ਪੰਜਾਬੀ ਪੰਥ ਦੇ ਹੁਸਨ-ਇਖ਼ਲਾਕ ਦਾ ਮੁਜੱਸਮਾ –ਸੰਤ ਹਰਚੰਦ ਸਿੰਘ ਲੌਂਗੋਵਾਲ

ਸੁਮੇਲ ਸਿੰਘ ਸਿੱਧੂ

(ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਸਿਆਸੀ-ਇਖ਼ਲਾਕੀ ਉਸਾਰ ਬਾਰੇ ਲੰਮਾ ਆਲੇਖ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।)

(ਲੇਖਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸੈਂਟਰ ਫ਼ਾਰ ਹਿਸਟੌਰਿਕਲ ਸਟੱਡੀਜ਼ ਤੋਂ ਆਧੁਨਿਕ ਇਤਿਹਾਸ ਵਿਚ ਡਾਕਟਰੇਟ ਹੈ ਅਤੇ ਪੰਜਾਬੀ ਮੈਗਜ਼ੀਨ ‘ਸੇਧ’ ਦਾ ਸੰਪਾਦਕ ਹੈ।)

ਪਹਿਲਾ ਹਿੱਸਾ –

ਸੰਨ 1985 ਦੀ 20 ਅਗਸਤ ਨੂੰ ਹਤਿਆਰਿਆਂ ਹੱਥੋਂ ਸ਼ਹੀਦ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਰਮਨ-ਪਿਆਰੇ ਪ੍ਰਧਾਨ; ਐਮਰਜੈਂਸੀ-ਵਿਰੋਧੀ ਮੋਰਚੇ ਦੇ ਸਰਬ-ਪ੍ਰਵਾਨਿਤ ‘ਡਿਕਟੇਟਰ’ ਅਤੇ ਧਰਮ ਯੁੱਧ ਮੋਰਚੇ ਦੇ ਆਗੂ, ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਸ਼ਹਾਦਤ ਨੂੰ 38 ਵਰ੍ਹੇ ਬੀਤ ਗਏ ਹਨ। ਪੰਜਾਬ ਦੀ ਲੋਕਾਈ ਨੇ ਇਸ ਦੌਰਾਨ ਬਹੁਤ ਝੱਖੜ ਝੱਲੇ ਹਨ; ਆਪਣੀ ਸਮਰੱਥਾ ਅਨੁਸਾਰ ਇਤਿਹਾਸ ਦਾ ਫਸਿਆ ਗੱਡਾ, ਗਾਰੇ ‘ਚੋਂ ਕੱਢਣ ਦੀ ਵਾਹ ਲਾਈ ਹੈ; ਪਰ ਇਸ ਲੋਕਾਈ ਦੀ ਕਦਰ ਕਰਨ ਵਾਲਾ, ਇਸ ਦੇ ਬਲ ‘ਤੇ ਭਰੋਸਾ ਕਰਨ ਵਾਲਾ, ਇਸ ਨੂੰ ਇਕ ਸੂਤਰ ਵਿਚ ਪਰੋਣ ਵਾਲਾ ਅਤੇ ਖ਼ੁਦ ਮਿਸਾਲੀ ਅਗਵਾਈ ਦੇਣ ਵਾਲਾ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਬਾਅਦ ਪੰਜਾਬ ਦੇ ਸਿਆਸੀ ਥੜ੍ਹੇ ਤੋਂ ਗ਼ੈਰਹਾਜ਼ਰ ਹੈ। ਗੁਫ਼ਤਾਰ ਦੇ ਗ਼ਾਜ਼ੀ ਬਹੁਤ ਆਏ; ਰਾਜ-ਭਾਗ ਦੇ ਧਨੀ ਬਹੁਤ ਆਏ; ਸੱਤਾ ਦੀ ਸ਼ਤਰੰਜ ‘ਤੇ ਲਿੱਸੀ-ਪੱਕੀ ਬਾਜ਼ੀ ਖੇਡਣ ਵਾਲੇ ਬਹੁਤ ਆਏ; ਸਵੇਰੇ ਖਿੜ ਕੇ ਆਥਣ ਨੂੰ ਮੁਰਝਾ ਜਾਣ ਵਾਲੇ ਸੂਰਜਮੁਖੀਏ ਰਹਿਬਰ ਬਹੁਤ ਆਏ – ਪਰ ਇਕ ਨਿਮਰ ਦ੍ਰਿੜ੍ਹਤਾ, ਮਿੱਠਾ ਸਿਰੜ, ਲੋਕਾਈ ਨਾਲ ਵਫ਼ਾਦਾਰੀ ਦੀ ਮੂਰਤ ਸੰਤ ਲੌਂਗੋਵਾਲ ਦੀ ਸ਼ਹਾਦਤ ਸਦਕਾ ਪਸਰਿਆ ਦਿਨ ਦੀਵੀਂ ਹਨ੍ਹੇਰ, ਅਜੇ ਵੀ ਸਾਨੂੰ ਵੰਗਾਰਦਾ ਹੈ।

