ਜਲੰਧਰ (26 ਅਕਤੂਬਰ): ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਤ 32ਵਾਂ ਮੇਲਾ ਗ਼ਦਰੀ ਬਾਬਿਆਂ ਦਾ ਚੁਫ਼ੇਰੇ ਫੈਲੀ ਕਾਲ਼ੀ ਬੋਲ਼ੀ ਰਾਤ ‘ਚ ਚਾਨਣ ਦੀ ਲੀਕ ਦਾ ਕੰਮ ਕਰਦਿਆਂ ਸਾਹਿਤ, ਸਮਾਜ, ਕਲਾ ਅਤੇ ਸੰਗਰਾਮ ਦੇ ਰਿਸ਼ਤੇ ਦਾ ਯਾਦਗਾਰੀ ਇਤਿਹਾਸਕ ਉਤਸਵ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੇਲੇ ‘ਚ ਗ਼ਦਰੀ ਬਾਬਿਆਂ ਦੀ ਵਿਰਾਸਤ, ਆਜ਼ਾਦੀ, ਬਰਾਬਰੀ ਅਤੇ ਧਰਮ-ਨਿਰਪੱਖਤਾ ਉਪਰ ਸਾਮਰਾਜੀ, ਸਾਡੇ ਮੁਲਕ ਦੇ ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਤਾਕਤਾਂ ਨੇ ਜੋ ਚੌਤਰਫ਼ਾ ਹੱਲਾ ਬੋਲਿਆ ਹੈ, ਇਸਨੂੰ ਪਛਾੜਨ ਲਈ ਸਮੂਹ ਲੋਕਾਂ ਨੂੰ ਇੱਕਜੁੱਟ ਹੋ ਕੇ ਹੱਕ, ਸੱਚ, ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੱਤਾ ਜਾਏਗਾ। ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਪ੍ਰਵੇਸ਼ ਦੁਆਰ ਨੂੰ ਗ਼ਦਰ ਪਾਰਟੀ ਦੇ ਬਾਨੀਆਂ ‘ਚ ਸ਼ੁਮਾਰ ਪ੍ਰੋ. ਬਰਕਤ ਉੱਲਾ ਨਗਰ ਅਤੇ ਮੇਲੇ ਦਾ ਪ੍ਰਮੁੱਖ ਪੰਡਾਲ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਨਾਮ ਹੋਏਗਾ।
ਬੁਲਾਰਿਆਂ ਕਿਹਾ ਕਿ ਫ਼ਲਸਤੀਨ ਦੇ ਬੇਗੁਨਾਹ ਨਿਹੱਥੇ ਲੋਕਾਂ ਲਈ ਆਵਾਜ਼ ਉਠਾਉਂਦੇ ਹੋਏ, ਮਨੀਪੁਰ, ਹਰਿਆਣਾ, ਗੁਜਰਾਤ ਆਦਿਵਾਸੀਆਂ ਅਤੇ ਪੰਜਾਬ ਦੇ ਸਮੂਹ ਮਿਹਨਤਕਸ਼ ਲੋਕਾਂ ਨੂੰ ਆਪਣੀ ਤਕਦੀਰ ਬਦਲਣ ਲਈ ਗ਼ਦਰੀ ਦੇਸ਼ ਭਗਤਾਂ ਦੀ ਵਿਰਾਸਤ ਦੇ ਲੜ ਲੱਗਣ ਦਾ ਹੋਕਾ ਦੇਵੇਗਾ; ਮੇਲਾ ਗ਼ਦਰੀ ਬਾਬਿਆਂ ਦਾ।
ਪ੍ਰੈਸ ਕਾਨਫਰੰਸ ‘ਚ ਕਮੇਟੀ ਆਗੂਆਂ ਅਪੀਲ ਕੀਤੀ ਕਿ ਪਰਵਾਸ, ਨਸ਼ੇ, ਔਰਤਾਂ ਤੇ ਜਬਰ, ਬੇਰੁਜ਼ਗਾਰੀ, ਮਹਿੰਗਾਈ ਤੋਂ ਇਲਾਵਾ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟਾਵੇ ਤੋਂ ਬਾਅਦ ਦੀ ਆਜ਼ਾਦੀ’ ਦੇ ਮੁੱਦਿਆਂ ਅਤੇ ‘ਦੁਨੀਆਂ ਦੀ ਬਦਲਦੀ ਤਸਵੀਰ’ ਦੀਆਂ ਸੈਨਤਾਂ ਬੁੱਝਦਿਆਂ ਲੋਕਾਂ ਨੂੰ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨ ਲਈ ਗ਼ਦਰੀ ਬਾਬਿਆਂ ਦੇ ਮੇਲੇ ‘ਚੋਂ ਨਵੇਂ ਖਿਆਲਾਂ ਦੀ ਰੌਸ਼ਨੀ ਹਾਸਲ ਕਰਨ ਲਈ ਕਾਫ਼ਲੇ ਬੰਨ੍ਹਕੇ ਆਉਣ ਦੀ ਲੋੜ ਹੈ।
