ਅਗਰ ਪਾਕਿਸਤਾਨ ਜ਼ਿੰਦਾਬਾਦ ਹੈ ਤੋ ਹਿੰਦੁਸਤਾਨ ਭੀ ਜ਼ਿੰਦਾਬਾਦ ਹੈ

ਬਹਾਦਰ ਸਿੰਘ ਰਾਓ ਸੇਵਾ ਮੁਕਤ ਡੀ ਐੱਸ ਪੀ

ਮਸ਼ਹੂਰ ਫਿਲਮੀ ਅਦਾਕਾਰ ਅਤੇ ਪੰਜਾਬ ਦੇ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸਨੀ ਦਿਓਲ ਤੇ ਉਹਦੀ ਨਵੀਂ ਫਿਲਮ ਗਦਰ-2 ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੇ ਬੁੱਧੀਜੀਵੀ ਲੋਕਾਂ, ਟੈਲੀਵਿਜ਼ਨ ਅਤੇ ਯੂਟਿਊਬ ਚੈਨਲਾਂ, ਉਹਨਾਂ ਦੇ ਮਸ਼ਹੂਰ ਪ੍ਰੋਗਰਾਮਾਂ ਅਤੇ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇੱਕ ਤਾਂ ਉਸ ਤੇ ਦੋਸ਼ ਲਗਦਾ ਹੈ ਕਿ ਉਹ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਆਪਣੇ ਲੋਕ ਸਭਾ ਹਲਕੇ ਵਿੱਚ ਨਹੀਂ ਆਇਆ ਤੇ ਪਾਰਲੀਮੈਂਟ ਵਿੱਚ ਵੀ ਉਸ ਦੀ ਹਾਜਰੀ ਨਾਮਾਤਰ ਹੈ। ਮੈਂ ਇਸ ਵਿਸ਼ੇ ਬਾਰੇ ਇੰਨਾ ਹੀ ਕਹਾਂਗਾ ਕਿ ਵੋਟਰਾਂ ਨੂੰ ਉਮੀਦਵਾਰ ਵੱਜੋਂ ਫਿਲਮੀ ਅਦਾਕਾਰਾਂ, ਗਾਇਕਾਂ, ਖਿਡਾਰੀਆਂ ਆਦਿ ਗੈਰ ਰਾਜਨੀਤਕ ਲੋਕਾਂ ਨੂੰ ਜਿਨ੍ਹਾਂ ਨੂੰ ਸੈਲੀਬ੍ਰਿਟੀ ਵੀ ਕਹਿੰਦੇ ਨੇ, ਵੋਟਾਂ ਸੋਚ ਸਮਝ ਕੇ ਪਾਉਣੀਆਂ ਚਾਹੀਦੀਆਂ ਨੇ, ਖਾਸ ਕਰਕੇ ਜਿਨ੍ਹਾਂ ਦੇ ਮੁੱਖ ਕਾਰੋਬਾਰ ਦਾ ਕੇਂਦਰ ਦੂਰ ਦੁਰਾਡੇ ਹੋਵੇ। ਦੂਸਰਾ ਉਸਦੀ ਚਰਚਾ ਦਾ ਵਿਸ਼ਾ ਉਸਦਾ ਜੁਹੂ, ਮੁੰਬਈ ਵਿਚਲਾ ਬੰਗਲਾ ਹੈ ਜਿਸ ‘ਤੇ ਲਿਆ ਗਿਆ 56 ਕਰੋੜ ਰੁਪਏ ਦਾ ਕਰਜਾ ਨਾ ਮੋੜਨ ਕਰਕੇ ਬੈਂਕ ਆਫ ਬੜੌਦਾ ਨੇ ਉਸ ਬੰਗਲੇ ਨੂੰ ਨਿਲਾਮ ਕਰਨ ਦਾ ਨੋਟਿਸ ਜਾਰੀ ਕਰਕੇ ਵਾਪਸ ਲੈ ਲਿਆ। ਮੈਂ ਇਸ ਵਿਸ਼ੇ ਨੂੰ ਵੀ ਇੰਨਾ ਕਹਿ ਕੇ ਹੀ ਵਿਰਾਮ ਦੇਵਾਂਗਾ ਕਿ ਜਿਹੜੇ ਡਾਹਢਿਆਂ ਦਾ ਲੜ ਫੜਿਆ ਹੋਇਆ ਐ ਉਨ੍ਹਾਂ ਨੇ ਤਾਂ 56 ਹਜਾਰ ਕਰੋੜ ਦਾ ਨੋਟਿਸ ਵੀ ਵਾਪਸ ਕਰਾ ਦੇਣਾ ਸੀ। ਚਰਚਾ ਦਾ ਇੱਕ ਹੋਰ ਵਿਸ਼ਾ ਉਸ ਵੱਲੋਂ ਭਵਿੱਖ ਵਿੱਚ ਚੋਣਾਂ ਨਾ ਲੜਨ ਦਾ ਐਲਾਨ ਵੀ ਹੈ। ਪਰ ਮੈਂ ਉਸ ਦੀਆਂ ਫਿਲਮਾਂ ਤੇ ਉਨ੍ਹਾਂ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਰੱਖਣੇ ਚਾਹੁੰਦਾ ਹਾਂ ਖਾਸ ਤੌਰ ਤੇ ਬਾਰਡਰ, ਗਦਰ ਅਤੇ ਗਦਰ-2, ਜਿੱਥੋਂ ਤੱਕ ਬਾਰਡਰ ਫਿਲਮ ਦਾ ਸਵਾਲ ਹੈ। ਇਸ ਤਰ੍ਹਾਂ ਦੀਆਂ ਭਾਰਤ ਪਾਕਿਸਤਾਨ ਯੁੱਧਾਂ ਬਾਰੇ ਕਈ ਹੋਰ ਫਿਲਮਾਂ ਵੀ ਬਣੀਆਂ ਹਨ ਤੇ ਬਾਰਡਰ ਵਾਂਗ ਮਸ਼ਹੂਰ ਵੀ ਹੋਈਆਂ ਹਨ। ਬਾਰਡਰ-2 ਦੇ ਨਿਰਮਾਣ ਦੇ ਚਰਚੇ ਵੀ ਸ਼ੁਰੂ ਹੋ ਚੁੱਕੇ ਨੇ। ਦੋ ਦੇਸ਼ਾਂ ਵਿਚਕਾਰ ਯੁੱਧ ਆਮ ਤੌਰ ਤੇ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਜਾਂ ਉਹਨਾਂ ਵਿੱਚੋਂ ਕਿਸੇ ਇੱਕ ਦੇਸ਼ ਦੀ ਰਾਜ ਕਰਦੀ ਪਾਰਟੀ ਦੇ ਸੌੜੇ ਹਿਤਾਂ ਦੇ ਲਾਲਚ ਦਾ ਨਤੀਜਾ ਹੀ ਹੁੰਦੇ ਨੇ। ਕਿਸੇ ਵੀ ਦੇਸ਼ ਦੀ ਆਮ ਜਨਤਾ ਕਦੇ ਵੀ ਦੂਸਰੇ ਦੇਸ਼ ਨਾਲ ਯੁੱਧ ਦੇ ਹੱਕ ਵਿੱਚ ਨਹੀਂ ਹੁੰਦੀ ਕਿਉਂਕਿ ਯੁੱਧ ਵਿੱਚ ਫੌਜੀਆਂ ਦੇ ਰੂਪ ਵਿੱਚ ਆਮ ਲੋਕਾਂ ਦੇ ਪੁੱਤ ਹੀ ਮੌਤ ਦੇ ਮੂੰਹ ਵਿੱਚ ਪੈਂਦੇ ਨੇ। ਯੁੱਧ ਛੇੜਨ ਵਾਲੇ ਰਾਜਨੀਤਕ ਨੇਤਾਵਾਂ ਦੇ ਨਹੀਂ। ਯੁੱਧ ਖਤਮ ਹੋਣ ਦਾ ਉਹਨਾਂ ਮਾਪਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਦੇ ਜਵਾਨ ਪੁੱਤ ਯੁੱਧ ਦੀ ਭੇਟ ਚੜ੍ਹ ਚੁੱਕੇ ਹੁੰਦੇ ਨੇ ਪਰ ਬਾਕੀ ਦੇ ਲੋਕ ਜਰੂਰ ਸੁੱਖ ਦਾ ਸਾਹ ਲੈਂਦੇ ਨੇ। ਉਸ ਤੋਂ ਬਾਅਦ ਉਸ ਯੁੱਧ ਬਾਰੇ ਫਿਲਮਾਂ ਬਣਾ ਕੇ ਯੁੱਧ ਦੇ ਬਰਬਾਦ ਕੀਤੇ ਲੋਕਾਂ ਦੇ ਜਖਮ ਉਚੇੜੇ ਜਾਂਦੇ ਨੇ ਤੇ ਬਾਕੀਆਂ ਦੇ ਦਿਲ ਦਿਮਾਗਾਂ ਵਿੱਚ ਵਿਰੋਧੀ ਦੇਸ਼ ਖਿਲਾਫ਼ ਜਹਿਰ ਭਰਿਆ ਜਾਂਦਾ ਹੈ। ਇਸ ਤਰਾਂ ਦੀਆਂ ਫਿਲਮਾਂ ਵੀ ਨਹੀਂ ਬਣਨੀਆਂ ਚਾਹੀਦੀਆਂ ਅਤੇ ਜੇ ਬਣਦੀਆਂ ਹਨ ਤਾਂ ਆਮ ਲੋਕਾਂ ਨੂੰ ਸਿਆਣਪ ਦਾ ਮੁਜਾਹਰਾ ਕਰਦੇ ਹੋਏ ਅਜਿਹੀਆਂ ਫਿਲਮਾਂ ਨੂੰ ਹੁੰਗਾਰਾ ਨਹੀਂ ਦੇਣਾ ਚਾਹੀਦਾ। ਇਸੇ ਤਰਾਂ ਗਦਰ ਅਤੇ ਗਦਰ-2 ਵੀ ਭਾਰਤ ਦੇ ਭੋਲੇ ਭਾਲੇ ਅਤੇ ਨਾਸਮਝ ਲੋਕਾਂ ਦੇ ਮਨਾਂ ਵਿੱਚ ਪਾਕਿਸਤਾਨ ਪ੍ਰਤੀ ਨਫਰਤ ਭਰਨ ਦਾ ਕੰਮ ਕਰਦੀਆਂ ਹਨ। ਭਾਰਤ ਅਤੇ ਪਾਕਿਸਤਾਨ ਦੇ ਰਾਜਨੀਤਕ ਆਗੂ ਵੋਟਾਂ ਨੇੜੇ ਆਉਣ ਤੇ ਇੱਕ ਦੂਜੇ ਦੇਸ਼ ਦੇ ਖਿਲਾਫ਼ ਜਹਿਰ ਉਗਲਣੀ ਸ਼ੁਰੂ ਕਰ ਦਿੰਦੇ ਨੇ ਤੇ ਭੋਲ਼ੇ ਲੋਕ ਦੇਸ਼ ਦੀ ਵੰਡ ਸਮੇਂ ਵੱਖ ਕੀਤੇ ਗਏ ਭਰਾਵਾਂ ਦੇ ਦੁਸ਼ਮਣ ਬਣ ਬਹਿੰਦੇ ਨੇ। ਪਹਿਲੀ ਗਦਰ ਫਿਲਮ ਦੇਖੀ ਨੂੰ ਸਮਾਂ ਹੋ ਗਿਆ ਜੋ 2001 ਵਿੱਚ ਰਿਲੀਜ਼ ਹੋਈ ਸੀ। 