ਪੰਜਾਬ ਦੀ ਸਿਆਸਤ ਵਿਚਲਾ ਨੈਤਿਕ ਧੁਰਾ ਅਤੇ ਬੁਰਛਾਗਰਦੀ ਖ਼ਿਲਾਫ਼ ਆਖਰੀ ਢਾਲ ਸਨ ਸੰਤ ਲੌਂਗੋਵਾਲ।

ਸਿੱਖ ਲਹਿਰ ਦੀ ਮਨੁੱਖ-ਮਿੱਤਰ ਵਿਚਾਰਧਾਰਾ, 1920ਵਿਆਂ ਦੀ ਅਕਾਲੀ ਲਹਿਰ ਵਿਚੀਂ ਵਿਗਸੀ, ਜਿਸ ਸਦਕਾ ਪੰਜਾਬ ਵਿਚ ਅੰਗਰੇਜ਼ ਹਕੂਮਤ ਦਾ ਇਕਬਾਲ ਖ਼ਤਮ ਹੋਣ ਕੰਢੇ ਸਹਿਕ ਰਿਹਾ ਸੀ। ਸ਼ਾਂਤਮਈ, ਲੋਕ-ਲਹਿਰ ਦੀਆਂ ਹੱਕੀ ਮੰਗਾਂ ਉੱਤੇ ਵਰਤਾਏ ਅੰਨ੍ਹੇ ਜਬਰ ਸਾਹਮਣੇ ਅਕਾਲੀ ਜੁਝਾਰੂਆਂ ਦੇ ਫੌਲਾਦੀ ਸਿਦਕ ਦੀ ਕਰਾਮਾਤ ਨੇ ਅੰਗਰੇਜ਼ ਸਾਮਰਾਜ ਅਤੇ ਉਸ ਦੇ ਹਮਾਇਤੀ ਸਿੱਖ ਰਿਆਸਤਾਂ ਦੇ ਹੰਕਾਰੇ ਰਾਜਿਆਂ ਤੇ ਜਾਗੀਰਦਾਰਾਂ ਖ਼ਿਲਾਫ਼, ਦਿਸਣ ਨੂੰ ਧਾਰਮਿਕ ਪਰ ਹਕੀਕਤ ਵਿਚ ਸਾਮਰਾਜ-ਵਿਰੋਧੀ ਚੇਤਨਾ ਨੂੰ ਜਥੇਬੰਦ ਕਰਦਿਆਂ, ਪੰਜਾਬ ਵਿਚ ਨਰੋਈ, ਸਾਂਝੀ ਕੌਮੀ ਜ਼ਮੀਨ ਤਿਆਰ ਕੀਤੀ। ਹਿੰਦੂ, ਮੁਸਲਮਾਨ, ਈਸਾਈ ਵੀ ਇਸ ਮਹਾਨ ਅੰਦੋਲਨ ਵਿਚ ਅਗਵਾਈ ਦੇ ਰਹੇ ਸਨ ਤੇ ਜਥਿਆਂ ਵਿਚ ਗ੍ਰਿਫ਼ਤਾਰੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਰਹੇ ਸਨ। ਡਾ. ਰੁਚੀ ਰਾਮ ਸਾਹਨੀ, ਡਾ. ਸੈਫ਼ ਉਦ ਦੀਨ ਕਿਚਲੂ, ਡਾ. ਸਤਯਪਾਲ, ਫ਼ਾਦਰ ਸੀ.ਐਫ਼. ਐਂਡਰਿਊਜ਼, ਜਵਾਹਰਲਾਲ ਨਹਿਰੂ, ਆਦਿ ਇਨ੍ਹਾਂ ਮੋਰਚਿਆਂ ਦਾ ਹਰ ਪੱਧਰ ‘ਤੇ ਸਹਿਯੋਗ ਕਰ ਰਹੇ ਸਨ।

ਦੂਜੇ ਪਾਸੇ, ਸਿੱਖੀ ਦਾ ਦਮ ਭਰਨ ਵਾਲੇ, ਸਿੱਖੀ ਦੇ ਵਾਲੀ ਕਹਾਉਣ ਵਾਲੇ ਸਰਬਰਾਹ, ਰਾਜੇ, ਜਾਗੀਰਦਾਰ, ਆਦਿ ਅੰਗਰੇਜ਼ਾਂ ਨਾਲ ਜੁੜੇ ਰਹਿ ਕੇ ਰਾਜ-ਭਾਗ ਲੈਣ ਦੀ ਨੀਤੀ ਤਹਿਤ, ਜਨਰਲ ਡਾਇਰ ਵਰਗਿਆਂ ਨੂੰ ਸਿਰੋਪਾ ਦੇਣ, ਦੇਸ਼ਭਗਤ ਗ਼ਦਰੀ ਬਾਬਿਆਂ ਨੂੰ ਸਿੱਖੀ ਤੋਂ ਪਤਿਤ ਕਰਾਰ ਦੇਣ ਵਾਲੀ ਅੰਗਰੇਜ਼-ਭਗਤੀ ਨੂੰ ਹੀ ਸਿੱਖੀ ਵਜੋਂ ਪਰਚਾਰ ਰਹੇ ਸਨ। ਅਜਿਹੀ ਰੀੜ੍ਹਹੀਣ ਰਜਵਾੜਾਸ਼ਾਹੀ ਵੱਲੋਂ ਦਾਗ਼ਦਾਰ ਕੀਤੀ ਸਿੱਖ ਲਹਿਰ ਨੂੰ ਅਕਾਲੀ ਲਹਿਰ ਦੇ ਜੋਧਿਆਂ ਨੇ ਪੰਜਾਬੀ ਲੋਕਾਈ ਦੇ ਸਾਂਝੇ ਉੱਦਮ ਨਾਲ ਮੁੜ ਤੋਂ ਸਿਦਕ-ਸਾਂਝੀਵਾਲਤਾ-ਆਜ਼ਾਦੀ ਦਾ ਧੁਰਾ ਬਣਾਇਆ।