30 ਅਕਤੂਬਰ ਦੀ ਸ਼ਾਮ: ਪੁਸਤਕ ਸਭਿਆਚਾਰ ਦੇ ਨਾਮ’ ਨਾਲ਼ ਮੇਲੇ ਦਾ ਆਗਾਜ਼ ਹੋਏਗਾ। ਮੇਲੇ ‘ਚ ਲੱਗ ਰਹੇ ਪੁਸਤਕ ਮੇਲੇ ਵਾਲੀ ਮੰਚ ਤੋਂ ਸਾਥੋਂ ਵਿਛੜ ਗਏ ਸਾਹਿਤਕਾਰ ਕਲਾਕਾਰ ਕਵੀ ਹਰਭਜਨ ਹੁੰਦਲ, ਗ਼ਦਰ, ਮਾਸਟਰ ਤਰਲੋਚਨ ਸਮਰਾਲਾ, ਬਾਰੂ ਸਤਵਰਗ, ਦੇਸ ਰਾਜ ਕਾਲੀ, ਸ਼ਿਵਨਾਥ, ਜਸਵੰਤ ਬੇਗੋਵਾਲ, ਅਨੂਪ ਵਿਰਕ ਅਤੇ ਸੁਰਜਨ ਜੀਰਵੀ ਨੂੰ ਸਿਜਦਾ ਕੀਤਾ ਜਾਏਗਾ।
ਮੇਲੇ ਦੇ ਤਿੰਨੇ ਦਿਨ ਚਿਤ੍ਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਏਗੀ, ਜਿਸ ਵਿੱਚ ਰਵਿੰਦਰ ਰਵੀ (ਲੁਧਿਆਣਾ), ਗੁਰਪ੍ਰੀਤ (ਬਠਿੰਡਾ), ਵਰੁਣ ਟੰਡਨ (ਜਲੰਧਰ), ਗੁਰਦੀਸ਼ (ਜਲੰਧਰ), ਇੰਦਰਜੀਤ ਸਿੰਘ (ਜਲੰਧਰ),ਕੰਵਰਦੀਪ ਕਪੂਰਥਲਾ, ਰਣਦੀਪ ਮੱਦੋਕੇ, ਰਣਜੋਧ ਸਿੰਘ(, ਲੁਧਿਆਣਾ),ਸਵਰਨਜੀਤ ਸਵੀ (ਲੁਧਿਆਣਾ) ਅਤੇ ਦਸਤਕ ਆਪਣੀਆਂ ਕਲਾ ਕ੍ਰਿਤਾਂ ਮੇਲਾ ਪ੍ਰੇਮੀਆਂ ਦੇ ਰੂਬਰੂ ਕਰਕੇ ਗ਼ਦਰੀ ਬਾਬਿਆਂ ਨੂੰ ਪ੍ਰਣਾਮ ਕਰਨਗੇ।
31 ਅਕਤੂਬਰ ਕੁਇਜ਼ ਅਤੇ ਪੇਂਟਿੰਗ ਮੁਕਾਬਲਾ ਹੋਏਗਾ। 31 ਅਕਤੂਬਰ ਦੁਪਹਿਰ 1:30 ਵਜੇ ਵਿਚਾਰ-ਚਰਚਾ ‘ਚ ਜਮਹੂਰੀ ਹੱਕਾਂ ਦੀ ਨਾਮਵਰ ਝੰਡਾ ਬਰਦਾਰ ਤੀਸਤਾ ਸੀਤਲਵਾੜ (ਮਹਾਂਰਾਸ਼ਟਰ), ਹਿੰਦੀ ਕਵੀ, ਆਲੋਚਕ, ‘ਵਸੁਧਾ’ ਹਿੰਦੀ ਪੱਤ੍ਰਿਕਾ ਦੇ ਸੰਪਾਦਕ ਵਿਨੀਤ ਤਿਵਾੜੀ (ਮੱਧ ਪ੍ਰਦੇਸ਼) ਉਚੇਚੇ ਤੌਰ ‘ਤੇ ਹੋ ਰਹੇ ਕੌਮੀ ਵਿਚਾਰ-ਚਰਚਾ ਸਮਾਗਮ ਵਿੱਚ ਮੁੱਖ ਵਕਤਾ ਹੋਣਗੇ। ਇਸ ਚਰਚਾ ਮੌਕੇ ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਮੇਟੀ ਮੈਂਬਰ ਡਾ. ਸੁਖਦੇਵ ਸਿਰਸਾ ਅਤੇ ਡਾ. ਪਰਮਿੰਦਰ ਸ਼ਾਮਲ ਹੋਣਗੇ।
