸਿੰਘ ‘ਫੱਕਰ’, ਆਦਿ।
ਦੂਜਾ ਰੁਝਾਨ ਸਿੱਖ ਭਾਵਨਾ ਤੇ ਅਕਾਲੀ ਲਹਿਰ ਤੋਂ ਤੁਰਦਿਆਂ ਲੋਕਾਈ ਦੀ ਮੁਕਤੀ ਲਈ ਸਮਾਜਵਾਦੀ ਵਿਚਾਰਧਾਰਾ ਨਾਲ ਸਾਂਝੀਵਾਲਤਾ ਦਾ ਦਾਇਰਾ ਬਨਾਉਣਾ। ਇਸ ਦੀ ਉਦਾਹਰਣ ਗਿ. ਹੀਰਾ ਸਿੰਘ ‘ਦਰਦ’, ਮਾ. ਮੋਤਾ ਸਿੰਘ, 1913-14 ਵਾਲੇ ਪਹਿਲੇ ਪੂਰ ਦੇ ਗ਼ਦਰੀ ਬਾਬੇ, ਜ. ਸੰਪੂਰਨ ਸਿੰਘ ਰਾਮਾ ਅਤੇ ਸਾਡੇ ਨਜ਼ਦੀਕ ਸੰਤ ਹਰਚੰਦ ਸਿੰਘ ਲੌਂਗੋਵਾਲ ਬਣਦੇ ਹਨ।

ਵਡੇਰਾ ਮਸਲਾ ਹੈ ਕਿ ਪੰਜਾਬੀ ਖਿੱਤੇ ਦੇ ਸਾਂਝੇ ਇਤਿਹਾਸਕ ਅਨੁਭਵ ਵਿਚ ਸਿੱਖ ਲਹਿਰ ਦਾ ਯੋਗਦਾਨ ਕਿਵੇਂ ਸਮਝਿਆ ਜਾਏ? ਇਸ ਸਵਾਲ ਨੇ ਲਗਾਤਾਰ ਪੰਜਾਬੀ ਬੁਧੀਜੀਵੀਆਂ ਅਤੇ ਸਿਆਸੀ ਆਗੂਆਂ ਨੂੰ ਵੰਗਾਰਿਆ ਹੈ। ਅਕਾਲੀ ਦਲ ਨੇ ਆਪਣੀ ਅਮਲੀ ਅਗਵਾਈ ਦੇ ਬਾਵਜੂਦ ਇਸ ਮਹੱਤਵਪੂਰਨ ਸਿਧਾਂਤਕ ਸਵਾਲ ਨੂੰ ਨਜਿੱਠਿਆ ਨਹੀਂ ਹੈ, ਸਗੋਂ ‘ਪੰਥਕ’ ਹੋਣ ਨੁੰ ਤੇ ‘ਪੰਜਾਬੀ’ ਹੋਣ ਨੂੰ ਕਈ ਵਾਰ ਤਾਂ ਇਕ-ਦੂਜੇ ਦੇ ਵਿਰੋਧ ਵਿਚ ਲੈ ਆਂਦਾ ਹੈ। 1925 ਵਿਚ ਗੁਰਦੁਆਰਾ ਕਾਨੂੰਨ ਬਣਨ ਪਿੱਛੋਂ ਸਿੱਖ ਲਹਿਰ ਦੀ ਪ੍ਰੇਰਨਾ ਨਾਲ ਨਵਾਂ ਸਮਾਜ ਸਿਰਜਣ ਵਾਲੇ ਬਹੁਤੇ ਆਗੂ ਕਮਿਊਨਿਸਟ ਲਹਿਰ ਨਾਲ ਜੁੜ ਗਏ ਤੇ ਸਿੱਖੀ ਦਾਇਰੇ ਵਿਚ ਪੰਥਕ ਚੇਤਨਾ ਨੂੰ ਗੁਰਦੁਆਰਾ ਪ੍ਰਬੰਧ ਅਤੇ ਰਹਿਤ ਮਰਿਆਦਾ ਨਿਭਾਉਣ ਤੱਕ ਸੀਮਤ ਰੱਖਣ ਵਾਲੇ ਆਗੂ ਹੌਲੀ-ਹੌਲੀ ਕਾਬਜ਼ ਹੁੰਦੇ ਗਏ। ਮਾ. ਤਾਰਾ ਸਿੰਘ ਇਸ ਰੁਝਾਨ ਦੀ ਮਿਸਾਲ ਹਨ ਅਤੇ ਉਨ੍ਹਾਂ ਨੂੰ ‘ਅਕਾਲੀ’ ਅਖਬਾਰ ਦੇ ਸੰਸਥਾਪਕ ਸੰਪਾਦਕ ਗਿ. ਹੀਰਾ ਸਿੰਘ ‘ਦਰਦ’ ਨੇ ਆਪਣੀ ਖੁੱਲ੍ਹੀ ਚਿੱਠੀ ਵਿਚ ਵਰਜਿਆ ਵੀ ਸੀ।