ਮਾਲਵੇ ਦੀਆਂ ਫ਼ੂਲਕੀਆ ਰਿਆਸਤਾਂ ਵਿਚ ਵੀ ਸੰਨ 1928 ਤੋਂ ਰਿਆਸਤੀ ਪਰਜਾ ਮੰਡਲ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰੇਰਨਾ ਨਾਲ ਰਜਵਾੜਿਆਂ ਅਤੇ ਅੰਗਰੇਜ਼ ਹਕੂਮਤ ਦੀ ਦੂਹਰੀ ਗ਼ੁਲਾਮੀ ਤੋਂ ਮੁਕਤੀ ਦੀ ਚੇਤਨਾ ਜੜ੍ਹ ਫੜ ਰਹੀ ਸੀ। ਪਟਿਆਲਾ ਰਿਆਸਤ ਦੇ ਜ਼ਿਲ੍ਹਾ ਸੰਗਰੂਰ ਵਿਚ ਅਤਿ ਪਿਛੜਿਆ ਪਿੰਡ ਗਦੜਿਆਣੀ ਦੇ ਛੋਟੀ ਕਿਸਾਨੀ ਵਾਲੇ ਅੱਠ ਭੈਣ-ਭਾਈਆਂ ਦੇ ਪਰਿਵਾਰ ਵਿਚ ਸੰਨ 1932 ਦੀ 2 ਜਨਵਰੀ ਨੂੰ ਹਰਚੰਦ ਸਿੰਘ ਦਾ ਜਨਮ ਹੋਇਆ। ਨਾਨਕੇ ਪਰਿਵਾਰ ‘ਚੋਂ ਮਾਮਾ ਜੀ ਲਗਦੇ ਜਥੇਦਾਰ ਸੁਰਜਨ ਸਿੰਘ ਅਤੇ ਦਾਦਕੇ ਟੱਬਰ ‘ਚੋਂ ਤਇਆ ਜੀ ਜ. ਇੰਦਰ ਸਿੰਘ ਉਸ ਸਮੇਂ ਜਾਰੀ ਅਕਾਲੀ ਅਤੇ ਪਰਜਾ ਮੰਡਲ ਲਹਿਰ ਦੇ ਅੰਦੋਲਨਕਾਰੀ ਸਨ। ਘਰ ਪਰਿਵਾਰ ਅੰਦਰਲੀ ਸਿੱਖ ਭਾਵਨਾ ਇੰਞ ਇਨ੍ਹਾਂ ਸ਼ਖ਼ਸੀਅਤਾਂ ਦੇ ਜੁਝਾਰੂ ਅਮਲ ਨਾਲ ਜੁੜੀ, ਤਾਂ ਬਾਲਕ ਹਰਚੰਦ ਸਿੰਘ ਦਾ ਨੈਤਿਕ ਸੰਸਾਰ ਉੱਸਰਨਾ ਸ਼ੁਰੂ ਹੋਇਆ।

ਇਕਤਾਰੇ ਨਾਲ ਸ਼ਬਦ ਗਾਇਨ ਕਰਨ ਵਾਲੇ ਸ. ਬੁੱਗਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਪੰਜ ਕੁ ਸਾਲਾਂ ਦੀ ਕੋਮਲ, ਮਲੂਕ ਉਮਰ ਵਾਲਾ ਭੁਜੰਗੀ ਹਰਚੰਦ ਸਿੰਘ, ਸੰਤ ਜੋਧ ਸਿੰਘ ‘ਮੌਜੋ’ ਪਿੰਡ ਵਾਲਿਆਂ ਕੋਲ ਅਗਲੇ ਦਸ ਸਾਲ ਸਿੱਖ ਸਿਧਾਂਤ, ਗੁਰਬਾਣੀ, ਸ਼ਬਦ ਕੀਰਤਨ, ਕਥਾਕਾਰੀ ਦੀ ਸਾਧਨਾ ਕਰਨ ਲੱਗਾ। ਸੰਕੋਚੀ, ਗੰਭੀਰ ਤੇ ਸਹਿਣਸ਼ੀਲ ਬਿਰਤੀ ਵਾਲੇ ਇਸ ਵਿਦਿਆਰਥੀ ਦੀ ਲਗਨ ਤੋਂ ਪ੍ਰਭਾਵਿਤ ਹੋ ਕੇ ਸੰਤ ਜੋਧ ਸਿੰਘ ਕਦੇ ਇਸ ਨੂੰ ‘ਆ ਭਾਈ ਨਾਥੇ’ ਜਾਂ ‘ਗੋਬਿੰਦ’ ਕਹਿ ਕੇ ਪੁਕਾਰਦੇ। ਮੌਜੋ ਦੀ ਗੁਰਮਤਿ ਟਕਸਾਲ, ਅਧਿਆਤਮ ਅਤੇ ਵਿਦਿਆ ਦੀ ਸਿੰਜੀ ਹੋਈ ਜ਼ਮੀਨ ਉਤੇ ਸਿਆਸੀ ਸਰਗਰਮੀ ਲਈ ਵੀ ਪ੍ਰੇਰਦੀ ਸੀ। ਗਭਰੇਟ ਹਰਚੰਦ ਸਿੰਘ ਇਸ ਸਿਆਸੀ-ਇਖ਼ਲਾਕੀ ਕਰਮਧਾਰਾ ਦਾ ਅਭਿਆਸੀ ਬਣਦਾ ਗਿਆ। ਨਾਲ ਦਿਆਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਕਥਾ-ਕੀਰਤਨ ਤੋਂ ਇਕੱਤਰ ਹੋਈ ਸਾਰੀ ਭੇਟਾ ਉਥੇ ਹੀ ਗੋਲਕ ਵਿਚ ਪਾ ਦਿੰਦੇ; ਪੰਥ, ਸੰਗਤ ਤੇ ਗੁਰਮਤਿ ਨੂੰ ਪਹਿਲ ਦਿੰਦੇ ਅਤੇ ਖ਼ੁਦ ਨੂੰ ਇਨ੍ਹਾਂ ਦਾ ਨਿਮਰ ਸੇਵਾਦਾਰ ਆਖਦੇ। ਬਾਅਦ ਦੇ ਸਾਰੇ ਪੜਾਵਾਂ ਵਿਚ ਪੰਥਕ ਏਕਤਾ ਜਾਂ ਅਕਾਲੀ ਮੋਰਚੇ ਚਲਾਉਣ ਦਾ ਟੀਚਾ ਸਰ ਕਰਨ ਲਈ, ਸੰਤ ਲੌਂਗੋਵਾਲ ਆਪਣੀ ਨਿਮਰਤਾ, ਤਿਆਗ ਅਤੇ ਸਹਿਜ ਦੇ ਗੁਣ ਨਾਲ ਨਿਭਦੇ। ਲਾਲਚ ਤੋਂ ਦੂਰ ਰਹਿੰਦਿਆਂ ਖ਼ੁਦ ਨੂੰ ਮਿਲਦੀ ਅਸੈਂਬਲੀ ਜਾਂ ਲੋਕ ਸਭਾ ਦੀ ਸੀਟ ਹਮੇਸ਼ਾ ਕਿਸੇ ਕੁਰਬਾਨੀ ਵਾਲੇ ਅਕਾਲੀ ਘੁਲਾਟੀਏ ਨੂੰ ਦੇਣ ਲਈ ਕਹਿੰਦੇ ਤੇ ਆਪ ਉਹਨਾਂ ਨੂੰ ਚੋਣ ਜਿਤਵਾਉਣ ਦੀ ਜ਼ਿੰਮੇਵਾਰੀ ਓਟ ਲੈਂਦੇ।