ਸ਼ਾਮ ਠੀਕ 4 ਵਜੇ ਕਵੀ ਦਰਬਾਰ, ਕਵੀ ਦਰਬਾਰ ਮੌਕੇ ਹੀ ਨਵ ਪ੍ਰਕਾਸ਼ਿਤ ਮੇਲੇ ਦੀ ਸੋਚ ਦ੍ਰਿਸ਼ਟੀ ਨਾਲ ਮੇਲ ਖਾਂਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਉਪਰੰਤ ਪੀਪਲਜ਼ ਵਾਇਸ ਵੱਲੋਂ ਵਿਨੀਤ ਤਿਵਾੜੀ ਦੀ ਫ਼ਿਲਮ ‘ਜਿਨ੍ਹੇ ਨਾਜ਼ ਹੈ ਹਿੰਦ ਪੇ ਕਹਾਂ ਹੈ ਵੋ’ ਦਾ ਫ਼ਿਲਮ ਸ਼ੋਅ ਹੋਏਗਾ। ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਵੱਲੋਂ ਕੁਲਵੰਤ ਕੌਰ ਨਗਰ ਦਾ ਲਿਖਿਆ ਜਸਵਿੰਦਰ ਪੱਪੀ ਦੁਆਰਾ ਨਿਰਦੇਸ਼ਤ ਨਾਟਕ ਨਰਗਿਸ ਦੁਆਰਾ ਪੇਸ਼ ਹੋਏਗਾ; ਚਿੜੀਆਂ ਦਾ ਚੰਬਾ।
30, 31 ਅਕਤੂਬਰ ਵੰਨ-ਸੁਵੰਨੀਆਂ ਕਲਾ ਵੰਨਗੀਆਂ ਵਿਚੀਂ ਗੁਜ਼ਰਦਿਆਂ ਪਹਿਲੀ ਨਵੰਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ।
ਅਮੋਲਕ ਸਿੰਘ ਦੁਆਰਾ ਲਿਖਿਆ ਸੰਗੀਤ ਨਾਟ ਓਪੇਰਾ ਝੰਡੇ ਦਾ ਗੀਤ: ‘ਚਾਨਣ ਦੇ ਵਣਜਾਰੇ’, ਪੰਜਾਬੀ ਰੰਗ ਮੰਚ ਦੇ ਨਾਮਵਰ ਨਿਰਦੇਸ਼ਕ, ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗ ਮੰਚ ਅੰਮ੍ਰਿਤਸਰ ਪੇਸ਼ ਕਰੇਗਾ।
ਨਾਮਧਾਰੀ ਸੰਗੀਤ ਕਲਾ ਕੇਂਦਰ ਦੁਆਰਾ ਪ੍ਰਭਾਵਸ਼ਾਲੀ ਕਲਾ ਵੰਨਗੀ ‘ਹੱਲਾ’, ਸੰਗੀਤ ਦੀਆਂ ਦਿਨ ਰਾਤ ਟੀਮਾਂ ‘ਚ ਹਰਿੰਦਰ ਸੋਹਲ ਅੰਮ੍ਰਿਤਸਰ, ਸੰਗੀਤ ਵਿਭਾਗ, ਖਾਲਸਾ ਕਾਲਜ ਗੜ੍ਹਦੀਵਾਲ (ਗੁਰਪਿੰਦਰ ਸਿੰਘ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਦਸਤਕ ਮੰਚ ਤੋਂ ਇਲਾਵਾ ਸੋਲੋ ਗੀਤਾ ਰਾਹੀਂ ਸਰਗਮ ਅਤੇ ਨਰਗਿਸ ਹਾਜ਼ਰੀ ਲਾਉਣਗੇ।
ਪਹਿਲੀ ਨਵੰਬਰ ਦਿਨ ਵੇਲੇ ਮੁੱਖ ਵਕਤਾ ‘ਦੀ ਵਾਇਰ’ ਦੇ ਮੰਨੇ-ਪ੍ਰਮੰਨੇ ਵਿਦਵਾਨ ਸੰਪਾਦਕ ਸਿਧਾਰਥ ਵਰਧਰਾਜਨ ਹੋਣਗੇ।
ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਇੱਕਤਰ ਦੀ ਕਲਮ ਤੋਂ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਠੱਗੀ’ ਪਹਿਲੀ ਨਵੰਬਰ ਦੁਪਹਿਰ ਵੇਲੇ ਹੋਏਗਾ।
ਪਹਿਲੀ ਨਵੰਬਰ ਦਿਨੇ 4 ਵਜੇ ਵਿਚਾਰ-ਚਰਚਾ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਦਰਸ਼ਨ ਖਟਕੜ, ਸੁਖਵਿੰਦਰ ਸੇਖੋਂ ਸੰਬੋਧਨ ਅਤੇ ਪ੍ਰੋ. ਤੇਜਿੰਦਰ ਵਿਰਲੀ ਮੰਚ ਸੰਚਾਲਨ ਕਰਨਗੇ।
ਪਹਿਲੀ ਨਵੰਬਰ ਸ਼ਾਮ ਸਾਢੇ 6 ਵਜੇ ਤੋਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਪ੍ਰਧਾਨ ਅਜਮੇਰ ਸਿੰਘ ਦੇ ਸੁਨੇਹੇ ਨਾਲ ਸ਼ੁਰੂ ਹੋ ਕੇ 2 ਨਵੰਬਰ ਸਰਘੀ ਵੇਲੇ ਤੱਕ ਨਿਰੰਤਰ ਜਾਰੀ ਰਹੇਗੀ। ਇਸ ਵਿੱਚ ਇਪਟਾ ਛਤੀਸਗੜ੍ਹ ਦੀ ਟੀਮ ਨ੍ਰਿਤ ਨਾਟ ਕਲਾ, ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ‘ਚ ਸੁਚੇਤਕ ਰੰਗ ਮੰਚ ਮੁਹਾਲੀ ਵੱਲੋਂ ਸੀ.ਟੀ. ਖਨੋਲਕਰ ਦਾ ਲਿਖਿਆ (ਪੰਜਾਬੀ ਰੁਪਾਂਤਰ: ਸ਼ਬਦੀਸ਼) ਨਾਟਕ ‘ਵਕਤ ਤੈਨੂੰ ਸਲਾਮ’, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਬਰਤੋਲਟ ਬ੍ਰੈਖ਼ਤ ਦਾ ਪ੍ਰਸਿੱਧ ਨਾਟਕ ‘ਦਾ ਕਾਕੇਸੀਅਨ ਚਾਕ ਸਰਕਲ’ (ਪੰਜਾਬੀ ਰੂਪ ਅਮਿਤੋਜ਼) ‘ਮਿੱਟੀ ਨਾ ਹੋਏ ਮਤਰੇਈ’, ਡਾ. ਸਾਹਿਬ ਸਿੰਘ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆਂ’ ਅਤੇ ‘ਗਗਨ ਦਮਾਮਾ ਵਾਜਿਓ’ (ਰਚਨਾ: ਪਿਯੂਸ਼ ਮਿਸ਼ਰਾ), ਵਿੱਕੀ ਮਹੇਸ਼ਰੀ ਅਤੇ ਅਵਤਾਰ ਚੜਿੱਕ ਦੀ ਨਿਰਦੇਸ਼ਨਾ ‘ਚ ਇਪਟਾ ਮੋਗਾ ਵੱਲੋਂ ਨਾਟਕ ਖੇਡੇ ਜਾਣਗੇ। ਇਸ ਰਾਤ ਇਪਟਾ ਦੇ ਅਵਤਾਰ ਚੜਿੱਕ ਅਤੇ ਇਕਬਾਲ ਦੁਆਰਾ ਭੰਡ ਕਲਾ ਦਾ ਆਪਣਾ ਹੀ ਰੰਗ ਹੋਏਗਾ।
ਮੇਲੇ ਦੀ ਸਮਾਂ-ਸਾਰਣੀ ਅਤੇ ਕਲਾ ਵੰਨਗੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਆਗੂਆਂ ਨੇ ਸਮੂਹ ਲੋਕ-ਪੱਖੀ ਸੰਸਥਾਵਾਂ, ਪ੍ਰਿੰਟ ਅਤੇ ਇਲੈਕਟਰੌਨਿਕ ਮੀਡੀਆਂ ਨੂੰ ਮੇਲੇ ਦੀ ਸਫ਼ਲਤਾ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਕੁਲਬੀਰ ਸੰਘੇੜਾ, ਵਿਜੈ ਬੰਬੇਲੀ ਤੇ ਡਾ. ਸੈਲੇਸ਼ ਹਾਜ਼ਰ ਸਨ।
ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਅਜੋਕੀਆਂ ਚੁਣੌਤੀਆਂ ਨੂੰ ਸਮਰਪਤ ਸਮੇਂ ਦਾ ਹਾਣੀ ਹੋਏਗਾ: ਮੇਲਾ ਗ਼ਦਰੀ ਬਾਬਿਆਂ ਦਾ
Total Views: 660 ,
Real Estate