ਗੁਜਰਾਤ: ਕਿਸ਼ਤੀ ਵਿੱਚੋਂ 600 ਕਰੋੜ ਦਾ ਨਸ਼ਾ ਬਰਾਮਦ

ਭਾਰਤੀ ਤੱਟ ਰੱਖਿਅਕਾਂ ਨੇ ਅਰਬ ਸਾਗਰ ’ਚ ਕਾਰਵਾਈ ਕਰਦਿਆਂ ਇਕ ਪਾਕਿਸਤਾਨੀ ਕਿਸ਼ਤੀ ’ਚੋਂ 600 ਕਰੋੜ ਰੁਪਏ ਮੁੱਲ ਦੇ 86 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਗੁਜਰਾਤ ਤੱਟ ’ਤੇ ਕਿਸ਼ਤੀ ’ਚ ਸਵਾਰ 14 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮੁੰਦਰੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਸ਼ਨਿਚਵਾਰ ਅੱਧੀ ਰਾਤ ਗੁਜਰਾਤ ਅਤਿਵਾਦ ਵਿਰੋਧੀ ਦਸਤੇ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਤਾਲਮੇਲ ਬਣਾ ਕੇ ਇਹ ਅਪਰੇਸ਼ਨ ਕੀਤਾ ਗਿਆ। ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਤੱਟ ਰੱਖਿਅਕਾਂ ਨੇ ਸਮੁੰਦਰ ’ਚ ਖ਼ੁਫ਼ੀਆ ਸੂਚਨਾ ’ਤੇ ਆਧਾਰਿਤ ਨਾਰਕੋਟਿਕਸ ਵਿਰੋਧੀ ਅਪਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਅਪਰੇਸ਼ਨ ਲਈ ਤੱਟ ਰੱਖਿਅਕ ਜਹਾਜ਼ਾਂ ਅਤੇ ਏਅਰਕ੍ਰਾਫਟ ਨੂੰ ਉਚੇਚੇ ਤੌਰ ’ਤੇ ਤਾਇਨਾਤ ਕੀਤਾ ਗਿਆ ਸੀ। ਸ਼ੱਕੀ ਕਿਸ਼ਤੀ ਦਾ ਪਤਾ ਲਾਉਣ ਲਈ ਜਹਾਜ਼ ਰਾਜਰਤਨ ਦੀ ਸਹਾਇਤਾ ਲਈ ਗਈ। ਤੱਟ ਰੱਖਿਅਕਾਂ ਨੇ ਕਿਹਾ ਕਿ ਨਸ਼ੇ ਦੀ ਖੇਪ ਲਿਆ ਰਹੀ ਕਿਸ਼ਤੀ ’ਚ ਸਵਾਰ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਹ ਜਹਾਜ਼ ਰਾਜਰਤਨ ’ਤੇ ਸਵਾਰ ਰੱਖਿਅਕਾਂ ਦੀ ਫੌਰੀ ਕਾਰਵਾਈ ਤੋਂ ਨਾ ਬਚ ਸਕੇ। ਜਹਾਜ਼ ਦੀ ਵਿਸ਼ੇਸ਼ ਟੀਮ ਨੇ ਸ਼ੱਕੀ ਬੋਟ ਦੀ ਤਲਾਸ਼ੀ ਲਈ ਤਾਂ ਉਸ ’ਚ ਵੱਡੀ ਗਿਣਤੀ ਨਸ਼ਾ ਹੋਣ ਦੀ ਪੁਸ਼ਟੀ ਹੋਈ। ਫੜੇ ਗਏ 14 ਵਿਅਕਤੀਆਂ ਨੂੰ ਪੋਰਬੰਦਰ ਲਿਆ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Total Views: 45 ,
Real Estate