16 ਸਾਲ ਦੀ ਉਮਰ ਵਿਚ ਅਕਾਲੀ ਦਲ ਦੇ ਮੈਂਬਰ ਬਣੇ ਤੇ ਉਨ੍ਹਾਂ ਦਿਨਾਂ ਵਿਚ ਹੀ ਗਿ. ਹਰਨਾਮ ਸਿੰਘ ਆਪ ਦੇ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਹੀਰੋਂ ਕਲਾਂ ਪਿੰਡ ਵਿਚ ਲੈ ਗਏ। ਇਸੇ ਦੌਰਾਨ ਕੇਂਦਰ ਸਰਕਾਰ ਨੇ ਪੈਪਸੂ ਦੀ ਅਕਾਲੀ ਵਜ਼ਾਰਤ ਤੋੜ ਦਿੱਤੀ, ਮੋਰਚਾ ਲੱਗਿਆ ਤੇ ਜਥੇ ਸਮੇਤ ਹਰਚੰਦ ਸਿੰਘ ਗ੍ਰਿਫ਼ਤਾਰ ਹੋ ਕੇ ਤਿੰਨ ਮਹੀਨੇ ਫ਼ਰੀਦਕੋਟ ਜੇਲ੍ਹ ਵਿਚ ਰਹੇ। 1948 ਵਿਚ ਲਾਲ ਕਮਿਉਨਿਸਟ ਪਾਰਟੀ ਦੀ ਅਗਵਾਈ ਵਿਚ ਪੈਪਸੂ ਮੁਜ਼ਾਰਾ ਲਹਿਰ ਸ਼ੁਰੂ ਹੋ ਗਈ ਤੇ ਕਾ. ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ, ਕਾ. ਹਰਨਾਮ ਸਿੰਘ ‘ਚਮਕ’, ਧਰਮ ਸਿੰਘ ‘ਫੱਕਰ’, ਭਗਵਾਨ ਸਿੰਘ ਲੌਂਗੋਵਾਲ ਵਰਗੇ ਗ਼ਦਰੀ-ਅਕਾਲੀ-ਕਿਰਤੀ ਲਹਿਰ ਤੋਂ ਤੁਰੇ ਹੋਏ ਆਗੂ ਇਸ ਨੂੰ ਜਥੇਬੰਦ ਕਰਨ ਲੱਗੇ। ਲਾਲ ਕਮਿਊਨਿਸਟ ਪਾਰਟੀ ਦੇ ਬਹੁਤੇ ਆਗੂ ਅੰਮ੍ਰਿਤਧਾਰੀ ਸਨ; ਜੁਝਾਰੂ ਅਕਾਲੀਆਂ ਦੀ ਸੰਗਤ ਅਤੇ ਅਸਰ ਪਹਿਲਾਂ ਹੀ ਸੀ, ਸੋ ਹੀਰੋਂ ਕਲਾਂ ਦਾ ਡੇਰਾ ਮੁਜ਼ਾਰਾ ਲਹਿਰ ਦੇ ਵਾਰੰਟਡ ਆਗੂਆਂ ਅਤੇ ਕਾਰਕੁਨਾਂ ਦੀ ਠਾਹਰ ਬਣਦਾ ਗਿਆ। ਕਾ. ਜਗੀਰ ਸਿੰਘ ਜੋਗਾ ਵੀ ਅਕਸਰ ਆਉਂਦੇ ਅਤੇ ਚਰਚਾਵਾਂ ਦਾ ਦੌਰ ਜਾਰੀ ਰਹਿੰਦਾ।

ਸਿਆਸੀ ਰੁਝੇਵਿਆਂ ਦੇ ਨਾਲ-ਨਾਲ ਪਿੰਡ ਵਿਚ ਆਪਸੀ ਭਾਈਚਾਰੇ ਦੀ ਭਾਵਨਾ ਪੱਕੇ ਪੈਰੀਂ ਕਰਨ ਹਿਤ ਹੀਰੋਂ ਕਲਾਂ ਦੀ ਧੜੇਬੰਦੀ ਖ਼ਤਮ ਕਰਵਾਈ। ਸਿੱਖੀ ਦੀ ਚੇਤਨਾ, ਸਮਾਜ ਸੁਧਾਰ ਦਾ ਅਮਲ ਅਤੇ ਲੋਕ-ਮੁਕਤੀ ਦੀ ਰਾਜਨੀਤੀ ਦੇ ਸਬਕ ਅਤੇ ਅਮਲ ਨੂੰ ਸਹਿਜ-ਭਾਵੀ ਢੰਗ ਨਾਲ ਸੰਜੋਗ ਕਰਨ ਦਾ ਤਰੀਕਾਕਾਰ ਸੰਤ ਲੌਂਗੋਵਾਲ ਦੇ ਸਿਆਸੀ ਇਖ਼ਲਾਕ ਦਾ ਧੁਰਾ ਹੈ ਤੇ ਸਾਡੇ ਨਜ਼ਦੀਕ ਉਨ੍ਹਾਂ ਦੀ ਦਿੱਤੀ ਅਮਾਨਤ ਹੈ।

ਸਿੱਖ ਇਤਿਹਾਸ ਦੇ ਅਦੁੱਤੀ ਸ਼ਹੀਦ, ‘ਗਿਆਨ ਰਤਨਾਵਲੀ’ ਤੇ ‘ਭਗਤ ਰਤਨਾਵਲੀ’ ਦੇ ਕਰਤਾ, ਗੁਰਬਾਣੀ ਵਿਆਖਿਆ ਦੀ ਭਾਈ ਪ੍ਰਣਾਲੀ ਦੇ ਪ੍ਰਬੁਧ-ਪੁਰਖ ਅਤੇ 18ਵੀਂ ਸਦੀ ਦੇ ਸਿੱਖ ਸੰਘਰਸ਼ ਦੇ ਆਗੂ, ਭਾਈ ਮਨੀ ਸਿੰਘ ਨਾਲ ਜੁੜਦੇ ਪਿੰਡ ਲੌਂਗੋਵਾਲ ਵਿਚ ਹਰਚੰਦ ਸਿੰਘ ਨੂੰ ਬਹੁਤ ਸਨਮਾਨ ਸਹਿਤ ਲਿਆਂਦਾ ਗਿਆ। ਇੰਞ ਕੋਈ 21 ਸਾਲ ਦੀ ਉਮਰ ਤੋਂ ‘ਲੌਂਗੋਵਾਲ’ ਉਹਨਾਂ ਦੇ ਨਾਂ ਨਾਲ ਜੁੜ ਗਿਆ।