ਅਕਾਲੀ ਲਹਿਰ ਦਾ ਸਿਦਕ ਤੇ ਊਰਜਾ ਹੋਰ ਲਹਿਰਾਂ ਵਿਚ ਤਾਂ ਪਰਗਟ ਹੋਈ, ਪਰ ਪੰਥਕ ਮਾਮਲਿਆਂ ਵਿਚ ਰਿਆਸਤਾਂ ਦੇ ਰਾਜਿਆਂ ਅਤੇ ‘ਸਰਦਾਰ ਬਹਾਦਰਾਂ’ ਦਾ ਪਰੋਖ ਦਖਲ ਵਧਣ ਲੱਗਾ। ਗ਼ੌਰ ਕਰੀਏ ਕਿ 1925 ਦੇ ਗੁਰਦੁਆਰਾ ਐਕਟ ਤੋਂ ਮਗਰਲੇ ਦੌਰ ਵਿਚ ਮਾਲਵੇ ਦੀਆਂ ਰਿਆਸਤਾਂ ਵਿਚ ਰਜਵਾੜਾਸ਼ਾਹੀ-ਵਿਰੋਧੀ ਲੋਕ ਅੰਦੋਲਨ ਪਹਿਲਾਂ ਪਰਜਾ ਮੰਡਲ ਤੇ ਫ਼ੇਰ ਮੁਜ਼ਾਰਾ ਲਹਿਰ ਵਿਚ ਅੱਗੇ ਵਧਿਆ। ਮਾਲਵੇ ਵਿੱਚ ਅਕਾਲੀ ਲਹਿਰ ਦਾ ਖੱਬਾ-ਪੱਖ ਹੁਣ ਲਾਲ ਕਮਿਊਨਿਸਟ ਪਾਰਟੀ ਦੇ ‘ਕਛਹਿਰਆਂ ਵਾਲੇ ਕਾਮਰੇਡਾਂ’ ਦੀ ਸੰਗਤ ਵਿਚ ਬਾਕੀ ਪੰਜਾਬ ਦੇ ਅਕਾਲੀਆਂ ਤੋਂ ਜ਼ਿਆਦਾ ਮਜ਼ਬੂਤ ਆਧਾਰ ਵਾਲਾ ਸੀ। ਆਪਣੀ ਅਕਾਲੀ ਵਿਚਾਰਧਾਰਾ ਨੂੰ ਗ਼ਰੀਬ ਤੇ ਮਜ਼ਲੂਮ ਲੋਕਾਈ ਦੇ ਹੱਕਾਂ ਲਈ ਜੂਝਣ ਦਾ ਸ਼ਸਤਰ ਸਮਝਣਾ ਤੇ ਨਾਲ ਹੀ ਸੰਪਰਦਾਈ ਵਲਗਣ ਤੋਂ ਨਿਰਲੇਪ ਰਹਿੰਦਿਆਂ ਸਮੂਹ ਪੰਜਾਬੀਆਂ ਨੂੰ ਨਾਲ ਲੈਣਾ – ਇਹ ‘ਨਰਮ ਦਲ’ ਦੀ ਸਿਧਾਂਤਕ ਸਾਂਝੀਵਾਲਤਾ ਸੀ।

ਅਕਾਲੀ ਦਲ ਦਾ ਸੱਜਾ-ਪੱਖ ਧਨਾਢਾਂ ਤੇ ਰਜਵਾੜਿਆਂ ਨਾਲ ਗੱਠਜੋੜ ਨੂੰ ਬੁਰਾ ਨਹੀਂ ਮੰਨਦਾ ਸੀ, ਕਿਉਂਕਿ ਇਨ੍ਹਾਂ ਵੱਲੋਂ ਸਿੱਖੀ ਦਾ ਅਰਥ ਸਿੱਖਾਂ ਦੀਆਂ ਭਾਈਚਾਰਕ ਮੰਗਾਂ ਤੱਕ ਘਟਾ ਲਿਆ ਗਿਆ ਸੀ। ‘ਸਿੱਖੀ ਨੂੰ ਖ਼ਤਰਾ’ ਇਸ ‘ਗਰਮ ਦਲ’ ਦਾ ਸਦਾ-ਬਹਾਰ ਏਜੰਡਾ ਸੀ, ਜਿਸ ਨਾਲ ਇਹ ‘ਨਰਮ ਦਲੀਆਂ’ ਨੂੰ ਅਕਸਰ ਹੀ ਹੌਲਾ ਪਾਉਣ ਵਿਚ ਕਾਮਯਾਬ ਹੋ ਜਾਂਦੇ ਸਨ। ਜ. ਟੌਹੜਾ ਅਤੇ ਤਲਵੰਡੀ ਇਸ ਰੁਝਾਨ ਦੀ ਨੁਮਾਇੰਦਗੀ ਕਰਦੇ ਸਨ। ਜਦੋਂ ਕਿ ਸੰਤ ਲੌਂਗੋਵਾਲ ਸਿੱਖ ਸਿਧਾਂਤ ਦੀ ਪਰਪੱਕ ਸੁਰਤਕਾਰੀ ਨੂੰ ਸਾਂਝੀਵਾਲਤਾ ਦੀ ਸਿਆਸਤ ਵਿਚ ਢਾਲਣ ਦੇ ਮਹਾਨ ਕਾਰਜ ਲਈ ਸਮਰਪਿਤ ਸਨ। ਇਕ ਮੌਕਾਪ੍ਰਸਤ ਲਾਣਾ ਵੀ ਸੀ ਜਿਹੜਾ ਵੇਲਾ ਵੇਖ ਕੇ ਕਦੇ ਹਿੰਦੂ-ਸਿੱਖ ਏਕਤਾ ਦਾ ਮੁਦਈ ਬਣ ਜਾਂਦਾ ਸੀ, ਕਦੇ ਭਿੰਡਰਾਂਵਾਲੇ ਨਾਲ ਹੋ ਜਾਂਦਾ ਸੀ। ਸ. ਬਾਦਲ ਅਤੇ ਉਹਨਾਂ ਦੇ ਪੈਰੋਕਾਰ ਇਸ ਰੁਝਾਨ ਦੀ ਧਿਰ ਸਨ ਜਿਹੜੀ ਸੰਤ ਲੌਂਗੋਵਾਲ ਦੀ ਸ਼ਹਾਦਤ ਮਗਰੋਂ ਤਕੜੀ ਹੁੰਦੀ ਤੁਰੀ ਗਈ। ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦੌਰ ਵਿਚ ਏਸੇ ਤਬਕੇ ਨੇ ਕਿਸਾਨ ਬਿਲਾਂ ਦੀ ਹਮਾਇਤ ਕੀਤੀ। ਨਵੀਂ ਸਰਮਾਇਆਦਾਰੀ ਵਿਚ ਵਟ ਰਿਹਾ ਇਹ ਤਬਕਾ, ਪਤਾ ਨਹੀਂ ਹੁਣ ਪੰਜਾਬ ਦਾ ਵਫ਼ਾਦਾਰ ਵੀ ਰਹਿ ਗਿਆ ਹੈ ਕਿ ਨਹੀਂ? ਇਕ ਸਦੀ ਪੁਰਾਣੀ, ਸ਼ਾਂਤਮਈ ਸੰਘਰਸ਼ਾਂ ਵਿਚ ਪਰਵਾਨ ਚੜ੍ਹੀ, ਲੋਕਾਈ ਦੇ ਭਰਪੂਰ ਸਮਰਥਨ ਵਾਲੀ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਕ ਸਾਖ ਖ਼ਤਮ ਕਰਨ ਵਿਚ ਇਸ ਚੁਫੇਰਗੜ੍ਹੀਏ ਡੁਰਲੀ ਜਥੇ ਦਾ ਵੱਡਾ ਹੱਥ ਹੈ।

ਸੰਤ ਲੌਂਗੋਵਾਲ ਨੇ ਮਾ. ਤਾਰਾ ਸਿੰਘ ਤੋਂ ਟੁੱਟ ਕੇ ਮਾਲਵਾ ਰਿਆਸਤੀ ਅਕਾਲੀ ਦਲ ਬਨਾਉਣ ਵਾਲੇ ਜਥੇਦਾਰ ਸੰਪੂਰਨ ਸਿੰਘ ਰਾਮਾ ਦੇ ਮਾਲਵਾ ਰਿਆਸਤੀ ਅਕਾਲੀ ਦਲ ਦੇ ਕਮਿਊਨਿਸਟਾਂ ਨਾਲ ਬਣਾਏ ਸਾਂਝੇ ਮੋਰਚੇ ਦਾ ਸਮਰਥਨ ਕੀਤਾ, ਕਿਉਂਕਿ ਮਾ. ਤਾਰਾ ਸਿੰਘ ਧੜੇ ਤੋਂ ਉਲਟ ਜਥੇਦਾਰ ਰਾਮਾ ਜਗੀਰਦਾਰਾਂ ਤੇ ਬਿਸਵੇਦਾਰਾਂ ਖ਼ਿਲਾਫ਼ ਜੂਝਣ ਵਾਲੇ ਸਧਾਰਨ ਉਮੀਦਵਾਰਾਂ ਨੂੰ ਚੋਣ ਲੜਵਾਉਣਾ ਚਾਹੁੰਦੇ ਸਨ। ਯਾਦ ਰਹੇ ਕਿ ਜ. ਰਾਮਾ ਨੇ ਹੀ ਸਭ ਤੋਂ ਪਹਿਲਾਂ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬਾ ਬਨਾਉਣ ਦੀ ਮੰਗ ਰੱਖੀ ਸੀ ਅਤੇ ਆਪਣੇ ਨਾਲ ਚਾਰਾਂ ਧਰਮਾਂ ਦੇ ਨੁਮਾਇੰਦੇ ਲੈ ਕੇ, ਸਿਰਾਂ ‘ਤੇ ਖੱਫਣ ਬੰਨ੍ਹ ਕੇ ਦਿੱਲੀ ਵਿਚ ਜਵਾਹਰਲਾਲ ਨਹਿਰੂ ਦੀ ਕੋਠੀ ਸਾਹਮਣੇ ਧਰਨਾ ਲਾਉਣ ਦਾ ਧਾਰ ਕੇ ਤੁਰੇ ਸਨ। ਨਰੇਲਾ ਕੋਲ ਗ੍ਰਿਫ਼ਤਾਰ ਹੋਣ ਤੋਂ ਬਾਅਦ ਉੱਥੇ ਹੀ ਭੁੱਖ ਹੜਤਾਲ ਸ਼ੁਰੂ ਕੀਤੀ ਜੋ ਲਗਾਤਾਰ ਤਿਹਾੜ ਜੇਲ੍ਹ ਵਿਚ ਜਾਰੀ ਰਹੀ। ਅਜਿਹੇ ਸੰਘਰਸ਼ੀ ਅਮਲ ਨੇ ਉਹਨਾਂ ਦਾ ਸਰੀਰ ਬਹੁਤ ਜਰਜਰ ਕਰ ਦਿੱਤਾ ਸੀ।

ਸੰਤ ਲੌਂਗੋਵਾਲ ਦਾ ਇਹ ਨੇੜ ਸਾਨੂੰ ਅਕਾਲੀ ਦਲ ਵਿਚ ਉਹਨਾਂ ਦੀ ਖੱਬੇ-ਪੱਖੀ ਅਤੇ ਸਾਂਝੀ ਪੰਜਾਬੀ ਸੁਰਤ ਦੀ ‘ਅਕਾਲਸ਼ੇਵਿਕ’ ਲੀਹ ਦੀ ਦੱਸ ਪਾਉਂਦਾ ਹੈ।

