ਪੂਰੇ ਸੁਪਨਿਆਂ ਵਾਲਾ ਅਧੂਰਾ ਇਨਸਾਨ

Mohani Mahant
Mohani Mahant -Photo by Sukhnaib Sidhu

ਸੁਖਨੈਬ ਸਿੰਘ ਸਿੱਧੂ

43-44 ਸਾਲ ਪਹਿਲਾਂ ਰਾਜਸਥਾਨ ਦੇ ਜਿ਼ਲ੍ਹਾ ਝੂਨਝਨੂ ‘ਚ ਇੱਕ ਹਿੰਦੂ ਜਿਮੀਦਾਰ ਪਰਿਵਾਰ ਦੇ ਘਰੇ ਔਲਾਦ ਹੋਈ । ਬਾਪੂ ਦੀ ਪੱਗ ਦਾ ਰੰਗ ਹੋਰ ਰੰਗੀਨ ਹੋ ਗਿਆ ਚਿਹਰੇ ‘ਤੇ ਲਾਲੀਆਂ ਆ ਗਈਆਂ , ਮਾਂ ਦੀ ਲਹਿਰੀਏ ਵਾਲੀ ਚੁੰਨਰੀ ‘ਚ ਖੁਸ਼ੀ ਦੀ ਲਹਿਰ ਆਉਣ- ਜਾਣ ਲੱਗੀ , ਕਿਲਕਾਰੀਆਂ ਗੂੰਜੀਆਂ ‘ਛੋਹਰਾ ਹੂਆ’ ਥਾ । ਲਾਗੀ -ਤੱਥੇ ਪਹੁੰਚੇ , ਵਾਜੇ ਗਾਜੇ ਵੱਜੇ । ਪਰ ਮਾਰੂਥਲ ‘ਚ ਮਸਾਂ ਉੱਗੀ ਖੁਸ਼ੀਆਂ ਦੀ ਫਸਲ ਨੂੰ ਫਿਕਰਾਂ ਦੀ ਹਨੇਰੀ ਨੇ ਦੱਬ ਲਿਆ । ਚਾਅ ਮੱਠੇ ਪੈ ਗਏ , ਦੁੱਖ ਘੇਰਾ ਪਾਉਣ ਲੱਗੇ । ਇਹ ਛੋਹਰਾ ਬਾਕੀ ਬੱਚਿਆਂ ਵਰਗਾ ਨਹੀਂ ਸੀ । ਜੋ ਗੱਲ ਮਾਪੇ ਸੋਚਦੇ ਸੀ ਕਿ ਸਮੇਂ ਨਾਲ ਇਹਦੇ ਗੁਪਤ ਅੰਗ ਦਾ ਵਿਕਾਸ਼ ਹੋ ਜਾਣਾ ਉਹ ਗੱਲ ਨਾ ਬਣੀ ,ਉਲਟਾ ਚੱਕਰ ਚੱਲਿਆ ਇਹ ‘ਮੁੰਡਾ’ ਕੁੜੀਆਂ ਦੇ ਕੱਪੜੇ ਪਸੰਦ ਕਰਨ ਲੱਗਾ , ਖੇਡਾਂ ਅਤੇ ਸੌਂਕ ਮਰਦਾਵੇ ਹੋਣ ਦੀ ਥਾਂ ਜਨਾਨੇ ਹੋਣ ਲੱਗੇ । ਸੀ ਤਾਂ ਜਿ਼ਗਰ ਦਾ ਟੁਕੜਾ ਪਰ ਲੋਕ ਲੱਜੋ ਖੁਸਰਾ ਡੇਰੇ ਵਾਲਿਆਂ ਨੂੰ ਦੇ ਦਿੱਤਾ ।
ਲੁਧਿਆਣੇ ਦੇ ਡੇਰੇ ‘ਚ ਪੈਰਾਂ ਨੂੰ ਘੰਗਰੂ ਅਤੇ 13 ਕੁ ਸਾਲ ਦੇ ਛੋਹਰੇ ਨੂੰ ਨਾਂਅ ਮਿਲਿਆ ‘ਮੋਹਨੀ ਮਹੰਤ’। ਹੁਣ ਡੇਰਾ ਹੀ ਉਹਦਾ ਸਭ ਕੁਝ ਸੀ। ਢੋਲਕੀ ਦੀ ਥਾਪ, ਪੈਰਾਂ ਦੀ ਤਾਲ ਅਤੇ ਕੁਝ ਗੀਤ ਬਾਕੀ ਮਹੰਤਾਂ ਵਾਂਗੂੰ ਉਹਦਾ ਮੁਕੱਦਰ ਬਣੇ । ਕਿਸੇ ਦੇ ਵਿਆਹ ਹੋਵੇ , ਕਿਸੇ ਦੇ ਮੁੰਡਾ ਜੰਮੇ ਜਾਂ ਕੋਈ ਤਿੱਥ ਤਿਉਹਾਰ ਹੁੰਦਾ ਇਹ ਜਾਂਦੇ – ਵਧਾਈਆਂ ਮੰਗਦੇ – ਖੁਸ਼ੀਆਂ ਵੰਡਦੇ , ਪਰ ਖੁਦ ਉਦਾਸ ਰਹਿੰਦੇ । ਉੱਚੀਆਂ ਕੰਧਾਂ ਤੋਂ ਪਾਰ ਝਾਕਦੀ ‘ਮੋਹਨੀ’ ਸੁਪਨੇ ਤਾਂ ਬਹੁਤ ਵੱਡੇ ਦੇਖਦੀ , ਡੇਰੇ ਦੀ ਕੰਧ ‘ਤੇ ਲੱਗਾ ਸਖਤ ਅਨੁਸ਼ਾਸਨ ਦਾ ਕੱਚ ਸੁਪਨਿਆਂ ਦੀ ਰੂਹ ‘ਚ ਖੂੰਭ ਜਾਂਦਾ , ਲਹੂ -ਲੁਹਾਣ ਸੁਪਨੇ ਸਸਕੀਆਂ ਭਰਦੇ , ਜਿਉਣ ਜੋਗੇ ਜਵਾਨੀ ਤੋਂ ਪਹਿਲਾਂ ਮਰਦੇ। ਗੁਰੂ-ਚੇਲਾ ਪਰੰਪਰਾ ਨੇ ਕਿੰਨਰਾਂ ਦਾ ਜੀਣਾ ਹੋਰ ਵੀ ਦੁੱਭਰ ਕੀਤਾ । ਉਹ ਦੱਸਦੀ ਹੈ , ‘ ਡੇਰੇ ਦਾ ਮੁਖੀ ਗੁਰੁ ਹੀ ਸਭ ਕੁਝ ਹੁੰਦਾ, ਜੇ ਉਹ ਜਾਗਦਾ ਤਾਂ ਚੇਲਾ ਸੌਂ ਨਹੀਂ ਸਕਦਾ , ਰੋਟੀ ਵੀ ਗੁਰੂ ਤੋਂ ਬਾਅਦ ਖਾਣੀ , ਜਾਗਣਾ ਗੁਰੂ ਤੋਂ 2 ਘੰਟੇ ਪਹਿਲਾਂ- ਸੌਣਾ ਦੋ ਘੰਟੇ ਬਾਅਦ । ਇੱਕ ਨਰਕ ਮਾਪਿਆਂ ਦਾ ਘਰ ਹੁੰਦਾ , ਦੂਜਾ ਡੇਰੇਦਾਰਾਂ ਦੇ ਵੱਸ ਪੈ ਕੇ ।
ਆਖਿਰ , ਸੁਪਨਿਆਂ ਨੇ ਰਾਹ ਫੜ ਲਿਆ । ਆਨੇ -ਬਹਾਨੇ ਮੋਹਨੀ ਰਾਜਸਥਾਨ ਜਾਂਦੀ , ਗੁਰੂ ਤੋਂ ਚੋਰੀਓ ਉਹ ਪੜ੍ਹਦੀ ਰਹੀ । ਛੇਵੀਂ -ਸੱਤਵੀ ਚੋਂ ਹਟਾ ਕੇ ਤਾਂ ਡੇਰੇ ਭੇਜਿਆ ਸੀ । ਪੱਤਰ -ਵਿਵਹਾਰ ਨਾਲ ਰਾਜਸਥਾਨ ਵਿੱਚੋ ਪਹਿਲਾਂ ਦਸਵੀ ਫਿਰ ਬਾਰਵੀਂ , ਬੀਏ ਤੋਂ ਬਾਅਦ ਉਹਨੇ ਮਾਸਟਰ ਆਫ ਸੋਸ਼ਲ ਵਰਕ ਦੀ ਡਿਗਰੀ ਕੀਤੀ ।
ਹੁਣ ਮਨੁੱਖੀ ਅਧਿਕਾਰਾਂ ਉਪਰ ਪੀਐਚਡੀ ਕਰਦੀ ਮੋਹਨੀ ਮਹੰਤ ਲੁਧਿਆਣਾ ਦੀ ਲੋਕ ਅਦਾਲਤ ‘ਚ ਦੇਸ਼ ਦੀ ਪਹਿਲੀ ਥਰਡ ਜੈਂਡਰ ਮੈਂਬਰ ਹੈ ਜੋ ਜੱਜਾਂ ਦੇ ਬਰਾਬਰ ਬੈਠ ਕੇ ਸੁਣਵਾਈ ਕਰਦੀ ਹੈ। ਉਹਦੀ ਦਾਦੀ ਗੁਰੂ ਕਹਿੰਦੀ ਸੀ ਤੇਰਾ ਕੰਮ ਤਾਂ ਨੱਚਣਾ ,ਗਾਉਣਾ ਤੇ ਮੰਗਣਾ ਤੂੰ ਕੀ ਜੱਜ ਬਣ ਜਾਣਾ ਪੜ੍ਹਕੇ ? ਹੁਣ ——— ਮੋਹਣੀ ਜੇ ਜੱਜ ਨਹੀਂ ਵੀ ਬਣੀ ਤਾਂ ਜੱਜਾਂ ਬਰਾਬਰ ਕੁਰਸੀ ਡਹਿਣ ਲੱਗੀ ਹੈ ਉਹਦੀ ।
6-7 ਮਹੀਨੇ ਪਹਿਲਾਂ ਉਸਨੇ ਸੁਪਰੀਮ ਕੋਰਟ ਦੇ ਹੁਕਮ ਵਾਲੀ ਖ਼ਬਰ ਸਮਝੀ ਕਿ ਭੀਖ ਮੰਗਣਾ ਜੁਰਮ ਹੈ। ਉਸਤੋਂ ਮਗਰੋਂ ਉਸਨੇ ਪੰਜੇਬਾਂ ਵਗਾਹ ਕੇ ਮਾਰੀਆਂ , ਮੰਗਣਾ ਛੱਡ ਕੇ ਜਿਊਣਾ ਸੁਰੂ ਕਰ ਦਿੱਤਾ ।
ਕਮਿਊਨਿਟੀ ਅਧਾਰਿਤ ਸੰਸਥਾ ‘ਮਨਸ਼ਾ’ ਬਣਾ ਕੇ ਤੀਸਰੇ ਲਿੰਗ ਵਾਲੇ ਲੋਕਾਂ ਨੂੰ ਉਹਨਾ ਦੇ ਅਧਿਕਾਰਾਂ ਤੋਂ ਜਾਗਰਕ ਕਰਵਾਉਣ ਅਤੇ ਸਵੈਮਾਨ ਨਾਲ ਜਿਉਣਾ ਸਿਖਾਉਣ ਲਈ ਯਤਨਸ਼ੀਲ ਹੈ।
ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਹੁਣ ਉਸਦੀ ਡਿਊਟੀ ਲੁਧਿਆਣਾ ਵਿੱਚ ਕਿੰਨਰਾਂ (ਖੁਸਰਿਆਂ) ਦੀਆਂ ਵੋਟਾਂ ਬਣਾਉਣ ਲਈ ਲਗਾਈ ਹੈ ਅਤੇ ਉਹ ਚੋਣ ਅਮਲੇ ਨਾਲ ਝੁੱਗੀਆਂ ਝੌਂਪੜੀਆਂ ਅਤੇ ਅੱਡ-ਅੱਡ ਥਾਵਾਂ ‘ਤੇ ਰਹਿੰਦੇ ਖੁਸਰਿਆਂ ਦੀਆਂ ਨਵੀਂਆਂ ਵੋਟਾਂ ਬਣਾ ਰਹੀ ਹੈ। ਮੋਹਨੀ ਨੇ ਦੱਸਿਆ , ‘ 20 ਅਪਰੈਲ ਤੱਕ 900 ਦੇ ਕਰੀਬ ਕਿੰਨਰਾਂ ਦੀਆਂ ਵੋਟਾਂ ਕੱਲੇ ਲੁਧਿਆਣਾ ਸ਼ਹਿਰ ‘ਚੋਂ ਦਰਜ ਹੋ ਚੁੱਕੀਆਂ ਹਨ।, ਇਹ ਸ਼ਹਿਰ ਦੇ ਕਿੰਨਰਾਂ ਦੀ ਗਿਣਤੀ 3000 ਤੋਂ ਵੱਧ ਹੈ। ਪਹਿਲਾਂ ਜੀਹਦੀ ਵੀ ਵੋਟ ਬਣੀ ਸੀ ਉਹ ਮਰਦ ਜਾਂ ਔਰਤ ਵਾਲੇ ਖਾਨੇ ‘ਚ ਦਰਜ ਸੀ ਹੁਣ ਉਹਨਾਂ ਨੂੰ ਦਰੁਸਤ ਕਰਾ ਕੇ ਤੀਜੇ ਲਿੰਗ ਵਜੋਂ ਰਜਿਸਟਰਡ ਕਰਾ ਰਹੇ ਹਾਂ ।
ਐਨੀ ਵੱਡੀ ਸੰਖਿਆ ‘ਚ ਹੋਣ ਦੇ ਬਾਵਜੂਦ ਇੱਕਜੁੱਟ ਨਾ ਹੋਣ ਕਾਰਨ, ਘੱਟ ਪੜ੍ਹੇ ਜਾਂ ਅਨਪੜ੍ਹ ਹੋਣ ਕਾਰਨ ਇਹ ਲੋਕ ਆਪਣੇ ਹੱਕਾਂ ਬਾਰੇ ਜਾਗਰਕ ਨਹੀਂ । ਜੇ ਲਾਮਬੰਦ ਹੋਣ ਤਾਂ ਐਨੀਆਂ ਵੋਟਾਂ ਹਾਸਲ ਕਰਨ ਲਈ ਇਹਨਾਂ ਦੀਆਂ ਸਮੱਸਿਆਵਾਂ ਵੀ ਇਹ ਸਿਆਸੀ ਪਾਰਟੀਆਂ ਦੇ ਏਜੰਡੇ ‘ਤੇ ਹੋਣ । ਇਹ ਸਾਰੀ ਲਾਮਬੰਦੀ ਲਈ ਮੋਹਨੀ ਸਰਗਰਮ ਹੈ।
400 ਰੁਪਏ ਪ੍ਰਤੀ ਦਿਨ ਉਸਨੂੰ ਬਲਾਤਕਾਰ ਜਾਂ ਤੇਜਾਬ ਹਮਲੇ ਦਾ ਸਿ਼ਕਾਰ ਔਰਤਾਂ ਅਤੇ ਕੁੜੀਆਂ ਦੀ ਕਾਊਸਲਿੰਗ ਕਰਨ ਦੇ ਮਿਲਦੇ ਹਨ।