1955 ਵਿਚ ਪੰਜਾਬੀ ਸੂਬੇ ਬਾਰੇ ਪਹਿਲਾ ਮੋਰਚਾ ਮਾ. ਤਾਰਾ ਸਿੰਘ ਦੀ ਅਗਵਾਈ ਵਿਚ ਲੱਗਾ ਤਾਂ ਸੰਤ ਲੌਂਗੋਵਾਲ ਨੇ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ ਤੇ ਹਿਸਾਰ ਜੇਲ੍ਹ ਵਿਚ ਕੈਦ ਰਹੇ। 1960 ਵਿਚ ਦੂਜਾ ਮੋਰਚਾ ਲੱਗਾ ਤਾਂ ਮਾ. ਤਾਰਾ ਸਿੰਘ ਦੀ ਗ੍ਰਿਫ਼ਤਾਰੀ ਪਿੱਛੋਂ ਸੰਤ ਫ਼ਤਹਿ ਸਿੰਘ ਆਗੂ ਬਣੇ। ਸੰਤ ਲੌਂਗੋਵਾਲ ਨੇ ਪਹਿਲੇ ਦਿਨ ਹੀ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ। ਮੰਗਾਂ ਮਨਵਾਉਣ ਵਿਚ ਅਸਫ਼ਲ ਰਿਹਾ ਇਹ ਮੋਰਚਾ ਹੌਲੀ-ਹੌਲੀ ਅਕਾਲੀ ਦਲ ਵਿਚ ‘ਸੰਤ ਧੜਾ’ ਬਨਾਮ ‘ਮਾਸਟਰ ਧੜਾ’ ਵਿਚ ਧੜੇਬੰਦ ਹੋਣ ਲੱਗਾ। ਗ਼ਰੀਬ ਕਿਸਾਨੀ ਦੇ ਪਿਛੋਕੜ ਦੀ ਸਾਂਝ ਸਦਕਾ ਸੰਤ ਫ਼ਤਹਿ ਸਿੰਘ ਤੇ ਸੰਤ ਲੌਂਗੋਵਾਲ ਦੀ ਨੇੜਤਾ ਹੋ ਗਈ ਜੋ ਅਖੀਰ ਤੱਕ ਨਿਭੀ। ਅਕਾਲੀ ਦਲ ਮਾਸਟਰ ਜੀ ਦੇ ‘ਗਰਮ ਧੜੇ’ ਅਤੇ ਸੰਤ ਜੀ ਦੇ ‘ਨਰਮ ਧੜੇ’ ਵਿਚ ਤਕਸੀਮ ਹੋ ਗਿਆ।

ਅਕਾਲੀ ਸਿਆਸਤ ਦੀ ਬੁਨਿਆਦੀ ਸ਼ਨਾਖ਼ਤ ਬਣ ਚੁੱਕੀ ‘ਨਰਮ’ ਤੇ ‘ਗਰਮ’ ਧੜੇ ਦੀ ਕਬਾਇਲੀ ਕਿਸਮ ਦੀ ਵਾੜਾਬੰਦੀ ਆਪਣੇ ਵਿਰੋਧੀ ਨੂੰ ‘ਗੱਦਾਰ’ ਜਾਂ ‘ਮੈਦਾਨ ਛੱਡਣ’ ਦੇ ਮਿਹਣੇ ਮਾਰਨ ਲੱਗੀ। ਪਹਿਲਾਂ ਮਾ. ਤਾਰਾ ਸਿੰਘ ਤੇ ਫੇਰ ਸੰਤ ਫ਼ਤਹਿ ਸਿੰਘ ਨੂੰ ਮੋਰਚਾ ਅੱਧ-ਵਿਚਕਾਰ ਛੱਡ ਕੇ ਵਰਤ ਤੋੜਣ ਲਈ ਇਕ-ਦੂਜੇ ਵੱਲੋਂ ਸ਼ਰਮਿੰਦਾ ਕੀਤਾ ਜਾਂਦਾ ਰਿਹਾ।(1983-84 ਵਿਚ ਇਹੀ ਸਲੂਕ ਸੰਤ ਭਿੰਡਰਾਂਵਾਲੇ ਵੱਲੋਂ ਸੰਤ ਲੌਂਗੋਵਾਲ ਨਾਲ ਕੀਤਾ ਗਿਆ, ਜਿਸ ਦਾ ਸਿੱਟਾ ਸੰਤ ਜੀ ਦੀ ਹੱਤਿਆ ਵਿਚ ਨਿਕਲਿਆ।) ਅਕਾਲੀ ਦਲ ਵਿਚ ਨਰਮ ਧੜਾ ਸਿੱਖਾਂ ਦੇ ਪੰਥਕ ਸਵਾਲਾਂ ਦੀ ਸਿਆਸਤ ਦਾ ਨੁਮਾਇੰਦਾ ਤਾਂ ਹੁੰਦਾ ਹੀ ਹੈ, ਨਾਲ ਹੀ ਸਮੂਹ ਪੰਜਾਬੀਆਂ ਦੀਆਂ ਆਰਥਕ, ਸਿਆਸੀ ਤੇ ਹੋਰ ਸਾਂਝੀਆਂ ਮੰਗਾਂ ਵੀ ਸ਼ਾਂਤਮਈ, ਜਮਹੂਰੀ ਢੰਗ ਨਾਲ ਉਠਾਉਂਦਾ ਹੈ। ਗਰਮ ਧੜਾ ਅਕਸਰ ਸਿੱਖ ਭਾਈਚਾਰੇ ਦੇ ਸਵਾਲਾਂ ਨੂੰ ਹੀ ਕੇਂਦਰ ਵਿਚ ਰੱਖਦਾ ਹੈ ਅਤੇ ਅਕਾਲੀ ਦਲ ਵਿਚ ‘ਪੰਥਕ ਪਾਰਟੀ’ ਜਾਂ ‘ਪੰਜਾਬੀ ਪਾਰਟੀ’ ਵਾਲਾ ਰੇੜਕਾ ਪਾਈ ਰੱਖਦਾ ਹੈ। ਪੰਜਾਬ ਪ੍ਰਤੀ ਪਹਿਲਾਂ ਤੋਂ ਹੀ ਤੁਅੱਸਬ ਨਾਲ ਭਰਪੂਰ ਕੇਂਦਰੀ ਹਕੂਮਤ ਨੂੰ ਇਨ੍ਹਾਂ ਧੜਿਆਂ ਦੀ ਆਪਸੀ ਕਲ੍ਹਾ ਰਾਸ ਆਉਂਦੀ ਹੈ, ਫੁੱਟਾਂ ਪੈਂਦੀਆਂ ਹਨ। ਇਸ ਲਚਰ ਸਿਆਸੀ ਸੱਭਿਆਚਾਰ ਨੇ, ਇਕ ਦੂਜੇ ਨੂੰ ਠਿੱਬੀ ਲਾਉਣ ਦੀ ਵਾਦੀ ਨੇ ਅਕਾਲੀ ਦਲ ਨੂੰ ਜ਼ਿੰਮੇਵਾਰ ਸਿਆਸੀ ਮੰਚ ਬਣਨ ਤੋਂ ਵਰਜ ਕੇ ਰੱਖਿਆ ਹੈ।