ਇਸ ਰੁਝਾਨ ਦੀ ਹੋਰ ਮਿਸਾਲ ਹੈ ਕਿ ਸੰਤ ਲੌਂਗੋਵਾਲ 27 ਸਾਲਾਂ ਦੀ ਛੋਟੀ ਉਮਰ ਵਿਚ ਹੀ ਹੰਢੇ ਹੋਏ ਸਿਆਸੀ ਘੁਲਾਟੀਏ ਹੋ ਨਿੱਬੜੇ ਸਨ। ਜਦੋਂ 1959 ਵਿਚ ਕਮਿਊਨਿਸਟ ਪਾਰਟੀ ਨੇ ਖੁਸ਼ ਹੈਸੀਅਤੀ ਟੈਕਸ ਦੇ ਖਿਲਾਫ਼ ਮੋਰਚਾ ਲਾਇਆ ਤਾਂ ਸੰਗਰੂਰ ਜ਼ਿਲ੍ਹੇ ਦੇ ਕਮਿਊਨਿਸਟ ਆਗੂ ਪੰਡਤ ਵਿਦਿਆ ਦੇਵ, ਪੰਡਤ ਭਾਵਾ ਰਾਮ ਤੇ ਹੋਰ ਕਿਸਾਨ ਨੇਤਾ ਚੱਲ ਕੇ ਸੰਤ ਜੀ ਕੋਲ ਆਏ ਤੇ ਮੋਰਚੇ ਵਿਚ ਹਿੱਸਾ ਲੈਣ ਦੀ ਬੇਨਤੀ ਕੀਤੀ। ਸੰਤ ਲੌਂਗੋਵਾਲ ਨੇ ਅਕਾਲੀ ਦਲ ਦੇ ਨੇਤਾ ਹੋਣ ਦੇ ਬਾਵਜੂਦ ਕਮਿਊਨਿਸਟ ਧਿਰ ਵੱਲੋਂ ਮੋਰਚੇ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਿਆਸੀ ਸੰਕੀਰਣਤਾ ਤੋਂ ਉੱਪਰ ਉੱਠਦਿਆਂ ਹੱਕੀ ਮੰਗਾਂ ਦੇ ਸਵਾਲ ਨੂੰ ਪਰਮੁੱਖ ਰੱਖਿਆ। ਸੰਤ ਲੌਂਗੋਵਾਲ ਦੇ ਜੀਵਨੀਕਾਰ ਹਰਬੀਰ ਸਿੰਘ ਭੰਵਰ ਅਨੁਸਾਰ ਕੈਰੋਂ ਸਰਕਾਰ ਨੇ ਤਸ਼ੱਦਦ ਤੇ ਗੋਲੀ ਕਾਂਡ ਦਾ ਦੌਰ ਚਲਾਇਆ ਹੋਇਆ ਸੀ, ਜਦੋਂ ਸੰਤ ਜੀ 500 ਸਿੰਘਾਂ ਦਾ ਜਥਾ ਲੈ ਕੇ ਸੰਗਰੂਰ ਕਚਹਿਰੀਆਂ ਵਿਚ ਗ੍ਰਿਫ਼ਤਾਰੀ ਦੇਣ ਆਏ, ਗ੍ਰਿਫ਼ਤਾਰ ਹੋਏ ਤੇ ਸ਼ਾਮ ਨੂੰ ਲੱਡਾ ਪਿੰਡ ਨੇੜੇ ਛੱਡ ਦਿੱਤੇ ਗਏ। ਅਗਲੇ ਦਿਨ ਫਿਰ ਗ੍ਰਿਫ਼ਤਾਰੀ ਦੇਣ ਗਏ ਤਾਂ ਐਤਕੀਂ ਦੁਰਾਡੇ ਪਿੰਡ ਕਾਂਝਲਾ ਵਿਖੇ ਛੱਡੇ ਗਏ। ਕਾਫ਼ਲਾ ਬਣਾ ਕੇ ਪਿੰਡੋ-ਪਿੰਡੀ ਹੁੰਦੇ ਫਿਰ ਹਾਜ਼ਰ ਹੋ ਗਏ ਤੇ ਇਹ ਸਿਲਸਿਲਾ ਮੋਰਚਾ ਵਾਪਸ ਲੈਣ ਤੱਕ ਜਾਰੀ ਰਿਹਾ। ਜਿਹੜੀ ਰਕਮ ਇਕੱਤਰ ਹੁੰਦੀ ਉਹ ਕਾਮਰੇਡ ਲੀਡਰਾਂ ਦੀ ਅਮਾਨਤ ਸਮਝ ਕੇ ਉਹਨਾਂ ਨੂੰ ਦੇ ਦਿੰਦੇ। ‘ਅਕਾਲਸ਼ੇਵਿਜ਼ਮ’ ਅਨੁਸਾਰ ਇਹ ਕਾਰਜ ਸਿੱਖ ਲਹਿਰ ਦੀਆਂ ਲੋਕ-ਮੁਕਤੀ ਦੀਆਂ ਰਵਾਇਤਾਂ ਦਾ ਜਮਹੂਰੀ ਦੌਰ ਵਿਚ ਸਮਾਜਵਾਦੀ ਸਿਆਸਤ ਨਾਲ ਇਕਜੁਟ ਹੋਣ ਦੀ ਰੌਸ਼ਨ ਮਿਸਾਲ ਹੈ।