1947 ਦੀ ਭਾਰਤ ਪਾਕਿਸਤਾਨ ਦੀ ਵੰਡ ਜੋ ਅਸਲ ਵਿੱਚ ਪੰਜਾਬ ਦੀ ਵੰਡ ਸੀ, ਨੂੰ ਦਰਸਾਉਂਦੀ ਇਸ ਫਿਲਮ ਵਿੱਚ ਸੰਤੁਲਨ ਸੀ ਜਿਸ ਦੀ ਤਸਦੀਕ ਇਹ ਡਾਇਲਾਗ ਕਰਦਾ ਹੈ, “ਅਗਰ ਪਾਕਿਸਤਾਨ ਜ਼ਿੰਦਾਬਾਦ ਹੈ ਤੋ ਹਿੰਦੁਸਤਾਨ ਭੀ ਜ਼ਿੰਦਾਬਾਦ ਹੈ।” ਉਸ ਫਿਲਮ ਦੇ ਹੀਰੋ ਤਾਰਾ ਸਿੰਘ ਨੂੰ ਇੱਕ ਸਿੱਖ ਕਿਰਦਾਰ ਵਜੋਂ ਉਭਾਰਿਆ ਗਿਆ ਸੀ। ਗਦਰ-2 ਮੈਂ ਦੇਖੀ ਤਾਂ ਨਹੀਂ ਪਰ ਦੇਖਣ ਵਾਲੇ ਦਸਦੇ ਨੇ ਕਿ ਇਹ ਵੀ ਉਸੇ ਕਹਾਣੀ ਨੂੰ ਅੱਗੇ ਤੋਰਦੀ ਹੈ। ਤਾਰਾ ਸਿੰਘ ਆਪਣੇ ਪੁੱਤਰ ਨੂੰ ਲੈਣ ਪਾਕਿਸਤਾਨ ਜਾਂਦਾ ਹੈ। ਪਰ ਇਹ ਫਿਲਮ ਪੂਰੀ ਤਰਾਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਏਜੰਡੇ ਤੇ ਅਧਾਰਤ ਹੈ। ਹਿੰਦੂ ਅਤੇ ਮੁਸਲਮਾਨ, ਹਿੰਦੁਸਤਾਨ ਅਤੇ ਪਾਕਿਸਤਾਨ ਵਿਚਕਾਰ ਨਿਰੀ ਨਫਰਤ ਪਰੋਸੀ ਗਈ ਹੈ ਇਸ ਫਿਲਮ ਵਿੱਚ। ਤਿੰਨ ਘੰਟੇ ਦਾ ਮਨੋਰੰਜਨ ਇਹ ਭੁਲਾ ਹੀ ਦਿੰਦਾ ਹੈ ਕਿ ਪੰਜਾਬ ਨੂੰ 1947 ਦੀ ਵੰਡ ਦੀ ਕੀ ਕੀਮਤ ਚੁਕਾਉਣੀ ਪਈ ਸੀ। ਦਸ ਲੱਖ ਤੋਂ ਵੱਧ ਲੋਕਾਂ ਦਾ ਕਤਲ, ਲੱਖਾਂ ਲੋਕਾਂ ਦਾ ਉਜਾੜਾ, ਦੋਵਾਂ ਫਿਰਕਿਆਂ ਨਾਲ ਸਬੰਧਤ ਧੀਆਂ ਦੀ ਬੇਪਤੀ ਅਤੇ ਹਜਾਰਾਂ ਪ੍ਰੀਵਾਰਕ ਜੀਆਂ ਦਾ ਵਿਛੋੜਾ ਜਿਨ੍ਹਾਂ ਵਿੱਚੋਂ ਜਿਉਂਦੇ ਅਜੇ ਵੀ ਵਿੱਛੜੇ ਭੈਣ ਭਰਾਵਾਂ ਨੂੰ ਮਿਲਣ ਅਤੇ ਧਰਤੀ ਨੂੰ ਦੇਖਣ ਲਈ ਤਰਸ ਰਹੇ ਨੇ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਤਾਰਾ ਸਿੰਘ ਜੋ ਕਿ ਇੱਕ ਸਿੱਖ ਨੌਜਵਾਨ ਦਾ ਕਿਰਦਾਰ ਹੈ, ਨੂੰ ਇੱਕ ਪਾਕਿਸਤਾਨੀ ਕਿਰਦਾਰ ਵੱਲੋਂ ਭਾਰਤੀ ਹਿੰਦੂ ਕਹਿਲਾਇਆ ਗਿਆ ਹੈ ਤੇ ਤਾਰਾ ਸਿੰਘ ਆਪਣੇ ਪੁੱਤਰ ਨੂੰ ਹਿੰਦੂ ਤੇ ਉਸਦੀ ਮਾਂ ਨੂੰ ਮੁਸਲਮਾਨ ਦੱਸਦਾ ਹੈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਪਹਿਲੀ ਗਦਰ ਵਾਲਾ ਤਾਰਾ ਸਿੰਘ ਗਦਰ-2 ਵਿੱਚ ਤਾਰਾ ਚੰਦ ਬਣ ਕੇ ਰਹਿ ਗਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਹ ਫਿਲਮ ਆਰ ਐਸ ਐਸ ਦੇ ਏਜੰਡੇ ਦੇ ਹਿੱਸੇ ਵਜੋਂ ਬਾਕਸ ਆਫਿਸ ਤੇ ਉਤਾਰੀ ਗਈ ਹੈ।
ਭਾਰਤ ਪਾਕਿਸਤਾਨ ਦੇ ਲੋਕਾਂ ਵਿੱਚ ਨਫਰਤ ਦੀ ਜ਼ਹਿਰ ਹਰ ਰੋਜ਼ ਸ਼ਾਮ ਨੂੰ ਵਾਹਗਾ ਬਾਰਡਰ ਤੇ ਦੋਹਾਂ ਦੇਸ਼ਾਂ ਦੇ ਕੌਮੀ ਝੰਡੇ ਉਤਾਰਨ ਵੇਲੇ ਵੀ ਮੁੱਦਤਾਂ ਤੋਂ ਫੈਲਾਈ ਜਾ ਰਹੀ ਹੈ। 2011 ਵਿੱਚ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਅਮਰੀਕਾ ਤੋਂ ਚਾਰ ਮੈਂਬਰੀ ਵਫਦ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਦੇਖਣ ਲਈ ਸੱਦਿਆ ਗਿਆ ਸੀ ਜਿਸ ਨਾਲ ਮੈਨੂੰ ਬਤੌਰ ਤਾਲਮੇਲ ਅਫਸਰ ਨਿਯੁਕਤ ਕੀਤਾ ਗਿਆ ਸੀ। ਅੰਮ੍ਰਿਤਸਰ ਗਏ ਤਾਂ ਵਫਦ ਨੂੰ ਵਾਹਗਾ ਬਾਰਡਰ ਦੀ ਰਸਮ ਦਿਖਾਉਣ ਵੀ ਲੈ ਕੇ ਗਿਆ। ਝੰਡੇ ਉਤਾਰਨ ਦੀ ਰਸਮ ਦੌਰਾਨ ਹੁੰਦਾ ਡਰਾਮਾ ਦੇਖਣ ਤੋਂ ਬਾਅਦ ਉਹਨਾਂ ਦੀ ਵੀ ਇਹੀ ਪ੍ਰਤੀਕਿਿਰਆ ਸੀ ਕਿ ਇਹ ਸਭ ਨਫਰਤ ਦਾ ਪ੍ਰਗਟਾਵਾ ਹੈ। ਮੀਡੀਆ ਰਾਹੀਂ ਹੋਰ ਕਈ ਦੇਸ਼ ਵੀ ਇਹੋ ਵਿਚਾਰ ਪ੍ਰਗਟ ਕਰ ਚੁੱਕੇ ਨੇ।