ਇਸ ਸਿਆਸੀ ਸਭਿਆਚਾਰ ਤੋਂ ਉਲਟ ਵਗਦਿਆਂ ਸੰਤ ਲੌਂਗੋਵਾਲ ਆਪਣੀ ਸਮਰਪਣ-ਭਾਵਨਾ, ਧੜੇਬੰਦਕ ਭੇੜ ਤੋਂ ਨਿਰਲੇਪ ਰਹਿੰਦਿਆਂ ਅਕਾਲੀ ਦਲ ਵਿਚ ਸਦਭਾਵੀ ਏਕਤਾ ਦੇ ਮਿਸਾਲੀ ਪੁੰਜ, ਕੁਰਬਾਨੀ ਲਈ ਤਿਆਰ ਬਰ ਤਿਆਰ ਹਸਤੀ ਸਨ। ਆਪਣੀ ਸਹਿਣਸ਼ੀਲਤਾ, ਸਹਿਜ ਬੋਲ ਅਤੇ ਨਿਰਮਾਣਤਾ ਸਦਕਾ ਉਨ੍ਹਾਂ ਨੇ ਮੋਰਚਿਆਂ ਦੌਰਾਨ ਹਰ ਔਖੇ ਵੇਲੇ ਨੂੰ ਸਾਂਭਦਿਆਂ ਨਿੱਗਰ ਪ੍ਰਾਪਤੀਆਂ ਕੀਤੀਆਂ। ਜ. ਮੋਹਨ ਸਿੰਘ ਤੁੜ ਤੋਂ ਐਮਰਜੈਂਸੀ-ਵਿਰੋਧੀ ਮੋਰਚੇ ਦੀ ਕਮਾਨ ਸੰਤ ਲੌਂਗੋਵਾਲ ਨੂੰ ਦੇਣ ਲਈ ਜ. ਟੌਹੜਾ ਤੇ ਸ. ਬਾਦਲ ਨੇ ਵਾਰ-ਵਾਰ ਚਿੱਠੀਆਂ ਲਿਖੀਆਂ। ਇਹ ਸੰਤ ਜੀ ਦੀ ਕਾਬਲੀਅਤ ਤੇ ਹਰਮਨ-ਪਿਆਰਤਾ ਦਾ ਸਬੂਤ ਸੀ। ਜ. ਤੁੜ ਦੇ ਮਨ ਵਿਚ ਆਈਆਂ ਸ਼ੰਕਾਵਾਂ ਨੂੰ ਸੰਤ ਲੌਂਗੋਵਾਲ ਨੇ ਕਮਾਲ ਦੀ ਨਿਮਰਤਾ ਅਤੇ ਹੁਨਰ ਨਾਲ ਦੂਰ ਕੀਤਾ। 1977 ਵਿਚ ਮੋਰਚਾ ਫ਼ਤਹਿ ਹੋਇਆ, ਤਾਂ ਸਾਰੀ ਅਗਵਾਈ ਜ. ਤੁੜ ਨੂੰ ਸੌਂਪ ਕੇ, ਉਸੇ ਨਿਰਮਾਣ ਸਾਦਗੀ ਦੀ ਲੋਈ ਨਾਲ ਵਾਪਸ ਲੌਂਗੋਵਾਲ ਪਿੰਡ ਆ ਗਏ।

ਥੋੜ੍ਹੇ ਚਿਰ ਬਾਅਦ ਹੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਵੇਲੇ ਟੌਹੜਾ ਤੇ ਬਾਦਲ ਘਬਰਾਏ ਹੋਏ ਸਨ ਕਿ ਡੈਲੀਗੇਟਾਂ ਦੀ ਵਿਸ਼ਾਲ ਬਹੁਗਿਣਤੀ ਸੰਤ ਲੌਂਗੋਵਾਲ ਨੂੰ ਪ੍ਰਧਾਨ ਦੇਖਣਾ ਚਾਹੁੰਦੀ ਹੈ, ਪਰ ਜੇ 45 ਸਾਲ ਦੀ ਉਮਰ ਵਿਚ ਸੰਤ ਲੌਂਗੋਵਾਲ ਪ੍ਰਧਾਨ ਬਣ ਗਏ ਤਾਂ ਅਗਲੇ 15-20 ਸਾਲ ਇਹੋ ਹੀ ਰਹਿਣਗੇ। ਇਹ ਹੋਣੀ ਟਾਲਣ ਲਈ ਚੋਣ ਦੀ ਥਾਂ ਸਰਬਸੰਮਤੀ ਦਾ ਮਤਾ ਲਿਆਂਦਾ ਗਿਆ ਤੇ ਜਗਦੇਵ ਸਿੰਘ ਤਲਵੰਡੀ ਨੂੰ ਪ੍ਰਧਾਨ ਬਨਾਉਣ ਦਾ ਮਤਾ ਲਿਆ ਕੇ ਸੰਤ ਲੌਂਗੋਵਾਲ ਤੋਂ ਤਾਈਦ ਕਰਵਾਈ ਗਈ ਤਾਂ ਕਿ ਡੈਲੀਗੇਟ ਸ਼ਾਂਤ ਰਹਿਣ।

