ਇਜ਼ਰਾਈਲ ਗਾਜ਼ਾ ’ਚ ਜ਼ਮੀਨੀ ਹਮਲੇ ਲਈ ਤਿਆਰ

ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ ਸੰਭਾਵੀ ਜ਼ਮੀਨੀ ਹਮਲੇ ਦੀ ਤਿਆਰੀ ਵਿੱਢ ਲਈ ਹੈ। ਉਂਜ ਇਜ਼ਰਾਇਲੀ ਫ਼ੌਜ ਮੁਤਾਬਕ ਦੇਸ਼ ਦੀ ਸਿਆਸੀ ਲੀਡਰਸ਼ਿਪ ਨੇ ਅਜੇ ਤੱਕ ਜ਼ਮੀਨੀ ਹਮਲੇ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਲੈਫ਼ਟੀਨੈਂਟ ਕਰਨਲ ਰਿਚਰਡ ਹੈਚਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਮੀਨੀ ਕਾਰਵਾਈ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸੈਨਾ ਨੇ ਆਪਣੀ ਤਿਆਰੀ ਆਰੰਭ ਦਿੱਤੀ ਹੈ। ਇਜ਼ਰਾਈਲ ਨੇ 3,60,000 ਰਿਜ਼ਰਵ ਸੈਨਿਕਾਂ ਨੂੰ ਸੱਦ ਲਿਆ ਹੈ ਅਤੇ ਹਮਾਸ ਖ਼ਿਲਾਫ਼ ਜ਼ੋਰਦਾਰ ਕਾਰਵਾਈ ਦੀ ਧਮਕੀ ਦਿੱਤੀ ਹੈ। ਫ਼ੌਜ ਨੇ ਪਹਿਲਾਂ ਹੀ ਗਾਜ਼ਾ ’ਤੇ ਹਵਾਈ ਹਮਲੇ ਕਰਕੇ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ। ਕੌਮਾਂਤਰੀ ਸਹਾਇਤਾ ਗਰੁੱਪਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਚ ਖਾਣ-ਪੀਣ ਦੇ ਸਾਮਾਨ, ਪਾਣੀ, ਈਂਧਣ ਅਤੇ ਬਿਜਲੀ ਸਪਲਾਈ ਰੋਕੇ ਜਾਣ ਮਗਰੋਂ ਇਲਾਕੇ ’ਚ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਗਾਜ਼ਾ ਨਿਵਾਸੀ ਬਿਜਲੀ ਸਪਲਾਈ ਠੱਪ ਹੋਣ ਅਤੇ ਰਾਤ ਹਨੇਰੇ ’ਚ ਗੁਜ਼ਾਰਨ ਮਗਰੋਂ ਵੀਰਵਾਰ ਨੂੰ ਕਰਿਆਨੇ ਦੀਆਂ ਦੁਕਾਨਾਂ ਦੇ ਬਾਹਰ ਲਾਈਨ ’ਚ ਲੱਗੇ ਦਿਖਾਈ ਦਿੱਤੇ। ਹੁਣ ਤੱਕ ਇਸ ਜੰਗ ’ਚ 2600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਮਹਿਜ਼ 40 ਕਿਲੋਮੀਟਰ ਲੰਮੀ ਪੱਟੀ ਹੈ ਜਿਸ ’ਚ 23 ਲੱਖ ਲੋਕ ਰਹਿੰਦੇ ਹਨ ਅਤੇ ਜ਼ਮੀਨੀ ਕਾਰਵਾਈ ਨਾਲ ਦੋਵੇਂ ਪਾਸਿਆਂ ਵੱਲ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

Total Views: 241 ,
Real Estate