ਚੋਣ ਕਮਿਸ਼ਨ ਵੱੱਲੋਂ ਸ਼ਨਿਚਰਵਾਰ ਨੂੰ ਲੋਕ ਸਭਾ ਤੇ ਚਾਰ ਰਾਜਾਂ ਦੀਆਂ ਅਸੈਂਬਲੀ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਲੋਕ ਸਭਾ ਤੇ ਕੁਝ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਸ਼ਨਿਚਰਵਾਰ ਨੂੰ ਸ਼ਾਮੀਂ 3 ਵਜੇ ਕੀਤਾ ਜਾਵੇਗਾ। ਮੌਜੂਦਾ ਲੋਕ ਸਭਾ ਦੀ ਮਿਆਦ 16 ਜੂਨ ਨੂੰ ਖ਼ਤਮ ਹੋਣੀ ਹੈ ਤੇ ਇਸ ਤੋਂ ਪਹਿਲਾਂ ਸੰਸਦ ਦੇ ਹੇਠਲੇ ਸਦਨ ਦਾ ਗਠਨ ਕਰਨਾ ਹੋਵੇਗਾ। ਆਂਧਰਾ ਪ੍ਰਦੇਸ਼, ਸਿੱਕਿਮ, ਅਰੁਣਾਚਲ ਪ੍ਰਦੇਸ਼ ਤੇ ਉੜੀਸਾ ਦੀਆਂ ਅਸੈਂਬਲੀਆਂ ਦਾ ਕਾਰਜਕਾਲ ਜੂਨ ਮਹੀਨੇ ਵੱਖ ਵੱਖ ਤਰੀਕਾਂ ਨੂੰ ਖ਼ਤਮ ਹੋ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਤੇ ਸੱਤ ਗੇੜਾਂ ਦਾ ਚੋਣ ਪ੍ਰੋਗਰਾਮ 11 ਅਪਰੈਲ ਤੋਂ ਸ਼ੁਰੂ ਹੋਇਆ ਸੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ। ਇਸ ਦੌਰਾਨ ਓਪੀਨੀਅਨ ਪੋਲਜ਼ ਵਿਚ ਭਾਜਪਾ ਨੂੰ ਰਿਕਾਰਡ 350 ਸੀਟਾਂ ਤੇ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 411 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਯੂਪੀ ਜਿਹੇ ਅਹਿਮ ਰਾਜ ਵਿਚ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਨੂੰ ਮਹਿਜ਼ 6 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਚੋਣ ਕਮਿਸ਼ਨ ਨੇ 2014 ਵਿਚ ਵੀ ਚੋਣ ਪ੍ਰੋਗਰਾਮ ਐਲਾਨਣ ਲਈ ਰੱਖੀ ਪ੍ਰੈੱਸ ਕਾਨਫਰੰਸ ਦਾ ਸੱਦਾ ਇਕ ਦਿਨ ਅਗਾਊਂ ਦਿੱਤਾ ਸੀ। ਅਗਲੇ ਦਿਨ ਹੋਣ ਵਾਲੀ ਪ੍ਰੈੱਸ ਕਾਨਫਰੰਸ ਲਈ ਸੱਦਾ ਸ਼ਾਮ ਨੂੰ ਭੇਜਿਆ ਗਿਆ ਸੀ। ਅਗਾਮੀ ਲੋਕ ਸਭਾ ਚੋਣਾਂ ਵਿਚ 12 ਲੱਖ ਤੋਂ ਵੱਧ ਪੋਲਿੰਗ ਬੂਥਾਂ ’ਤੇ ਕਰੀਬ 97 ਕਰੋੜ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਯੋਗ ਹਨ। ਪਿਛਲੀਆਂ ਸੰਸਦੀ ਚੋਣਾਂ ਵਿਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦੋਂਕਿ ਕਾਂਗਰਸ ਨੂੰ 52 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਲੈਣ ਲਈ ਕਾਂਗਰਸ ਲਈ ਇਹ ਅੰਕੜਾ ਕਾਫ਼ੀ ਨਹੀਂ ਸੀ। 2024 ਦੀਆਂ ਲੋਕ ਸਭਾ ਚੋਣਾਂ ਨੂੰ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਲਈ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ। ਨਿਊਜ਼ 18 ਦੇ ਓਪੀਨੀਅਨ ਪੋਲ ਮੁਤਾਬਕ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਅਗਾਮੀ ਚੋਣਾਂ ਵਿਚ ‘ਇਤਿਹਾਸਕ ਜਿੱਤ’ ਵੱਲ ਵਧ ਰਿਹਾ ਹੈ। ਓਪੀਨੀਅਨ ਪੋਲ ਵਿਚ ਕੀਤੇ ਦਾਅਵੇ ਮੁਤਾਬਕ ਐੱਨਡੀਏ ਨੂੰ 543 ਮੈਂਬਰੀ ਲੋਕ ਸਭਾ ਵਿਚ 411 ਸੀਟਾਂ ਮਿਲਣਗੀਆਂ ਤੇ ਭਾਜਪਾ ਇਕੱਲਿਆਂ ਰਿਕਾਰਡ 350 ਸੀਟਾਂ ’ਤੇ ਜਿੱਤ ਦਰਜ ਕਰੇਗੀ। ਏਬੀਪੀ-ਸੀਵੋਟਰ ਵੱਲੋਂ ਕਰਵਾਏ ਓਪੀਨੀਅਨ ਪੋਲ ਸਰਵੇਖਣ ਮੁਤਾਬਕ ਇੰਡੀਆ ਗੱਠਜੋੜ ਨੂੰ ਉੱਤਰ ਪ੍ਰਦੇਸ਼ ਜਿਹੇ ਅਹਿਮ ਸੂਬੇ ਵਿਚ ਸਿਰਫ਼ 6 ਸੀਟਾਂ ਹੀ ਮਿਲਣ ਦੀ ਸੰਭਾਵਨਾ ਹੈ। –
ਲੋਕ ਸਭਾ ਤੇ ਚਾਰ ਵਿਧਾਨ ਸਭਾਵਾਂ ਲਈ ਚੋਣਾਂ ਦਾ ਐਲਾਨ ਅੱਜ
Total Views: 151 ,
Real Estate



















