
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸ਼ੂਗਰ ਮਿੱਲ ਫਗਵਾੜਾ ਦੀ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਕਰਨ ਅਤੇ ਸੂਬਾ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਾਹਿਦ-ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਵਾਹਿਦ, ਉਸ ਦੀ ਪਤਨੀ ਡਾਇਰੈਕਟਰ ਰੁਪਿੰਦਰ ਕੌਰ ਵਾਹਿਦ ਅਤੇ ਉਸ ਦੇ ਪੁੱਤਰ ਵਾਹਿਦ-ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਤੇ ਸ਼ੂਗਰ ਮਿੱਲ ਪਲਾਜ਼ਾ ਪ੍ਰਾਈਵੇਟ ਲਿਮਟਿਡ, ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਡਾਇਰੈਕਟਰ ਸੰਦੀਪ ਸਿੰਘ ਵਾਹਿਦ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਆਪਣੀ ਜਾਂਚ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿੱਚ ਸਥਿਤ ਗੋਲਡਨ ਸੰਧਰ ਸ਼ੂਗਰ ਮਿੱਲ ਸਬੰਧੀ ਹੈਰਾਨੀਜਨਕ ਤੱਥ ਸਾਹਮਣੇ ਲਿਆਂਦੇ ਹਨ। ਮਿੱਲ, ਜਿਸ ਨੂੰ ਪਹਿਲਾਂ ਵਾਹਿਦ ਸੰਧਰ ਸ਼ੂਗਰ ਮਿੱਲ ਵਜੋਂ ਜਾਣਿਆ ਜਾਂਦਾ ਸੀ, ਪਿਛਲੇ ਚਾਰ ਸਾਲਾਂ ਤੋਂ ਗੰਨਾ ਕਾਸ਼ਤਕਾਰਾਂ ਦੇ ਬਕਾਏ ਦਾ ਨਿਬੇੜਾ ਨਹੀਂ ਕਰ ਸਕੀ ਅਤੇ ਮਿੱਲ ਵੱਲ ਕਿਸਾਨਾਂ ਦੇ ਲਗਭਗ 40 ਕਰੋੜ 71 ਲੱਖ 68 ਹਜ਼ਾਰ ਰੁਪਏ ਬਕਾਇਆ ਹਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਨਵੰਬਰ ਦੇ ਪਹਿਲੇ ਹਫ਼ਤੇ ਗੰਨੇ ਦਾ ਪਿੜਾਈ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਗੰਨਾ ਕਾਸ਼ਤਕਾਰਾਂ ਦੀਆਂ ਵਾਰ-ਵਾਰ ਮੰਗਾਂ ਦੇ ਬਾਵਜੂਦ, ਗੋਲਡਨ ਸੰਧਰ ਸ਼ੂਗਰ ਮਿੱਲ ਆਪਣੀ ਵਾਹਿਦ ਸੰਧਰ ਸ਼ੂਗਰ ਮਿੱਲ ਵੇਲੇ ਦੀ ਮੈਨੇਜਮੈਂਟ ਤੋਂ ਲੈ ਕੇ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਭੱਜਦੀ ਆ ਰਹੀ ਹੈ।



















