
ਲੋਕ ਸਭਾ ਦੀ ਸਦਾਚਾਰ ਕਮੇਟੀ ਟੀਐੱਮਸੀ ਆਗੂ ਮਹੂਆ ਮੋਇਤਰਾ ਖਿਲਾਫ਼ ਲੱਗੇ ‘ਸਵਾਲ ਬਦਲੇ ਨਗ਼ਦੀ’ ਦੇੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਵੀਰਵਾਰ ਨੂੰ ਬੈਠਕ ਕਰੇਗੀ। ਅਜਿਹੇ ਸੰਕੇਤ ਮਿਲੇ ਹਨ ਕਿ ਕਮੇਟੀ ਸਪੀਕਰ ਓਮ ਬਿਰਲਾ ਨੂੰ ਸੌਂਪੀ ਜਾਣ ਵਾਲੀ ਆਪਣੀ ਰਿਪੋਰਟ ਵਿੱਚ ਮੋਇਤਰਾ ਖਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕਰ ਸਕਦੀ ਹੈ ਜਦੋਂਕਿ (ਕਮੇਟੀ ’ਚ ਸ਼ਾਮਲ) ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਆਪਣਾ ਵਿਰੋਧ ਦਰਜ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਦਾਚਾਰ ਕਮੇਟੀ ਵੱਲੋਂ ਮਹੂਆ ਨੂੰ ਸੰਸਦ ਤੋਂ ਅਯੋਗ ਠਹਿਰਾਉਣ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਇਸ 15 ਮੈਂਬਰੀ ਕਮੇਟੀ ਵਿੱਚ ਭਾਜਪਾ ਦੇ ਸੱਤ, ਕਾਂਗਰਸ ਦੇ ਤਿੰਨ ਤੇ ਇਕ ਇਕ ਮੈਂਬਰ ਬਸਪਾ, ਸ਼ਿਵ ਸੈਨਾ, ਵਾਈਐੱਸਆਰਸੀਪੀ, ਸੀਪੀਆਈ(ਐੱਮ) ਤੇ ਜੇਡੀਯੂ ਦਾ ਹੈ। ਵਿਰੋਧੀ ਧਿਰ ਵਿਚਲੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ ਖਰੜਾ ਰਿਪੋਰਟ ਕਮੇਟੀ ਮੈਂਬਰਾਂ ’ਚ ਸਰਕੁਲੇਟ ਕੀਤੀ ਜਾ ਚੁੱਕੀ ਹੈ। ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਇਸ ਦੇ ਮੈਂਬਰ ਐੱਨ.ਉੱਤਮ ਕੁਮਾਰ ਰੈੱਡੀ ਤੇ ਵੀ.ਵੈਤੀਲਿੰਗਮ ਆਪਣਾ ਵਿਰੋਧ ਦਰਜ ਕਰਨਗੇ। ਨਲਗੌਂਡਾ ਤੋਂ ਸੰਸਦ ਮੈਂਬਰ ਰੈੱਡੀ ਨੇ ਕਮੇਟੀ ਦੇ ਚੇਅਰਮੈਨ ਵਿਨੋਦ ਸੋਨਕਰ ਨੂੰ ਪੱਤਰ ਲਿਖ ਕੇ ਵੀਰਵਾਰ ਦੀ ਤਜਵੀਜ਼ਤ ਮੀਟਿੰਗ ਮੁਲਤਵੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਰੈੱਡੀ ਨੇ ਕਿਹਾ ਕਿ ਉਨ੍ਹਾਂ 9 ਨਵੰਬਰ ਨੂੰ ਤਿਲੰਗਾਨਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨੀ ਹੈ। ਬਸਪਾ ਮੈਂਬਰ ਕੁੰਵਰ ਦਾਨਿਸ਼ ਅਲੀ ਵੱਲੋਂ ਵੀ ਆਪਣਾ ਵਿਰੋਧ ਦਰਜ ਕੀਤੇ ਜਾਣ ਦੀ ਤਿਆਰੀ ਹੈ। ਸਦਾਚਾਰ ਕਮੇਟੀ ਦੀ 2 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਇਹ ਕਹਿੰਦਿਆਂ ਵਾਕਆਊਟ ਕੀਤਾ ਸੀ ਕਿ ਕਮੇਟੀ ਮੁਖੀ ਵਿਨੋਦ ਸੋਨਕਰ ਨੇ ਮੋਇਤਰਾ ਨੂੰ ਉਸ ਦੀ ਯਾਤਰਾ, ਹੋਟਲ ’ਚ ਠਹਿਰਾਅ ਤੇ ਟੈਲੀਫੋਨ ਕਾਲਾਂ ਬਾਰੇ ਨਿੱਜੀ ਅਤੇ ਗੈਰਵਾਜਬ ਸਵਾਲ ਕੀਤੇ ਸਨ।
