ਸੰਤ ਲੌਂਗੋਵਾਲ ਨੂੰ ਲਾਂਭੇ ਕਰ ਕੇ ਨਾਲ ਦੀ ਨਾਲ ਤਲਵੰਡੀ-ਬਨਾਮ-ਟੌਹੜਾ-ਬਨਾਮ-ਬਾਦਲ, ਤਿੰਨ ਧਿਰੀ ਸਸਤਾ ਧੜੇਬੰਦਕ ਤਮਾਸ਼ਾ ਸ਼ੁਰੂ ਹੋ ਗਿਆ। ਨਿੱਤ ਦੇ ਝੇੜਿਆਂ ਨਾਲ ਅਕਾਲੀ ਦਲ ਦਾ ਇਕ ਸੰਜੀਦਾ ਸਿਆਸੀ ਜਮਾਤ ਵਜੋਂ ਵਕਾਰ ਢਹਿਣ ਲੱਗਾ । ਸੰਤ ਲੌਂਗੋਵਾਲ ਇਸ ਵਰਤਾਰੇ ਦਾ ਨਕਾਰ ਸਨ ਤੇ ਪੰਜਾਬੀਆਂ ਦੀ ਸੰਘਰਸ਼ੀ ਵਿਰਾਸਤ, ਏਕਤਾਬੱਧ ਅਕਾਲੀ ਦਲ ਦੀ ਆਤਮਾ ਸਨ। ਗਰਮ ਧੜੇ ਵਾਲੇ ਟੌਹੜਾ-ਤਲਵੰਡੀ ਜੁੱਟ ਨੇ ਨਰਮ ਧੜੇ ਦੇ ਸ. ਬਾਦਲ ਦੀ ਸਰਕਾਰ ਵਿਰੁੱਧ ਬਿਆਨ ਦਿੱਤੇ ਤੇ ਬਾਦਲ ਨੂੰ ਆਰ. ਐਸ. ਐਸ. ਦਾ ਗ਼ੁਲਾਮ ਤੱਕ ਕਿਹਾ। ਗਰਮ ਤੇ ਨਰਮ ਧੜੇ ਵਾਲੀ ਬਾਜ਼ੀ ਦੀ ਸਫ਼ ਵਿਛਾਈ ਜਾ ਰਹੀ ਸੀ। ਇਸ ਕਾਰਨ ਸੂਝਵਾਨ ਪੰਜਾਬੀਆਂ ਅੰਦਰ ਇਹ ਪ੍ਰਭਾਵ ਜ਼ੋਰ ਫੜ ਗਿਆ ਕਿ ਅਕਾਲੀ ਮੋਰਚੇ ਤਾਂ ਲਾ ਸਕਦੇ ਹਨ ਪਰ ਸਰਕਾਰ ਨਹੀਂ ਚਲਾ ਸਕਦੇ।

ਇਥੇ ਕਹਿਣਾ ਬਣਦਾ ਹੈ ਕਿ ਧਰਮ ਯੁਧ ਮੋਰਚੇ ਦੌਰਾਨ ‘ਨਰਮ ਦਲੀਏ’ ਸੰਤ ਲੌਂਗੋਵਾਲ ‘ਤੇ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਸੀ, ਸੰਜਮ ਤੇ ਸਿਆਣਪ ਨਾਲ ਹਰ ਰੋਜ਼ ਮੋਰਚੇ ਨੂੰ ਤੋਰਨਾ ਤੇ ਨਿਰਦੇਸ਼ਿਤ ਕਰਨਾ ਸੀ। ਕੇਂਦਰ ਸਰਕਾਰ ਦੀ ਇਸ ਮੋਰਚੇ ਨੂੰ ਲਮਕਾਉਣ ਦੀ ਨੀਤੀ ਅਤੇ ਸਿੱਖਾਂ ਖ਼ਿਲਾਫ਼ ਪ੍ਰਚਾਰ ਕਰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਕੋਈ ‘ਵੱਡਾ ਨਿਰਣਾਇਕ ਕਦਮ’ ਉਠਾਉਣ ਦੀ ਮਨਸ਼ਾ ਦਾ ਢੁੱਕਵਾਂ ਜਵਾਬ ਦੇਣਾ ਸੀ ਤੇ ਜੇਲ੍ਹੀਂ ਬੰਦ ਅਕਾਲੀਆਂ ਦੇ ਪਰਿਵਾਰਾਂ ਦੀ ਸੰਭਾਲ ਵੱਲ ਧਿਆਨ ਰੱਖਣਾ ਸੀ।

ਦੂਜੇ ਪਾਸੇ ‘ਗਰਮ ਦਲੀਏ’ ਸੰਤ ਭਿੰਡਰਾਂਵਾਲੇ ਹਰਿਆਣਾ ਵਿਚ ਸਿੱਖਾਂ ਖ਼ਿਲਾਫ਼ ਹੋਈ ਹਿੰਸਾ ਦਾ ‘ਮੋੜਵਾਂ ਜਵਾਬ’ ਦੇਣ ਦਾ ਤਵਾ ਭਰੀ ਬੈਠੇ ਸਨ; ਮੋਰਚੇ ਦਾ ਹਿੱਸਾ ਹੁੰਦਿਆਂ ਹੋਇਆਂ ਅਕਾਲੀ ਆਗੂਆਂ, ਖ਼ਾਸ ਤੌਰ ‘ਤੇ ਸੰਤ ਲੌਂਗੋਵਾਲ ਬਾਰੇ ਨੁਕਤਾਚੀਨੀ ਕਰ ਰਹੇ ਸਨ; ਅਕਾਲੀ ਆਗੂਆਂ ਨੂੰ ਸਾਰੀਆਂ ਮੰਗਾਂ ਮਨਵਾਏ ਬਿਨਾਂ ਮੋਰਚਾ ਵਾਪਸ ਲੈਣ ਤੋਂ ਠੱਲ੍ਹਣ ਦਾ ਆਪਣਾ ਇਰਾਦਾ ਦੱਸ ਰਹੇ ਸਨ ਤੇ ਸਾਂਝੇ ਅੰਦੋਲਨ ਦੀ ਮਰਿਆਦਾ ਤੇ ਅਨੁਸ਼ਾਸਨ ਭੰਗ ਕਰ ਰਹੇ ਸਨ; ਅਕਾਲੀ ਮੋਰਚਿਆਂ ਦੀ ਸ਼ਾਂਤਮਈ ਰਵਾਇਤ ਦੇ ਉਲਟ ਚੱਲਦਿਆਂ ਪੰਜਾਬ ਵਿਚ ਫ਼ਿਰਕੂ ਕਤਲ ਕੀਤੇ ਜਾ ਰਹੇ ਸਨ; ਕਈ ਕਿਸਮ ਦੇ ਅਪਰਾਧੀ ਅਨਸਰ ਦਰਬਾਰ ਸਾਹਿਬ ਕੰਪਲੈਕਸ ਵਿਚ ਇਕ ਦੂਜੇ ਦੇ ਕਤਲ, ਤਸੀਹੇ, ਗੋਲੀਬਾਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਰਹੇ ਸਨ।

ਇਹਨਾਂ ਦੋਹਾਂ ਸੂਰਤਾਂ ਨੂੰ ਜੋੜ ਕੇ ਵੇਖੀਏ ਤਾਂ ਸੰਤ ਲੌਂਗੋਵਾਲ ਦੀ ਅਗਵਾਈ ਨੂੰ ਬਾਹਰੋਂ ਕੇਂਦਰ ਸਰਕਾਰ ਆਪਣੇ ਅਨੈਤਿਕ ਵਿਹਾਰ ਨਾਲ ਢਾਹ ਲਾ ਰਹੀ ਸੀ ਅਤੇ ਅੰਦਰੋਂ ਸੰਤ ਭਿੰਡਰਾਂਵਾਲੇ ਨੇ ਮੋਰਚਾ ਸਾਬੋਤਾਜ ਕਰਨ ਦੀ ਹੱਦ ਤੱਕ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਹੋਇਆ ਸੀ। ਜੂਨ ’84 ਦਾ ਸਾਕਾ ਤੇ ਫਿਰ ਨਵੰਬਰ ’84 ਦਾ ਕਤਲਾਮ ਪੰਜਾਬ ਦੇ ਵਹਿਣ ਨੂੰ ਖਾਰੇ ਸਾਗਰਾਂ ਦੇ ਹਵਾਲੇ ਕਰ ਗਿਆ, ਪੰਜਾਬ ਦੀ ਸੰਭਾਵਨਾ ਨੂੰ ਗ੍ਰਹਿਣ ਲੱਗ ਗਿਆ। ‘ਪੰਜਾਬ ਸਮਝੌਤਾ’ ਇਸ ਕਾਲੀ ਰਾਤ ਵਿਚ ਦੀਵਾ ਬਾਲਣ ਦਾ ਕਮਜ਼ੋਰ ਹੀਲਾ ਸੀ।

ਸ੍ਰੀ ਅਕਾਲ ਤਖ਼ਤ ‘ਤੇ ਰਿਹਾਇਸ਼ ਕਰੀ ਬੈਠੇ ਵਿਅੰਗ ਨਾਲ ਸੰਤ ਲੌਂਗੋਵਾਲ ਨੂੰ ‘ਗਾਂਧੀ’ ਜਾਂ ‘ਸ਼ਾਂਤ ਸ਼ਾਗਰ’ ਤੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ‘ਗਾਂਧੀ ਭਵਨ’ ਆਖਦੇ। ਹਿੰਸਾ ਦੇ ਪੈਰੋਕਾਰਾਂ ਨੇ ਪੰਜਾਬੀ ਪੰਥ ਦਾ ‘ਗਾਂਧੀ’, 20 ਅਗਸਤ, 1985 ਨੂੰ ‘ਗੱਦਾਰ’ ਕਹਿਕੇ ਮਾਰ ਦਿੱਤਾ। ਯਾਦ ਰਹੇ ਕਿ ਨਾਥੂ ਰਾਮ ਗੋਡਸੇ ਲਈ ਮਹਾਤਮਾ ਗਾਂਧੀ ਵੀ ਅਖੰਡ ਭਾਰਤ ਦੇ ਟੋਟੇ ਕਰਨ ਲਈ ਮੰਨ ਜਾਣ ਵਾਲਾ ‘ਗੱਦਾਰ’ ਹੀ ਸੀ। ਸੰਜੋਗ ਹੈ ਕਿ ਦੋਵੇਂ ਵਿਅਕਤੀ – ਮਹਾਤਮਾ ਗਾਂਧੀ ਅਤੇ ਸੰਤ ਲੌਂਗੋਵਾਲ – ਲੋਕਾਂ ਵਿਚ ਆਪਸੀ ਵੈਰ-ਭਾਵ, ਨਫ਼ਰਤ ਦੀ ਅੱਗ ਮਿਟਾਉਣ ਲਈ; ਜੁੜ ਬੈਠਣ ਲਈ; ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਦੀ ਮੁਹਿੰਮ ਚਲਾ ਰਹੇ ਸਨ ਅਤੇ ਲੋਕਾਂ ਵਿਚ ਵਿਚਰਦਿਆਂ ਆਪਣੀ ਜਾਨ ਨੂੰ ਜੋਖਮ ਵਿਚ ਪਾ ਰਹੇ ਸਨ।

ਅਜਿਹੇ ਸਹਿਜ ਅਤੇ ਸਦਭਾਵਨਾ ਦੇ ਗੁਣਾਂ ਲਈ ਸ਼ਹਾਦਤ ਦੇਣ ਵਾਲਿਆਂ ਬਾਰੇ ਗੁਰਬਾਣੀ ਦਾ ਵਾਕ ਹੈ:
“ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।
ਸੂਰੇ ਸੇਈ ਆਖੀਅਹਿ ਦਰਗਹਿ ਪਾਵਹਿ ਸਾਚੀ ਮਾਣੋ।”

 

Total Views: 243 ,
Real Estate