ਵੱਡਾ ਰੰਜ ਅਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਜਦੋਂ ਧਰਮ ਯੁੱਧ ਮੋਰਚੇ ਦੌਰਾਨ ਸੰਤ ਭਿੰਡਰਾਂਵਾਲੇ ਅਤੇ ਉਹਨਾਂ ਦੇ ਪੈਰੋਕਾਰ ਸੰਤ ਲੌਂਗੋਵਾਲ ਨੂੰ ਲਗਾਤਾਰ ਜਿੱਚ ਕਰ ਰਹੇ ਸਨ; ਹਿੰਸਕ ਵਾਰਦਾਤਾਂ ਤੇ ਭੜਕਾਊ ਬਿਆਨ ਦਾਗ ਰਹੇ ਸਨ, ਉਸੇ ਵਕਤ ਪੰਜਾਬ ਦੀਆਂ ਖੱਬੇ-ਪੱਖੀ ਪਾਰਟੀਆਂ, ਗਰੁੱਪ ਅਤੇ ਜਮਹੂਰੀ ਜਥੇਬੰਦੀਆਂ ਵੀ ਸੰਤ ਲੌਂਗੋਵਾਲ ਦੀ ਅਗਵਾਈ ਵਿਚ ਪੰਜਾਬ ਦੀਆਂ ਹੱਕੀ ਮੰਗਾਂ ‘ਤੇ ਜਾਰੀ ਸ਼ਾਂਤਮਈ, ਜਮਹੂਰੀ ਮੋਰਚੇ ਨੂੰ ਲਗਾਤਾਰ ‘ਫ਼ਿਰਕੂ-ਫ਼ਿਰਕੂ’ ਕਹਿ ਰਹੇ ਸਨ। ਇਕ ਪਾਸੇ, ਚਲਦੇ ਮੋਰਚੇ ਵਿਚ ਸਿੱਖ ਲਹਿਰ ਦੀ ‘ਸਾਂਝੀਵਾਲਤਾ’ ਬਨਾਮ ‘ਸੰਪਰਦਾਈ’ ਵਿਆਖਿਆ ਵਿੱਚ ਠਣੀ ਹੋਈ ਸੀ ਤੇ ਦੂਜੇ ਪਾਸੇ, ਕੇਂਦਰ ਸਰਕਾਰ ਦੀਆਂ ਪ੍ਰਸ਼ਾਸਕੀ ਅਤੇ ਵਿਚਾਰਧਾਰਕ ਧਿਰਾਂ ਪੰਜਾਬ ਦੀ ਬਲੀ ਦੇ ਕੇ ਭਾਰਤ ਜਿੱਤਣ ਲਈ ਲਾਂਗੜ ਬੰਨ੍ਹੀ ਫਿਰਦੀਆਂ ਸਨ। ਪੰਜਾਬ ਲਈ ਸਾਂਝਾ ਸਵਾਲ ਸੀ ਕਿ ਇਸ ਦੂਹਰੀ ਵੰਗਾਰ ਨਾਲ ਭਿੜਦਿਆਂ ਢੁਕਵੀਂ ਅਗਵਾਈ ਕਿਵੇਂ ਬਣੇ?

ਇਸ ਮਹੱਤਵਪੂਰਨ ਸਵਾਲ ਨੂੰ ਲਾਂਭੇ ਕਰਦਿਆਂ, ਧਰਮ ਯੁੱਧ ਮੋਰਚੇ ਵਿਚ ਉਤਸਾਹੀ ਸ਼ਮੂਲੀਅਤ ਕਰ ਰਹੀ ਪੰਜਾਬੀ ਜਨਤਾ ਨੁੰ ਸਿਰਫ਼ ਅਕਾਲੀ ਦਲ ਦੀ ਧਿਰਬਾਜ਼ੀ ਤੱਕ ਘਟਾਅ ਦੇਣਾ, ਖੱਬੇ-ਪੱਖ ਅਤੇ ਜਮਹੂਰੀ ਧਿਰਾਂ ਦੀ ਇਤਿਹਾਸਕ ਭੁੱਲ ਸੀ। ਆਪਸ ਵਿਚ ਦੋ ਧੁਰਿਆਂ ‘ਤੇ ਖੜ੍ਹੇ ਦੋਵੇਂ ਸੰਤਾਂ ਨੂੰ ਖੱਬੇ-ਪੱਖੀ ਇਕੋ ਖਾਨੇ ਵਿਚ ਰੱਖ ਰਹੇ ਸਨ। ਸੰਤ ਲੌਂਗੋਵਾਲ ਦੀ ਸਿਆਸੀ-ਇਖ਼ਲਾਕੀ ਹਸਤੀ ਨੂੰ ਮਿੱਟੀ ਕਰ ਦੇਣ ਲਈ ਮੌਕਾਪ੍ਰਸਤ ਅਕਾਲੀ ਲਾਣੇ ਅਤੇ ਦਮਦਮੀ ਟਕਸਾਲ ਦੀ ਆਪਸੀ ਜੁਗਲਬੰਦੀ ਦਾ ਮੰਚਣ ਚੱਲ ਰਿਹਾ ਸੀ। ਜਮਹੂਰੀ ਧਿਰਾਂ, ਬੁੱਧੀਜੀਵੀਆਂ ਅਤੇ ਖੱਬੇ-ਪੱਕੀ ਧਿਰਾਂ ਨੂੰ ਏਸ ਵਕਤ ਸੰਤ ਲੌਂਗੋਵਾਲ ਦਾ ਸਾਥ ਦੇਣਾ ਚਾਹੀਦਾ ਸੀ ਤਾਂ ਕਿ ਹਿੰਸਾ ਦਾ ਸੱਭਿਆਚਾਰ ਹਰਾਇਆ ਜਾ ਸਕੇ ਤੇ ਮੋਰਚਾ ਸਾਰੇ ਪੰਜਾਬੀਆਂ ਦੀ ਹੋਰ ਬੇਹਤਰ ਨੁਮਾਇੰਦਗੀ ਕਰ ਸਕੇ। ਇਸ ਨਾਜ਼ੁਕ ਵੇਲੇ ਦੀ ਗੰਭੀਰਤਾ ਨੂੰ ਅਣਡਿੱਠ ਕਰਦਿਆਂ ਜਮਹੂਰੀ ਧਿਰਾਂ ਨੇ ਇਸ ਅੰਦੋਲਨ ਵੱਲ ਆਪਣੀ ਵਿਰੋਧਤਾਈ ਜਾਂ ਦੂਰੀ ਨੂੰ ਲਗਾਤਾਰ ਸਾਣ ‘ਤੇ ਲਾ ਕੇ ਰੱਖਿਆ। ਇਹ ਸਿਆਸੀ ਨਿਆਣਪੁਣੇ ਦੀ ਸਿਖਰ ਸੀ। ਇਕ ਮਿਹਰ ਚੰਦ ਭਾਰਦਵਾਜ ਤੋਂ ਬਿਨਾਂ, ਪੰਜਾਬ ਦੀ ਜਮਹੂਰੀ ਧਿਰ ਅਤੇ ਬੁਧੀਜੀਵੀਆਂ ਦੀ ਕਾਰਗੁਜ਼ਾਰੀ ਵੀ ਸੰਤ ਲੌਂਗੋਵਾਲ ਦੀ ਇਤਿਹਾਸਕ ਭੂਮਿਕਾ ਨਾਲ ਇਨਸਾਫ਼ ਨਹੀਂ ਕਰ ਸਕੀ। ਇਤਿਹਾਸ ਸਾਖੀ ਹੈ ਕਿ ਰਾਜਨੀਤਕ ਮੁਹਾਜ਼ ‘ਤੇ ਵਲ੍ਹੇਟੀਆਂ ਗਈਆਂ ਇਹ ਖੱਬੇ-ਪੱਖੀ ਧਿਰਾਂ ਹੁਣ ਸਿਰਫ਼ ਆਰਥਕਵਾਦ ਦੇ ਆਸਰੇ ਕਿਸਾਨੀ ਮੁਹਾਜ਼ ‘ਤੇ ਹੀ ਕਾਇਮ ਹਨ। ਅਕਾਲੀ ਦਲ ਦੇ ਬਾਕੀ ਆਗੂ ਧੜੇਬੰਦੀ ਦੀ ਬਾਣ ਨੇ ਇਖ਼ਲਾਕੀ ਤੌਰ ‘ਤੇ ਹੀਣੇ ਕਰ ਮਾਰੇ ਸਨ ਤੇ ਉਹ ਕਦੇ ਸੰਤ ਲੌਂਗੋਵਾਲ ਤੇ ਕਦੇ ਭਿੰਡਰਾਂਵਾਲੇ ਦੀ ਚੌਕੀ ਭਰ ਰਹੇ ਸਨ। ਅਕਾਲੀ ਦਲ, ਸੰਤ ਲੌਂਗੋਵਾਲ ਦੀ ਮੌਤ ਮਗਰੋਂ ਆਪਣੇ ਇਖ਼ਲਾਕੀ ਰਸਾਤਲ ਵਿਚ ਖ਼ੈਰ ਨਾਲ ਹੈ।

ਪੰਜਾਬ ਦੀ ਖੇਤਰੀ ਸਿਆਸਤ ਦੇ ਪੁਨਰ-ਨਿਰਮਾਣ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸ਼ਾਂਤਮਈ ਲੋਕ-ਲਹਿਰ ਦੇ ਹਥਿਆਰ ਨਾਲ ਪੰਜਾਬ-ਸਰੋਕਾਰ ਦਾ ਬੇੜਾ ਬੰਨ੍ਹਣ ਦੀ ਬੇਲਾ ਸਾਡੇ ਸਿਰ ‘ਤੇ ਖੜ੍ਹੀ ਹੈ। ਕਿਸਾਨ ਅੰਦੋਲਨ ਦਾ ਤਰੀਕਾਕਾਰ, ਅਕਾਲੀ ਲਹਿਰਾਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਪਰਵਾਨ ਚੜ੍ਹਿਆ। ਇਸ ਸਾਂਝੇ ਅੰਦੋਲਨ ਨੂੰ ਚਲਾਉਣ ਵਾਲੇ ‘ਨਰਮ ਦਲ’ ਨੂੰ ‘ਗਰਮ ਦਲੀਏ’ ਅਨਸਰਾਂ ਨੇ ਸਿਰਫ਼ ਸਿੱਖਾਂ ਦੇ ਹੱਕ ਲੈਣ ਵਾਲਾ ਅੰਦੋਲਨ ਬਨਾਉਣਾ ਚਾਹਿਆ। ਧਰਮ ਯੁੱਧ ਮੋਰਚੇ ਵੇਲੇ ਸੰਤ ਲੌਂਗੋਵਾਲ ਦੀ ਹਮਾਇਤ ਵਿਚ ਨਾ ਆਉਣ ਦੇ ਸਿੱਟੇ ਭੁਗਤਣ ਤੋਂ ਸਬਕ ਸਿੱਖਦਿਆਂ, ਕਿਸਾਨ ਅੰਦੋਲਨ ਨੂੰ ਅਗਵਾ ਕਰ ਲੈਣ ਦੀ ‘ਗਰਮ ਦਲੀ’ ਬਿਸਾਤ ਦੇ ਖ਼ਿਲਾਫ਼ ਸਾਰੇ ਸੂਝਵਾਨ ਇਕੱਠੇ ਹੋ ਕੇ ਬੋਲੇ, ਇਕਜੁਟ ਅਗਵਾਈ ਨੇ ਇਨ੍ਹਾਂ ਅਨਸਰਾਂ ਨੂੰ ਅੰਦੋਲਨ ਦੀ ਮੁੱਖਧਾਰਾ ਤੋਂ ਸਫ਼ਲਤਾ ਸਹਿਤ ਨਿਖੇੜ ਦਿੱਤਾ। ਕਿਸਾਨ ਅੰਦੋਲਨ ਨੇ ਸਿੱਖੀ ਦੀ ਸਾਂਝੀਵਾਲਤਾ ਵਾਲੀ ਲੀਹ ਨਾਲ ਸੰਘਰਸ਼ ਵਿੱਢਿਆ ਤੇ ਸਾਰੇ ਪੰਜਾਬ ਦਾ ਸਿਰ ਉੱਚਾ ਕੀਤਾ। ਕਹਿਣਾ ਬਣਦਾ ਹੈ ਕਿ ‘ਅਕਾਲਸ਼ੇਵਿਜ਼ਮ’ ਦੇ ਤਰੀਕਾਕਾਰ ਨਾਲ ਫਿਰ ਤੋਂ ਪੰਜਾਬ ਨੂੰ ਰੌਸ਼ਨੀ ਮਿਲੀ।

ਧਰਮ ਯੁੱਧ ਮੋਰਚੇ ਵਿਚ ਹਿੰਦੂ, ਮੁਸਲਮਾਨ, ਈਸਾਈ ਤੇ ਸਿੱਖਾਂ ਦੀ ਸਾਂਝੀ ਸ਼ਮੂਲੀਅਤ ਨੂੰ ਪੰਜਾਬ ਦੇ ਸਾਂਝੇ ਸੰਘਰਸ਼ ਵਜੋਂ ਵੇਖਣ ਵਾਲੇ ਸੰਤ ਲੌਂਗੋਵਾਲ, ਬੁੱਧੀਜੀਵੀਆਂ ਦੀ ਬੈਠਕ ਵਿਚ 9 ਜਨਵਰੀ, 1983 ਨੂੰ ਕਹਿੰਦੇ ਹਨ, “ਪੰਜਾਬ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈਆਂ ਦੀ ਸਰਬ-ਸਾਂਝੀ ਧਰਤੀ ਹੈ। ਇਸ ਦੀ ਮਾਖਿਉਂ ਮਿੱਠੀ ਬੋਲੀ, ਲਹੂ-ਭਿੱਜਿਆ ਇਤਿਹਾਸ, ਨਰੋਈ ਸੱਭਿਅਤਾ ਅਤੇ ਗੌਰਵਮਈ ਪ੍ਰੰਪਰਾਵਾਂ ਸਾਡੇ ਸਭ ਦਾ ਸਾਂਝਾ ਵਿਰਸਾ ਹਨ। ਇਥੋਂ ਦੇ ਮਹਾਨ ਗੁਰੂ ਸਾਹਿਬਾਨ, ਰਿਸ਼ੀ, ਮੁਨੀ, ਪੀਰ, ਫ਼ਕੀਰ, ਮੇਲੇ-ਤਿਉਹਾਰ ਤੇ ਲੋਕ-ਗਾਥਾਵਾਂ ਦੇ ਨਾਇਕ-ਨਾਇਕਾਵਾਂ ਸਭ ਦੇ ਸਾਂਝੇ ਹਨ।… ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਸ਼ਾਹ ਮੁਹੰਮਦ, ਧਨੀ ਰਾਮ ਚਾਤ੍ਰਿਕ, ਕਿਰਪਾ ਸਾਗਰ, ਸੁੰਦਰ ਦਾਸ ਆਸੀ, ਨੰਦ ਲਾਲ ਨੂਰਪੁਰੀ, ਈਸ਼ਵਰ ਚੰਦਰ ਨੰਦਾ ਤੇ ਰੁਚੀ ਰਾਮ ਸਾਹਨੀ ਵਰਗੇ ‘ਪੰਜਾਬੀ ਸਪੁੱਤਰਾਂ’ ਨੇ ਆਪਣੀ ਪਿਆਰੀ ਮਾਂ ‘ਪੰਜਾਬੀ’ ਤੋਂ ਰੱਜ ਰੱਜ ਲੋਰੀਆਂ ਲਈਆਂ ਅਤੇ ਇਸ ਦੇ ਖ਼ਜ਼ਾਨੇ ਦੀ ਅਮੀਰੀ ਲਈ ‘ਸੁਲੱਗ ਪੁੱਤਰਾਂ’ ਵਾਂਗ ਮਹਾਨ ਸੇਵਾ ਕੀਤੀ।”
