ਪੰਜਾਬ ਕਾਂਗਰਸ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਦੇ ਅਖਾੜੇ ਵਿੱਚ ਉਤਰਨ ਲਈ ਕਰੀਬ 50 ਚਾਹਵਾਨਾਂ ਨੇ ਦਿਲਚਸਪੀ ਦਿਖਾਈ ਹੈ। ਇਨ੍ਹਾਂ ਦੇ ਨਾਮ ’ਤੇ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਸਟੇਟ ਸਕਰੀਨਿੰਗ ਕਮੇਟੀ ਨੇ ਚਰਚਾ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੇ ਕਾਂਗਰਸ ਭਵਨ ਵਿੱਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਭਗਤ ਚਰਨ ਦਾਸ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਉਮੀਦਵਾਰ ਬਣਨ ਦੇ ਚਾਹਵਾਨਾਂ ਦਾ ਕਰੀਬ ਤਿੰਨ ਘੰਟੇ ਮੁਲਾਂਕਣ ਕੀਤਾ। ਕਾਂਗਰਸ ਪਾਰਟੀ ਦੇ ਮੌਜੂਦਾ ਅੱਧੀ ਦਰਜਨ ਸੰਸਦ ਮੈਂਬਰ ਵੀ ਅਗਲੀ ਚੋਣ ਲੜਨ ਦੇ ਇੱਛੁਕ ਹਨ। ਵੇਰਵਿਆਂ ਅਨੁਸਾਰ ਚਾਹਵਾਨਾਂ ਵਿੱਚ ਕਰੀਬ ਅੱਠ ਤੋਂ ਦਸ ਔਰਤਾਂ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਅੱਜ ਸਕਰੀਨਿੰਗ ਕਮੇਟੀ ਨੇ ਹਲਕਾ ਵਾਰ ਸਾਰੇ ਚਾਹਵਾਨ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ ਕੀਤਾ। ਕਮੇਟੀ ਦੇ ਤਿੰਨ ਮੈਂਬਰਾਂ ਤੋਂ ਇਲਾਵਾ ਮੀਟਿੰਗ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਸਨ। ਪਤਾ ਲੱਗਿਆ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਵਾਲਿਆਂ ਦੀ ਗਿਣਤੀ ਪੰਜ ਤੋਂ ਜ਼ਿਆਦਾ ਹੈ। ਉਂਜ, ਹਰੇਕ ਹਲਕੇ ਤੋਂ ਤਿੰਨ ਤੋਂ ਚਾਰ ਉਮੀਦਵਾਰਾਂ ਨੇ ਦਾਅਵੇਦਾਰੀ ਜਤਾਈ ਹੈ। ਮੀਟਿੰਗ ਵਿੱਚ ਚਾਹਵਾਨ ਦਾ ਸਿਆਸੀ ਪਿਛੋਕੜ ਤੇ ਕਾਰਗੁਜ਼ਾਰੀ ਤੋਂ ਇਲਾਵਾ ਪਾਰਟੀ ਪ੍ਰਤੀ ਵਫਾਦਾਰੀ ’ਤੇ ਨਜ਼ਰ ਮਾਰੀ ਗਈ ਹੈ। ਵੱਡਾ ਮੁਲਾਂਕਣ ਇਸ ਪੱਖ ’ਤੇ ਕੀਤਾ ਗਿਆ ਹੈ ਕਿ ਚਾਹਵਾਨ ਜਿੱਤਣ ਦੀ ਸਮਰੱਥਾ ਰੱਖਦਾ ਹੈ ਜਾਂ ਨਹੀਂ। ਮੀਟਿੰਗ ਵਿੱਚ ਇਹ ਫੈਸਲਾ ਹੋਇਆ ਹੈ ਕਿ 13 ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦੇ ਚਾਹਵਾਨਾਂ ਦਾ ਪਹਿਲਾਂ ਸਰਵੇਖਣ ਕਰਵਾਇਆ ਜਾਵੇਗਾ, ਜਿਸ ਦੇ ਅਧਾਰ ’ਤੇ ਅਗਲਾ ਫੈਸਲਾ ਲਿਆ ਜਾਵੇਗਾ। ਸਕਰੀਨਿੰਗ ਕਮੇਟੀ ਫਰਵਰੀ ਵਿੱਚ ਅਗਲੀ ਮੀਟਿੰਗ ਕਰੇਗੀ। ਸੂਤਰ ਦੱਸਦੇ ਹਨ ਕਿ ਕਾਂਗਰਸ ਤਿੰਨ-ਚਾਰ ਸੀਟਾਂ ਤੋਂ ਚੰਗੇ ਹਿੰਦੂ ਚਿਹਰੇ ਉਤਾਰਨਾ ਚਾਹੁੰਦੀ ਹੈ ਅਤੇ ਇਸੇ ਤਰ੍ਹਾਂ ਪਾਰਟੀ ਦਲਿਤ ਭਾਈਚਾਰੇ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਦੀ ਇੱਛੁਕ ਹੈ।
ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਕਾਂਗਰਸ ਦੇ 50 ਜਣੇ ਟਿਕਟ ਦੇ ਚਾਹਵਾਨ
Total Views: 140 ,
Real Estate


















