337 ਕਿਲੋਗ੍ਰਾਮ ਨਕਲੀ ਦੱਧ ਦਾ ਖੋਆ ਬਰਾਮਦ

ਤਿਓਹਾਰਾਂ ਦੇ ਦਿਨਾਂ ਵਿਚ ਮਠਿਆਈ ਦੀ ਮੰਗ ਵਧਣ ਕਾਰਨ ਇਸ ਵਿਚ ਨਕਲੀ ਦੁੱਧ ਤੇ ਖੋਏ ਦੀ ਹੁੰਦੀ ਵਰਤੋਂ ਨੂੰ ਸਖਤੀ ਨਾਲ ਰੋਕਣ ਲਈ ਫੂਡ ਸੇਫਟੀ ਟੀਮ ਨੇ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿਚ ਛਾਪਾ ਮਾਰਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ ਅਤੇ ਦੋਵਾਂ ਘਰਾਂ ਦੇ ਮਾਲਕਾਂ ਉਤੇ ਕੇਸ ਦਰਜ ਕਰਵਾਇਆ ਹੈ। ਬੀਤੀ ਸ਼ਾਮ ਜਦ ਟੀਮ ਨੇ ਮਾਨਾਂਵਾਲਾ ਵਿਖੇ ਇੱਕ ਘਰ ਛਾਪਾ ਮਾਰਿਆ ਤਾਂ ਉਥੋਂ ਸਪਰੇਟੇ ਦੁੱਧ ਵਿਚ ਰਿਫਾਇੰਡ ਤੇਲ ਪਾ ਕੇ ਖੋਆ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਮੌਕੇ 50 ਕਿਲੋ ਤਿਆਰ ਖੋਆ, 18 ਕਿਲੋ ਸਪਰੇਟਾ ਦੁੱਧ ਤੇ 10 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ। ਇਸੇ ਪਿੰਡ ਦੇ ਹੀ ਇਕ ਹੋਰ ਘਰ, ’ਤੇ ਛਾਪਾ ਮਾਰਨ ਉਤੇ 287 ਕਿਲੋਗ੍ਰਾਮ ਇਸੇ ਤਰ੍ਹਾਂ ਤਿਆਰ ਕੀਤਾ ਖੋਆ, 44 ਕਿਲੋਗ੍ਰਾਮ ਸਪਰੇਟਾ ਦੁੱਧ ਤੇ 105 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ। ਇਨ੍ਹਾਂ ਨੇ ਆਪਣੇ ਘਰਾਂ ਵਿਚ ਗਰਾਇੰਡਰ ਰੱਖੇ ਹੋਏ ਹਨ, ਜੋ ਤੇਲ ਤੇ ਦੁੱਧ ਨੂੰ ਮਿਲਾ ਕੇ ਫਿਰ ਖੋਆ ਬਣਾਉਣ ਦਾ ਕੰਮ ਕਰਦੇ ਸਨ। ਟੀਮ ਵਿਚ ਮੌਜੂਦ ਫੂਡ ਸੇਫਟੀ ਅਧਿਕਾਰੀਆਂ ਨੇ ਸਾਰਾ ਖੋਆ ਨਸ਼ਟ ਕਰਵਾਇਆ ਅਤੇ ਖੋਏ ਦੇ 6 ਨਮੂਨੇ ਅਗਲੀ ਜਾਂਚ ਲਈ ਲੈ ਕੇ ਬਾਕੀ ਪਦਾਰਥ ਜ਼ਬਤ ਕਰ ਲਏ। ਟੀਮ ਨੇ ਸਾਰਾ ਮਾਮਲਾ ਥਾਣਾ ਲੋਪੋਕੇ ਦੇ ਐੱਸਐੱਚਓ ਦੇ ਧਿਆਨ ਵਿਚ ਲਿਆ ਕੇ ਦੋਵਾਂ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 273-420 ਅਧੀਨ ਕੇਸ ਦਰਜ ਕਰਵਾ ਦਿੱਤਾ ਹੈ।

Total Views: 369 ,
Real Estate