ਸੰਤ ਲੌਂਗੋਵਾਲ ਦੀ ਪੰਜਾਬ-ਸਰੋਕਾਰ ਨੂੰ ਸਾਂਝਾ ਰਾਜਨੀਤਕ ਏਜੰਡਾ ਬਨਾਉਣ ਦੀ ਲਗਨ; ਪੰਜਾਬੀਆਂ ਦੀਆਂ ਕਮਾਈਆਂ ਹੋਈਆਂ ਸਿਆਸੀ ਰਵਾਇਤਾਂ ‘ਤੇ ਉੱਸਰੀ ਸਾਂਝੀ ਜਥੇਬੰਦੀ; ਜੁਝਾਰੂ ਅਮਲ ਵਿਚ ਆਪਸੀ ਏਕਤਾ ਅਤੇ ਇਤਫ਼ਾਕ ਨੂੰ ਹਰ ਹੀਲੇ ਬਣਾ ਕੇ ਰੱਖਣ ਦੀ ਯੋਗਤਾ: ਸ਼ਾਂਤਮਈ ਲੋਕ ਅੰਦੋਲਨ ਉਸਾਰਨੇ ਅਤੇ ਦੂਸਰੇ ਖਿੱਤਿਆਂ ਦੇ ਲੋਕਾਂ ਨਾਲ ਜੁੜਦਿਆਂ ਸਾਂਝੇ ਸੰਘਰਸ਼ ਵਿੱਢਣੇ – ਇਹ ਸਾਡੇ ਲਈ ਜ਼ਰੂਰ ਸਬਕ ਹਨ।

ਪੰਜਾਬੀਆਂ ਨੇ ਪਿਛਲੇ ਦਿਨਾਂ ਵਿਚ ਕਿਸਾਨ ਅੰਦੋਲਨ ਦੀ ਊਰਜਾ ਨੂੰ ਹੜ੍ਹਾਂ ਨਾਲ ਜੂਝਦਿਆਂ ਨਵੇਂ ਰਾਹ ਘੜ੍ਹੇ ਹਨ ਅਤੇ ਆਪਸੀ ਏਕਤਾ ਦੇ ਨਰੋਏ ਪੂਰਨੇ ਪਾਏ ਹਨ। ਪਿੰਡੋ-ਪਿੰਡੀ ਬਣ ਰਹੀਆਂ ਨਸ਼ਾ-ਵਿਰੋਧੀ ਕਮੇਟੀਆਂ ਨਾਲ ਪੰਜਾਬੀਆਂ ਨੇ ਆਪਣੀ ਅਸੀਮ ਜਥੇਬੰਦਕ ਸਮਰੱਥਾ ਦਾ ਵਖਾਲਾ ਦਿੱਤਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨਿਸਚਿੰਤ ਰਹਿਣ, ਪੰਜਾਬੀਆਂ ਨੇ ਧਰਮ ਯੁੱਧ ਮੋਰਚੇ ਦੀ ਤੁਹਾਡੇ ਵੱਲੋਂ ਦਿੱਤੀ ਅਗਵਾਈ ਨੂੰ ਆਪਣੇ ਢੰਗ ਨਾਲ ਸਨਮਾਨਿਆ ਹੈ। ਸ਼ਾਇਦ ਬਹੁਤਿਆਂ ਨੂੰ ਤੁਹਾਡਾ ਨਾਂ ਪਤਾ ਵਿੱਸਰ ਗਿਆ ਹੋਵੇ, ਪਰ ਤੁਹਾਡੀ ਲੋਅ ਸਾਡੇ ਅੰਗ-ਸੰਗ ਹੈ!

ਗੁਰਮਤਿ ਅਨੁਸਾਰ ‘ਸੰਤ’ ਹੋਣ ਦੇ ਅਰਥ ਨੂੰ ਆਪਣੀ ਮਨੁੱਖ-ਮਿੱਤਰ ਕਰਮਧਾਰਾ ਅਤੇ ਸ਼ਹਾਦਤ ਨਾਲ ਹਰਿਆ ਰੱਖਣ ਵਾਲੇ ਇਸ ਸ਼ਹੀਦ ਨੂੰ ਬਾਬਾ ਵਾਰਿਸ ਸ਼ਾਹ ਵਡਿਆਉਂਦੇ ਹੋਣ:
‘ਏਥੇ ਥਾਉਂ ਨਹੀਂ ਅੜਬੰਗਿਆਂ ਦਾ,
ਫ਼ਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ।’
‌ ‌
ਪੰਜਾਬ ਸਾਂਝੀਵਾਲ ਜਥਾ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ‘ਤੇ ਉਹਨਾਂ ਦੀ ਘਾਲਣਾ ਨੂੰ ਨਮਸਕਾਰ ਕਰਦਾ ਹੈ ਅਤੇ ਪ੍ਰਣ ਕਰਦਾ ਹੈ ਕਿ ਸ਼ੁਭਚਿੰਤਨ – ਸਾਂਝੀਵਾਲਤਾ – ਸਰਬੱਤ ਦੀ ਆਜ਼ਾਦੀ ਦੇ ਪੰਜਾਬੀ ਇਖ਼ਲਾਕ ਨੂੰ ਸਾਰਥਕ ਕਰਨ ਹਿਤ ਵਗਦੇ ਰਹਾਂਗੇ।

 ਸੁਮੇਲ ਸਿੰਘ ਸਿੱਧੂ

Total Views: 213 ,
Real Estate