ਕੁਝ ਸਰਕਾਰੀ ਅਤੇ ਐਨਜੀਓ ਦੇ ਪ੍ਰਾਜੈਕਟ ਵੀ ਉਹ ਕਰਦੀ ਹੈ ਜਿਸ ਨਾਲ ਲੁਕਵੀ ਆਬਾਦੀ ‘ਚ ਫੈਲੀਆਂ ਗੰਭੀਰ ਬਿਮਾਰੀਆਂ ਦੇ ਟੈਸਟ ਕਰਾਉਦੀ ਹੈ। ਖੁਸਰੇ /ਟਰਾਂਸਜੈਂਡਰ / ਐਲਜੀਬੀਟੀ ਕਮਿਊਨਿਟੀ ਵਾਲੇ ਲੋਕ ਏਡਸ਼ , ਸਿਫਲਿਸ ਅਤੇ ਗੁਪਤ ਅੰਗਾਂ ਕਈ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਹਨ ਪਰ ਇਹ ਉਹਨਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ।
ਟੀਵੀ ਇੰਟਰਵਿਊ ਦੌਰਾਨ ਮੈਂ ਪੁੱਛਿਆ ਕੀ ਹੋਵੇ ਤੁਹਾਡੇ ਲਈ ?
ਸਾਡਾ ਤਾਂ ਬੁਰਾ ਹਾਲ ਨਾ ਘਰਦੇ ਪੁੱਛਦੇ ਨਾ ਸਰਕਾਰ , ਕੁਝ ਲੋਕ ਡੇਰੇਦਾਰਾਂ ਤੋਂ ਤੰਗ ਹੋ ਨਿਕਲੇ ਜਾਂ ਡੇਰਿਆਂ ਤੋਂ ਕੱਢੇ ਹੋਏ ਚੌਂਕ ਚੌਰਾਹਿਆਂ ‘ਚ ਮੰਗਦੇ ਹਨ , ਇਹਨਾ ਦੇ ਰਹਿਣ ਲਈ ਥਾਂ ਨਹੀਂ ਝੁੱਗੀਆਂ ਝੌਪੜੀਆਂ ‘ਚ ਰੀਂਗ-ਰੀਂਗ ਮਰ ਜਾਂਦੇ ਹਨ। ਕੋਈ ਬਾਤ ਨਹੀਂ ਪੁੱਛਦਾ । ਪਰ ਮੈਂ ਇਹਨਾ ਦੀ ਆਵਾਜ਼ ਚੁੱਕ ਰਹੀ ਹਾਂ।
ਰੱਬ ‘ਤੇ ਕਿੰਨ੍ਹਾ ਕੁ ਗੁੱਸਾ ਆਉਂਦਾ ?
ਉਹਦੀ ਰਜ਼ਾ ਹੈ । ਹੁਣ ਮੈਂ ਖੁਸ਼ ਹਾਂ । ਅੱਜ ਮੇਰੀ ਇੱਜ਼ਤ ਵੀ ਹੈ ਅਤੇ ਆਪਣੇ ਲੋਕਾਂ ਦੀ ਆਵਾਜ਼ ਵੀ ਚੁੱਕ ਰਹੀ ਹਾਂ । ਜੋ ਮੁਕਾਮ ਮੈਂ ਹਾਸਲ ਕਰ ਲਿਆ ਹੋ ਸਕਦਾ ਔਰਤ ਜਾਂ ਮਰਦ ਬਣ ਕੇ ਨਾ ਹਾਸਲ ਕਰ ਸਕਦੀ।
ਲੋਕਾਂ ਦਾ ਰਵੱਈਆ ਕਿਹੋ ਜਿਹਾ ?
