ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਭਗਵੰਤ ਮਾਨ ਅਤੇ ਬੁੱਧ ਰਾਮ ਨੂੰ ‘ਤਾੜਨਾ’ ਪੱਤਰ

ਮਾਮਲਾ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਵਲੋਂ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਣ ਦਾ

ਭੁੱਚੋ ਮੰਡੀ, 18 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਮੌਜੂਦਾ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਸੱਤਧਾਰੀ ਪਾਰਟੀ ‘ਆਪ’ ਦੀਆਂ ਮੁਸ਼ਕਿਲਾਂ ਘਟਣ ਦੀ ਬਜਾਏ ਵਧਦੀਆਂ ਹੀ ਜਾ ਰਹੀਆਂ ਹਨ। ਦਰਅਸਲ ਕਈ ਪਾਸਿਓਂ ਘਿਰੀ ‘ਆਪ’ ਪਾਰਟੀ ਇਨ੍ਹਾਂ ਚੋਣਾਂ ਵਿਚ ਸੰਭਾਵੀ ਹਾਰ ਦੇ ਡਰੋਂ ਬੁਖਲਾਹਟ ਵਿਚ ਆਉਂਦੀ ਨਜ਼ਰ ਆ ਰਹੀ ਹੈ। ਅਨੇਕਾਂ ਮੰਚਾਂ ‘ਤੇ ਪਾਰਟੀ ਆਗੂਆਂ ਦੀ ਬਦਜ਼ਬਾਨੀ ਅਤੇ ਫਿਰ ਮੁਆਫ਼ੀ ਮੰਗਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੀਡੀਆ ਕਰਮੀਆਂ ਨਾਲ ਖਹਿਣਾ ਵੀ ਪਾਰਟੀ ਲਈ ਨਮੋਸ਼ੀ ਦਾ ਸਬੱਬ ਬਣਿਆ ਹੋਇਆ ਹੈ। ਤਾਜ਼ਾ ਘਟਨਾਕ੍ਰਮ ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਧਰਾਤਲੀ ਪੱਧਰ ‘ਤੇ ਕੰਮ ਕਰਦੇ ਪੱਤਰਕਾਰਾਂ ਦੇ ਹੱਕ ਵਿਚ ਖੜ੍ਹਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ‘ਆਪ’ ਦੇ ਕਾਰਜਕਾਰੀ ਪ੍ਰਧਾਨ ਪਿੰ੍ਰਸੀਪਲ ਨੁੱਧ ਰਾਮ ਨੂੰ ‘ਤਾੜਨਾ’ ਪੱਤਰ ਲਿਖਿਆ ਹੈ। ਯੂਨੀਅਨ ਦੇ ਸੂਬਾਈ ਚੇਅਰਮੈਨ ਬਲਵਿੰਦਰ ਸਿੰਘ ਜੰਮੂ, ਸੂਬਾਈ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਦੇ ਹਵਾਲੇ ਨਾਲ ਸੂਬਾ ਜੱਥੇਬੰਦਕ ਸਕੱਤਰ ਤੇ ਜ਼ਿਲ੍ਹਾ ਬਠਿੰਡਾ ਦੇ ਇੰਚਾਰਜ ਸੰਤੋਖ ਗਿੱਲ ਵਲੋਂ ਭੇਜੇ ਗਏ ਪੱਤਰ ਵਿਚ ਲਿਖਿਆ ਗਿਆ ਹੈ ਕਿ ਯੂਨੀਅਨ ਦੇ ਧਿਆਨ ਵਿਚ ਆਇਆ ਹੈ ਕਿ 16 ਅਪ੍ਰੈਲ ਨੂੰ ਲੋਕ ਸਭਾ ਹਲਕਾ ਬਠਿੰਡਾ ਅਧੀਨ ਪਿੰਡ ਬਹਿਮਣ ਜੱਸਾ ਸਿੰਘ ਵਿਖੇ ਇਕ ਮੰਦਭਾਗੀ ਘਟਨਾ ਵਾਪਰੀ ਹੈ। ਉਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਅਤੇ ‘ਆਪ’ ਦੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦਰਮਿਆਨ ਜਨਤਕ ਤੌਰ ‘ਤੇ ਹੋ ਰਹੇ ਸੁਆਲ-ਜਵਾਬ ਦੀ ਕਵਰੇਜ ਕਰਨ ਸਮੇਂ ਖੁਡੀਆਂ ਵਲੋਂ ਪਹਿਲਾਂ ‘ਲੋਕ ਆਵਾਜ਼’ ਅਤੇ ਫਿਰ ‘ਆਰ. ਐਮ. ਬੀ. ਟੈਲੀਵਿਜ਼ਨ’ ਦੇ ਪੱਤਰਕਾਰਾਂ ਨੂੰ ਮੌਕੇ ਤੋਂ ਮਾਈਕ ਹਟਾ ਲੈਣ ਅਤੇ ਰਿਕਾਰਡਿੰਗ ਕਰਨ ਤੋਂ ਵਰਜਿਆ ਗਿਆ। ਯੂਨੀਅਨ ਸਮਝਦੀ ਹੈ ਕਿ ਇਹ ਸਿਹਤਮੰਦ ਪਰੰਪਰਾ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਫ਼ਲਤਾ ਦਾ ਸਿਹਰਾ ਪ੍ਰਿੰਟ ਅਤੇ ਸੋਸ਼ਲ ਮੀਡੀਆ ਸਿਰ ਹੀ ਬੱਝਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ, ਲੋਕ ਸਭਾ ਉਮੀਦਵਾਰਾਂ ਅਤੇ ਉਨਾਂ ਦੀ ਟੀਮ ਨੂੰ ‘ਪ੍ਰੈਸ ਦੀ ਆਜ਼ਾਦੀ’ ਦਾ ਸਤਿਕਾਰ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਕੁੜੱਤਣ ਪੈਦਾ ਨਾ ਹੋਵੇ। ਜੱਥੇਬੰਦੀ ਨਾਲ ਸਬੰਧਤ ਸਮੁੱਚੇ ਪੱਤਰਕਾਰ ਆਪਣੀ ਜ਼ਿੰਮੇਵਾਰੀ ਅਤੇ ਨਿਰਪੱਖ ਪੱਤਰਕਾਰੀ ਲਈ ਵਚਨਵੱਧ ਹਨ। ਸਮੁੱਚੇ ਦੇਸ਼ ਵਿਚ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਹ ਦੇਸ਼ ਦੇ ਸੰਵਿਧਾਨ, ਜਮਹੂਰੀਅਤ ਅਤੇ ਪ੍ਰੈਸ ਦੀ ਆਜ਼ਾਦੀ ਲਈ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਉਮੀਦ ਕਰਦੀ ਹੈ ਕਿ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾ ਵਾਪਰਨ ਤੋਂ ਰੋਕਣ ਲਈ ਤੁਹਾਡੇ ਵਲੋਂ ਸੁਹਿਰਦ ਯਤਨ ਕੀਤੇ ਜਾਣਗੇ।

Total Views: 165 ,
Real Estate