ਗੋਗਾਮੇੜੀ ਹੱਤਿਆ ਕਾਂਡ ਦੇ ਤਿੰਨੋਂ ਮੁਲਜ਼ਮ ਗ੍ਰਿਫਤਾਰ

ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੀ ਹੱਤਿਆ ਦੇ ਕੇਸ ’ਚ ਤਿੰਨ ਜਣਿਆਂ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਦੋ ਸ਼ੂਟਰ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ 5 ਦਸੰਬਰ ਨੂੰ ਰਾਜਸਥਾਨ ਦੇ ਜੈਪੁਰ ਵਿੱਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇੜੀ ਦੀ ਉਨ੍ਹਾਂ ਦੇ ਘਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵੇਰਵਿਆਂ ਮੁਤਾਬਕ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਤੇ ਰਾਜਸਥਾਨ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਸੈਕਟਰ-24 ਦੇ ਇਕ ਹੋਟਲ ’ਚੋਂ ਹਿਰਾਸਤ ਵਿਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਰੋਹਿਤ ਰਾਠੌਰ, ਨਿਤਿਨ ਫੌਜੀ ਤੇ ਊਧਮ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਨਿਤਿਨ ਫੌਜੀ ਭਾਰਤੀ ਸੈਨਾ ਵਿਚ ਲਾਂਸਨਾਇਕ ਹੈ। ਇਹ ਕਾਰਵਾਈ ਸ਼ਨਿਚਰਵਾਰ ਦੇਰ ਰਾਤ ਨੂੰ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਤੇ ਰਾਜਸਥਾਨ ਪੁਲੀਸ ਦੀ ਟੀਮ ਚੰਡੀਗੜ੍ਹ ਪੁਲੀਸ ਨੂੰ ਬਿਨਾਂ ਸੂਚਨਾ ਦਿੱਤਿਆਂ ਤਿੰਨਾਂ ਜਣਿਆਂ ਨੂੰ ਲੈ ਕੇ ਚਲੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਸ਼ਾਮ 7.30 ਵਜੇ ਦੇ ਕਰੀਬ ਤਿੰਨ ਨੌਜਵਾਨ ਹੋਟਲ ਵਿੱਚ ਆਏ ਜਿਨ੍ਹਾਂ ਨੇ ਆਪਣੀ ਪਛਾਣ ਦਵਿੰਦਰ ਕੁਮਾਰ, ਜੈਵੀਰ ਸਿੰਘ ਅਤੇ ਸੁਖਵੀਰ ਸਿੰਘ ਵਾਸੀ ਹਰਿਆਣਾ ਵਜੋਂ ਦੱਸ ਕੇ ਕਮਰਾ ਕਿਰਾਏ ’ਤੇ ਲਿਆ। ਇਸ ਦੌਰਾਨ ਤਿੰਨਾਂ ਜਣਿਆਂ ਨੇ ਇਨ੍ਹਾਂ ਨਾਵਾਂ ’ਤੇ ਫ਼ਰਜ਼ੀ ਆਧਾਰ ਕਾਰਡ ਵੀ ਹੋਟਲ ਵਿੱਚ ਜਮ੍ਹਾਂ ਕਰਵਾਏ ਸਨ। ਮੁਲਜ਼ਮਾਂ ਵੱਲੋਂ ਕਮਰਾ ਲੈਣ ਤੋਂ ਅੱਧਾ ਕੁ ਘੰਟਾ ਬਾਅਦ ਸਾਧਾਰਨ ਕੱਪੜਿਆਂ ਵਿੱਚ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਤੇ ਰਾਜਸਥਾਨ ਪੁਲੀਸ ਦੇ ਮੁਲਾਜ਼ਮ ਹੋਟਲ ਵਿੱਚ ਪਹੁੰਚੇ। ਉਨ੍ਹਾਂ ਤਿੰਨਾਂ ਨੂੰ ਹਿਰਾਸਤ ਵਿਚ ਲਿਆ ਤੇ ਚਲੇ ਗਏ।

Total Views: 156 ,
Real Estate