ਸਾਰੇ ਲੋਕ ਤਾਂ ਇੱਕੋ ਜਿਹੇ ਨਹੀਂ ਹੁੰਦੇ । ਬੁਰੇ ਵੀ ਬਹੁਤ ਮਿਲਦੇ । ਪਰ ਪੰਜਾਬ ‘ਚ ਲੋਕ ਸਾਡਾ ਸਤਿਕਾਰ ਵੀ ਕਰਦੇ ਕੁਝ ਤਾਂ ਇੱਜ਼ਤ ਨਾਲ ਪੈਂਰੀ ਹੱਥ ਵੀ ਲਾਉਂਦੇ ਨੇ ।
ਗੁਰਦਾਸ ਕੈਮਰਾ ਚਲਾ ਰਿਹਾ ਸੀ , ਸਵਾਲ ਹੋ ਰਹੇ ਸੀ , ਮੋਹਨੀ ਦੇ ਜਵਾਬ ਰੂਹ ਨੂੰ ਮੋਹਦੇ, ਆਸੇ ਪਾਸੇ ਖੜੇ ਲੋਕ ਜੋ ਸਾਡੀ ਗੱਲ ਸੁਣਦੇ ਸੀ ਉਹਨਾਂ ‘ਚੋਂ ਇੱਕ ਨੇ ਕਿਹਾ, ‘ ਕਿੰਨੇ ਉੱਚੇ ਵਿਚਾਰ ਨੇ , ਆਪਾਂ ਕਦੇ ਇਹਨਾ ਦੀ ਪੀੜ ਨਹੀਂ ਸਮਝੀ ।’
ਕਿੰਨੀ ਪੀੜ ਚੁੱਕੀ ਫਿਰਦਾ ਇਹ ਅਧੂਰਾ ਇਨਸਾਨ ਕਿਵੇ ਸਮਰੱਥ ਹੋਇਆ ਆਪਣੇ ਸੁਪਨੇ ਪੂਰੇ ਕਰਨ ਦੇ , ਗੱਲ ਤਾਂ ਬਹੁਤ ਵੱਡੀ ਹੈ। ਪਰ ਇਸ ਪਾਸੇ ਨੂੰ ਇਹਨੇ ਕੁਝ ਹੀ ਕਦਮ ਪੁੱਟੇ ਹਨ ਸਫ਼ਰ ਵੀ ਬਹੁਤ ਵੱਡਾ । ਕੱਲਿਆਂ ਦਾ ਕਾਫਲਾ ਜਦੋਂ ਤੁਰਦਾ ਫਿਰ ਬਹੁਤ ਸਾਥੀ ਮਿਲ ਜਾਂਦੇ ਹਨ। ਅਸੀਂ -ਤੁਸੀ ਤਾਂ ਉਸ ਨੂੰ ਹੱਲਾਸ਼ੇਰੀ ਹੀ ਸਕਦੇ ਹਾਂ। ਸਾਡੀ ਹੱਲਾਸ਼ੇਰੀ ਨੇ ਉਸਨੂੰ ਥੱਕਣ ਅੱਕਣ ਨਹੀਂ ਦੇਣਾ , ਮੰਜਿ਼ਲ ਤਾਂ ਹਿੰਮਤ ਨਾਲ ਸਰ ਹੋਣੀ ਪਰ ਹੁਣ ਮੋਹਨੀ ਉਹ ਟੀਸੀ ‘ਤੇ ਨੇੜੇ ਪਹੁੰਚੀ ਪ੍ਰਤੀਤ ਹੁੰਦੀ । ਆਓ ਹੱਲਾਸ਼ੇਰੀ ਦੇ ਦੋ ਸ਼ਬਦ ਇਹ ਯੋਧੇ ਲਈ ਬੋਲੀਏ ਕਿ ਲੜਾਈਆਂ ਹਥਿਆਰਾਂ ਨਾਲ ਨਈਂ ਜਜਬਿਆਂ ਨਾਲ ਵੀ ਜਿੱਤੀਆਂ ਜਾਂਦੀਆਂ ਹਨ।

 

Total Views: 159 ,
Real Estate