
ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਸਾਲ 2015 ਨਾਲ ਸਬੰਧਤ ਐੱਨਡੀਪੀਐੱਸ ਐਕਟ ਤਹਿਤ ਦਰਜ ਕੇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਕਪੂਰਥਲਾ ਪੁਲੀਸ ਨੇ ਇੱਕ ਵੱਖਰੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਖਹਿਰਾ ਖ਼ਿਲਾਫ਼ ਅੱਜ ਤੜਕੇ ਇੱਥੋਂ ਦੇ ਸੁਭਾਨਪੁਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਹਾਈ ਕੋਰਟ ਨੇ ਖਹਿਰਾ ਨੂੰ ਐੱਨਡੀਪੀਐੱਸ ਦੇ ਕੇਸ ’ਚ ਪੱਕੀ ਜ਼ਮਾਨਤ ਦਿੱਤੀ ਸੀ। ਜਿਸ ਤੋਂ ਬਾਅਦ ਖਹਿਰਾ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੁਭਾਨਪੁਰ ਥਾਣੇ ’ਚ ਆਈਪੀਸੀ ਦੀ ਧਾਰਾ 195 ਏ ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਖਹਿਰਾ ਨੂੰ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕਰਕੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇੱਕ ਰੋਜ਼ਾ ਪੁਲੀਸ ਹਿਰਾਸਤ ਦੀ ਇਜਾਜ਼ਤ ਦਿੱਤੀ ਹੈ। ਪੁਲੀਸ ਵੱਲੋਂ ਰਣਜੀਤ ਕੌਰ ਪਤਨੀ ਕਸ਼ਮੀਰ ਕੌਰ ਵਾਸੀ ਡੋਗਰਾਂਵਾਲਾ ਪਿੰਡ, ਕਪੂਰਥਲਾ ਦੀ ਸ਼ਿਕਾਇਤ ’ਤੇ ਕੇਸ ਕੀਤਾ ਗਿਆ ਹੈ। ਉਸ ਦਾ ਪਤੀ ਕਸ਼ਮੀਰ ਸਿੰਘ ਖਹਿਰਾ ਖ਼ਿਲਾਫ਼ 2015 ਦੇ ਕੇਸ ਵਿੱਚ ਮੁੱਖ ਗਵਾਹ ਹੈ। ਪੀੜਤਾ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਲੰਘੀ 15 ਅਕਤੂਬਰ ਨੂੰ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਉਸ ਦੇ ਘਰ ਆਏ ਤੇ ਉਨ੍ਹਾਂ ਖਹਿਰਾ ਖ਼ਿਲਾਫ਼ ਕੇਸ ’ਚ ਆਪਣੇ ਬਿਆਨ ਵਾਪਸ ਨਾ ਲੈਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਇਸ ਮਗਰੋਂ 22 ਅਕਤੂਬਰ ਨੂੰ ਕਿਸੇ ਅਣਜਾਣ ਨੰਬਰ ਤੋਂ ਆਏ ਫੋਨ ’ਤੇ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ।ਉਸ ਨੇ ਕਿਹਾ ਕਿ ਉਸ ਨੇ ਪੁਲੀਸ ਨੂੰ 16 ਤੇ 22 ਅਕਤੂਬਰ ਨੂੰ ਸ਼ਿਕਾਇਤਾਂ ਦਿੱਤੀਆਂ ਸਨ ਪਰ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ ਸੀ। ਰਣਜੀਤ ਕੌਰ ਨੇ ਕਿਹਾ ਕਿ ਉਸ ਨੇ ਕਪੂਰਥਲਾ ਦੀ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਜਿਸ ’ਤੇ ਅਦਾਲਤ ਨੇ ਐੱਸਐੱਚਓ ਨੂੰ ਕਾਰਵਾਈ ਦੀ ਹਦਾਇਤ ਕੀਤੀ।



