ਦੂਸਰਾ ਪੱਖ, ਅੱਜ ਤੋਂ ਚਾਲੀ ਕੁ ਸਾਲ ਪਹਿਲਾਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰੋਗਰਾਮ ‘ਦੇਸ਼ ਪੰਜਾਬ’ ਆਇਆ ਕਰਦਾ ਸੀ। ਉਸ ਦੀ ਪੇਸ਼ਕਰਤਾ ਬੀਬੀ ਆਪਣਾ ਨਾਮ ਮੁਸੱਰਤ (ਮੁਸਲਿਮ ਨਾਮ) ਦੱਸਦੀ ਹੁੰਦੀ ਸੀ ਪਰ ਸ਼ਾਇਦ ਉਹ ਸੱਚਮੁੱਚ ਮੁਸਲਿਮ ਨਹੀਂ ਸੀ। ਕਾਰਣ ਉਸ ਪ੍ਰੋਗਰਾਮ ਵਿੱਚ ਬਹੁਤੇ ਖ਼ਤ ਪਾਕਿਸਤਾਨ ਤੋਂ ਆਉਂਦੇ ਸਨ ਤੇ ਉਹ ਬੀਬੀ ਉਹਨਾਂ ਖ਼ਤਾਂ ਦੇ ਜਵਾਬ ਬਹੁਤ ਹੀ ਮਿਠਾਸ ਭਰੀ ਬੋਲੀ ਵਿੱਚ ਸ਼ਬਦਾਂ ਨੂੰ ਪਿਆਰ ਵਿੱਚ ਗੁੰਨ੍ਹ ਕੇ ਦਿੰਦੀ ਸੀ। ਉਸ ਪ੍ਰੋਗਰਾਮ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸੇ ਬਹੁਤ ਸਾਰੇ ਕਲਮੀ ਦੋਸਤ ਬਣਾਏ ਸੀ ਕਿਉਂਕਿ ਬਹੁਤੇ ਸਰੋਤੇ ਚਿੱਠੀ ਵਿੱਚ ਆਪਣਾ ਪਤਾ ਲਿਖ ਕੇ ਕਲਮੀ ਦੋਸਤੀ ਲਈ ਪੇਸ਼ਕਸ਼ ਕਰਦੇ ਸਨ। ਮੇਰੇ ਵੀ ਕਈ ਕਲਮੀ ਦੋਸਤ ਦੋਵੇਂ ਪਾਸੇ ਬਣੇ ਜਿਨ੍ਹਾਂ ਵਿੱਚੋਂ ਇੱਕ ਕਲਮ ਤੋਂ ਸ਼ੁਰੂ ਹੋ ਕੇ ਸ਼ੋਸਲ ਮੀਡੀਆ ਤੱਕ ਪੁੱਜ ਕੇ ਅਜੇ ਵੀ ਮੇਰੇ ਸੰਪਰਕ ਵਿੱਚ ਹੈ। ਸੁਣਦਾ ਰਹਿਣ ਕਰਕੇ ਉਸ ਪ੍ਰੋਗਰਾਮ ਦਾ ਮੇਰੇ ਦਿਮਾਗ਼ ਉੱਤੇ ਐਨਾ ਅਸਰ ਸੀ ਕਿ ਉਨ੍ਹਾਂ ਦਿਨਾਂ ਵਿੱਚ ਆਇਆ ਇੱਕ ਸੁਪਨਾ ਮੈਂ ਉਸ ਪ੍ਰੋਗਰਾਮ ਨੂੰ ਚਿੱਠੀ ਵਿੱਚ ਲਿਖ ਕੇ ਸਾਰੇ ਸਰੋਤਿਆਂ ਨਾਲ ਸਾਂਝਾ ਕੀਤਾ ਸੀ। ਸੁਪਨੇ ਵਿੱਚ ਮੈਂ ਪਾਕਿਸਤਾਨ ਚਲਾ ਗਿਆ ਤੇ ਦੇਖ ਕੇ ਹੈਰਾਨ ਹੋਇਆ ਕਿ ਉੱਥੋਂ ਦੇ ਪਿੰਡ, ਗਲ਼ੀਆਂ, ਘਰ, ਖੇਤ ਖਲਿਹਾਣ, ਪਹੀਆਂ, ਬੰਬੀਆਂ, ਲੋਕ, ਪਹਿਰਾਵਾ, ਬੋਲੀ ਆਦਿ ਸਭ ਕੁੱਝ ਤਾਂ ਸਾਡੇ ਪੰਜਾਬ ਵਰਗਾ ਹੀ ਸੀ। ਮੈਂ ਲੋਕਾਂ ਨਾਲ਼ ਮਿਲ਼ ਗਿਲ਼ ਹੀ ਰਿਹਾ ਸੀ ਕਿ ਅਚਾਨਕ ਸਰਹੱਦ ਤੋਂ ਆਈ ਗੋਲੀਆਂ ਅਤੇ ਬੰਬਾਂ ਦੀ ਆਵਾਜ਼ ਨੇ ਮੇਰਾ ਸੁਪਨਾ ਤੋੜ ਦਿੱਤਾ ਤੇ ਮੈਨੂੰ ਜਾਗ ਆ ਗਈ।
