ਕੈਪਟਨ ਨੇ ਅਕਾਲੀਆ ‘ਚ ਜਾਂਦੇ -ਜਾਂਦੇ ਜਗਮੀਤ ਬਰਾੜ ਨੂੰ ਵੀ ਨੀਂ ਬਕਸਿ਼ਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ਵਿੱਚ ਜਾਣ ਤੋਂ ਬਾਅਦੇ ਕਿਹਾ ਹੈ ਕਿ ਕਾਂਗਰਸ ਵਿੱਚ ਵਾਪਸੀ ਦੇ ਤਮਾਮ ਰਸਤੇ ਬੰਦ ਹੋਣ ਤੋਂ ਬਾਅਦ ਆਪਣਾ ਸਿਆਸੀ ਵਜੂਦ ਬਚਾਉਣ ਲਈ ਉਸ ਨੇ ਆਖਰੀ ਹੰਭਲਾ ਮਾਰਿਆ ਹੈ। ਪਿਛਲੇ ਦਿਨਾਂ ਵਿੱਚ ਬਰਾੜ ਪਾਸੋਂ ਪ੍ਰਾਪਤ ਹੋਏ ਵੱਟਸਐਪ ਸੰਦੇਸ਼ਾਂ ਦੀ ਲੜੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸਿਆਸਤ ਵਿੱਚ ਵਾਪਸੀ ਲਈ ਤਿਲਮਿਲਾ ਰਿਹਾ ਸੀ ਅਤੇ ਅਖੀਰ ਉਸ ਨੇ ਬਾਦਲਾਂ ਨਾਲ ਜਾਣ ਦਾ ਫੈਸਲਾ ਕੀਤਾ ਜਦਕਿ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਉਸ ਨੂੰ ਵਾਪਸ ਲਿਆਉਣ ਲਈ ਸਹਿਮਤ ਹੁੰਦੀ ਹੈ ਤਾਂ ਉਹ ਬਾਦਲਾਂ ਨਾਲ ਨਜਿੱਠਣਗੇ।ਕੈਪਟਨ ਨੇ ਕਿਹਾ ਕਿ ਇਹ ਸੁਭਾਵਕ ਗੱਲ ਹੈ ਕਿ ਬਰਾੜ ਅੱਗੇ ਇਕ ਸਿਆਸੀ ਏਜੰਡਾ ਹੈ ਅਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪਿਛਲੇ ਕਈ ਹਫ਼ਤਿਆਂ ਤੋਂ ਢੀਠਤਾ ਨਾਲ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਅਸੀਂ ਬਰਾੜ ਦੇ ਸੰਦੇਸ਼ਾਂ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਜਿਸ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਨੇ ਅਕਾਲੀ ਦਲ ਦਾ ਪੱਲਾ ਫੜਨ ਦਾ ਫੈਸਲਾ ਲਿਆ।ਕੈਪਟਨ ਨੇ ਕਿਹਾ ਕਾਂਗਰਸ ਪਾਰਟੀ ਅਜਿਹੇ ਮੌਕਾਪ੍ਰਸਤ ਤੇ ਖੁਦਗਰਜ਼ ਵਿਅਕਤੀਆਂ ਤੋਂ ਬਿਨਾਂ ਹੀ ਚੰਗੀ ਹੈ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਰਾੜ ਬਾਦਲਾਂ ਦਾ ਕਾਂਗਰਸ ਪਾਰਟੀ ਨਾਲੋਂ ਵੱਧ ਵਫ਼ਾਦਾਰ ਰਹੇਗਾ, ਜਿਹੜੀ ਪਾਰਟੀ ਨੇ ਉਸ ਦਾ ਸਿਆਸੀ ਕੈਰੀਅਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
਼ਵਾਇਰਲ ਕੀਤੇ ਗਏ ਸੰਦੇਸ਼ਾਂ ਵਿੱਚ ਬਰਾੜ ਨੇ 9 ਅਪ੍ਰੈਲ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ,”ਸਤਿਕਾਰਯੋਗ ਮਹਾਰਾਜਾ ਸਾਹਿਬ, ਮੇਰੀਆਂ ਭੁੱਲਾਂ ਲਈ ਮੈਨੂੰ ਖਿਮਾ ਕਰ ਦਿਓ। ਸਰ ਡਾਕਟਰ ਮੁਹੰਮਦ ਇਕਬਾਲ ਨੇ ਕਿਹਾ,”ਗੁਨਾਹਗਾਰ ਹੂੰ, ਕਾਫਿਰ ਨਹੀਂ ਹੂੰ ਮੈਂ। ਮੈਂ ਹਮੇਸ਼ਾ ਤੁਹਾਡੇ ਹੱਕ ਵਿੱਚ ਖੜ੍ਹਾਂਗਾ ਅਤੇ ਬਾਕੀ ਰਹਿੰਦੇ ਸਾਲ ਮੈਨੂੰ ਮਹਾਰਾਜਾ ਪਟਿਆਲਾ ਲਈ ਦਿੱਤੇ ਜਾਣ। ਨਵਜੋਤ ਨੂੰ ਦੇਸ਼ ਦੀ ਚੋਣ ਮੁਹਿੰਮ, ਤਰਜ਼-ਏ-ਬਿਆਨੀ ਅਤੇ ਆਪਮੁਹਾਰੇਪਨ ਵਿੱਚ ਜੁਟੇ ਰਹਿਣ ਦਿਓ। ਮੈਨੂੰ ਆਪਣੇ ਨਾਲ ਰੱਖੋ। ਪੰਜਾਬ ਵਿੱਚ ਮੈਂ ਬਾਦਲਾਂ ਨੂੰ ਸੂਤ ਕਰਾਂਗਾ। ਤੁਹਾਡਾ ਸ਼ਰਧਾਲੂ।” ਇਹ ਮੁਆਫੀ ਤੇ ਪੇਸ਼ਕਸ਼ ਮੁੱਖ ਮੰਤਰੀ ਨੂੰ ਕੀਤੇ ਸੰਦੇਸ਼ ਦੀ ਲੜੀ ਦਾ ਹਿੱਸਾ ਹਨ ਜਿਸ ਤਹਿਤ 22 ਮਾਰਚ, 2019 ਨੂੰ ਮਿਲਣ ਦਾ ਸਮਾਂ ਮੰਗਿਆ ਸੀ ਅਤੇ 31 ਮਾਰਚ ਨੂੰ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਅਤੇ ਇਕ ਅਪ੍ਰੈਲ, 2019 ਨੂੰ ਦਿੱਲੀ ਵਿੱਚ ਕਪੂਰਥਲਾ ਹਾਊਸ ‘ਚ ਭੇਜੇ ਨੋਟ, 9 ਅਪ੍ਰੈਲ ਨੂੰ ਮੁਆਫੀ ਮੰਗਣ ਅਤੇ ਆਪਣੇ ਬਾਕੀ ਬਚਦੇ ਸਾਲ ਮਹਾਰਾਜਾ ਪਟਿਆਲਾ ਨੂੰ ਸਮਰਪਿਤ ਕਰਕੇ ਪੰਜਾਬ ਵਿੱਚ ਬਾਦਲਾਂ ਨਾਲ ਨਜਿੱਠਣ ਦੀ ਪੇਸ਼ਕਸ਼ ਕੀਤੀ ਗਈ ਸੀ।

Total Views: 198 ,
Real Estate