ਅੱਜ ਵੀ ਦੋਵੇਂ ਪਾਸੇ “ਸਭ ਦਾ ਪੰਜਾਬ” ਵਰਗੇ ਕਈ ਯੂ-ਟਿਊਬ ਚੈਨਲ ਵੰਡ ਸਮੇਂ ਤੋਂ ਪਹਿਲਾਂ ਜਨਮੇ ਬਜੁਰਗਾਂ ਨੂੰ ਲੱਭ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਪਿਛੋਕੜ ਬਾਰੇ ਪੁੱਛਦੇ ਨੇ ਤੇ ਉਹਨਾਂ ਮੁਲਾਕਾਤਾਂ ਨੂੰ ਦੇਖ ਕੇ ਕਈਆਂ ਦੀ ਵੀਡੀਓ ਕਾਲ ਜਰੀਏ ਮੁਲਾਕਾਤ ਹੋ ਜਾਂਦੀ ਹੈ ਤੇ ਕਈ ਕਰਤਾਰਪੁਰ ਵਿਖੇ ਮਿਲ ਵੀ ਚੁੱਕੇ ਨੇ।
ਮੈਂ ਦੋ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਭਾਗ ਲਿਆ ਐ। ਉੱਥੇ ਕਈ ਪਾਕਿਸਤਾਨੀ ਪੁਲਸ ਅਫਸਰ ਮੇਰੇ ਦੋਸਤ ਬਣੇ। ਬੋਲੀ ਅਤੇ ਸੱਭਿਆਚਾਰ ਇੱਕੋ ਜਿਹੇ ਹੋਣ ਦੇ ਨਾਲ ਨਾਲ ਉਹਨਾਂ ਮੈਨੂੰ ਖੁਦ ਤਾਂ ਇੱਜਤ ਦਿੱਤੀ ਹੀ ਸਗੋਂ ਦੂਜੇ ਮੁਲਕਾਂ ਵਾਲੇ ਅਫਸਰਾਂ ਵਿੱਚ ਵੀ ਮੇਰੀ ਇੱਜਤ ਵਧਾਈ। ਅਫਰੀਕਾ ਦੇ ਲਾਇਬੇਰੀਆ ਮਿਸ਼ਨ ਵਿੱਚ ਦੋ ਪਾਕਿਸਤਾਨੀ ਪੁਲਸ ਅਫਸਰ ਆਮਿਰ ਅੱਬਾਸ ਸ਼ਰਾਜੀ ਅਤੇ ਰੇਹਾਨ ਅਫਗਾਨ ਮੇਰੇ ਸਹਿਕਰਮੀ ਸਨ। ਉਹ ਮੈਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਸਨ। ਉਹ ਮੇਰੀ ਪੱਗ ਦੇ ਮਾਮਲੇ ਵਿੱਚ ਵੀ ਮੇਰੇ ਹੱਕ ਵਿੱਚ ਡਟ ਕੇ ਖੜ੍ਹੇ ਸਨ ਕਿਉਂਕਿ ਵਰਦੀ ਨਾਲ ਮੈਂ ਟੋਪੀ ਦੀ ਜਗ੍ਹਾ ਅਸਮਾਨੀ ਰੰਗ ਦੀ ਪੱਗ ਬੰਨ੍ਹਦਾ ਸੀ ਤੇ ਉੱਥੇ ਮੇਰੇ ਸੀਨੀਅਰ ਇਸ ਨੂੰ ਯੂ ਐਨ ਦੇ ਨਿਯਮਾਂ ਦੀ ਉਲੰਘਣਾ ਦੱਸਦੇ ਸਨ ਤੇ ਇਹ ਲੜਾਈ ਮੈਂ ਹੀ ਜਿੱਤਿਆ ਸੀ। ਮੇਰਾ ਤੇ ਉਨ੍ਹਾਂ ਪਾਕਿਸਤਾਨੀ ਦੋਸਤਾਂ ਦਾ ਸਾਥ ਚਾਰ ਕੁ ਮਹੀਨੇ ਦਾ ਹੀ ਸੀ ਕਿਉਂਕਿ ਉਨ੍ਹਾਂ ਦਾ ਸਮਾਂ ਪੂਰਾ ਹੋਣ ਤੇ ਉਹ ਡਿਊਟੀ ਖਤਮ ਕਰਕੇ ਵਾਪਸ ਚਲੇ ਗਏ ਸੀ। ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਫਿਲਪਾਈਨ, ਅਰਜਨਟਾਈਨਾ, ਯੂਗਾਂਡਾ, ਯੁਕਰੇਨ, ਚੀਨ, ਫਿਜੀ, ਸਵੀਡਨ, ਨਾਰਵੇ ਆਦਿ ਦੇਸ਼ਾਂ ਵਾਲੇ ਸਾਥੀ ਮੈਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਤਾਂ ਮੈਨੂੰ ਆਮਿਰ ਤੇ ਰੇਹਾਨ ਯਾਦ ਆ ਜਾਂਦੇ ਜਿਹੜੇ ਮੇਰੀ ਪੱਕੀ ਪਹਿਚਾਣ ਸਰਦਾਰ ਜੀ ਵਜੋਂ ਬਣਾ ਗਏ ਸਨ।
ਸੋ ਸਿੱਟਾ ਇਹੋ ਨਿਕਲਦਾ ਹੈ ਕਿ ਆਮ ਲੋਕਾਂ ਨੂੰ ਰਾਜਨੀਤਕ ਲੋਕਾਂ ਦੇ ਮਨਸੂਬਿਆਂ ਨੂੰ ਸਮਝ ਕੇ ਖਬਰਦਾਰ ਰਹਿਣਾ ਚਾਹੀਦਾ ਹੈ। ਕਿਸ ਰੂਪ ਵਿੱਚ ਕੀ ਪਰੋਸਿਆ ਜਾ ਰਿਹਾ ਹੈ ਉਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਅੰਗਰੇਜ਼ ਹਾਕਮਾਂ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਜਾਰੀ ਰੱਖ ਕੇ ਨਫਰਤ ਦੀ ਰਾਜਨੀਤੀ ਕਰਕੇ ਇਹ ਲੋਕ ਆਪਣਾ ਉੱਲੂ ਤਾਂ ਸਿੱਧਾ ਕਰਦੇ ਹੀ ਨੇ ਸਗੋਂ ਇੱਕ ਤੀਰ ਨਾਲ ਦੋ ਸ਼ਿਕਾਰ ਕਰਦੇ ਹੋਏ ਕਰੋੜਾਂ ਅਰਬਾਂ ਰੁਪਏ ਦੀ ਕਮਾਈ ਵੀ ਕਰ ਜਾਂਦੇ ਨੇ।

Total Views: 432 ,
Real Estate