ਭਾਵਨਾਵਾਂ ਦੀ ਸਾਂਝ- ਸਤਿਕਾਰ ਦੀ ਨੀਂਹ

ਨਾਮਦੇਵ ਸਿੰਘ ਸਿੱਧੂ
ਆਪਣੇ ਇੱਕ ਇੰਡੋਨੇਸ਼ੀਆ ਦੌਰੇ ਦੌਰਾਨ ਮੈਂ ਇੱਕ ਸਮਾਜਿਕ ਉਤਸਵ ਦਾ ਮਹਿਮਾਨ ਸੀ । ਮੇਰੀ ਇੱਛਾ ਅਨੁਸਾਰ ਮੈਨੂੰ ਉਬੁੱਡ (Ubud) ਨੇੜਲੇ ਪਿੰਡ ਦੇ ਇੱਕ ਰਵਾਇਤੀ ਇੰਡੋਨੇਸ਼ੀਅਨ ਘਰ ਵਿੱਚ ਰਿਹਾਇਸ਼ੀ ਪ੍ਰਬੰਧ ਕੀਤਾ।ਮੇਰਾ ਸਵਾਗਤ ਨਿੱਜੀ ਮਹਿਮਾਨ ਵਾਂਗ ਉਸੇ ਤਰਾਂ ਦੀ ਰੀਤੀ ਅਨੁਸਾਰ ਕੀਤਾ ਜਿਵੇਂ ਅਸੀਂ ਖਾਸ ਮਹਿਮਾਨ ਨੂੰ ਰਿਸੀਵ ਕਰਨ ਬੂਹੇ ਤੇ ਤੇਲ ਚੋਣ ਵਰਗੀ ਰੀਤੀ ਵਾਂਗ ਕੀਤਾ। ਇਸ ਪ੍ਰੋਗਰਾਮ ਦੀ ਪ੍ਰਬੰਧਕ ਇੱਕ ਸਥਾਨਕ ਔਰਤ ਅਧਿਕਾਰੀ ਸੀ। ਭਾਵੇਂ ਮੇਰਾ ਸਵਾਗਤ ਪ੍ਰੋਗਰਾਮ ਦੇ ਕਾਇਦੇ ਅਨੁਸਾਰ ਕੀਤਾ ਗਿਆ ਸੀ। ਪਰ ਇਸ ਔਰਤ ਅਧਿਕਾਰੀ ਦੇ ਦਿਲ ਵਿੱਚ ਭਾਰਤੀਆਂ ਖਾਸਕਰ ਸਿੱਖਾਂ ਲਈ ਕੁੱਝ ਵੱਖਰਾ ਸਤਿਕਾਰ ਸੀ। ਉਸਨੂੰ ਇੰਡੋਨੇਸ਼ੀਅਨ ਇਤਿਹਾਸ ਦਾ ਕਾਫੀ ਗਿਆਨ ਸੀ ਜੋ ਸਾਨੂੰ ਖੁਦ ਨੂੰ ਨਹੀਂ ਪਤਾ।ਮੇਰੇ ਕੁੱਝ ਦਿਨ ਦੇ ਠਹਿਰਾਉ ਦੌਰਾਨ ਉਸਨੇ ਮੈਨੂੰ ਸਿੱਖ ਫੌਜੀਆਂ ਦੇ ਇੰਡੋਨੇਸ਼ੀਆ ਦੇ ਇਤਿਹਾਸ ਨਾਲ ਸਬੰਧਤ ਕੁੱਝ ਪੰਨੇ ਸਾਂਝੇ ਕੀਤੇ। ਉਸਨੇ ਆਕਸਫੋਰਡ ਦੇ ਇਤਿਹਾਸਕਾਰ ਪੀਟਰ ਕੈਰੀ ਵੱਲੋਂ ਇੰਡੋਨੇਸ਼ੀਆ ਦੇ ਆਜਾਦੀ ਸੰਘਰਸ਼ ਵਾਰੇ ਦਰਜ ਸਿੱਖਾਂ ਦੀਆਂ ਕੁਰਬਾਨੀਆਂ ਦੀ ਪੁਸ਼ਟੀ ਕਰਦੇ ਦੱਸਿਆ ਕਿ ਅੰਗਰੇਜ਼ ਸ਼ਾਸਨ ਕਾਲ ਸਮੇਂ ਸੁਰਾਬਾਇਆ (ਇੰਡੋਨੇਸ਼ੀਆ) ਵਿੱਚ ਵਿਦਰੋਹ ਨੂੰ ਦਬਾਉਣ ਲਈ ਭਾਰਤੀ ਫੌਜ ਵਿੱਚ ਸਿੱਖ ਫੌਜੀ ਬਹੁਤੇ ਸਨ । ਜਦ ਉਹ ਸੁਰਾਬਾਇਆ ਵਿੱਚ ਆਏ ਤਾਂ ਦੇਖਿਆ, ਕਿ ਜਿਨ੍ਹਾਂ ਲੋਕਾਂ ਨੂੰ ਦਬਾਉਣ ਲਈ ਉਨ੍ਹਾਂ ਨੂੰ ਭੇਜਿਆ ਗਿਆ ਸੀ, ਉਹ ਜੁਲਮਾਂ ਕਰਕੇ ਅੰਗਰੇਜਾਂ ਖਿਲਾਫ ਖੜ੍ਹੇ ਹੋਏ ਸਨ। ਸਿੱਖ ਫੌਜੀਆਂ ਦਾ ਕਹਿਣਾ ਸੀ ਕਿ ਜਿਸ ਲਈ ਅੰਗਰੇਜਾਂ ਨਾਲ ਸਾਡਾ ਦੇਸ਼ ਲੜ ਰਿਹਾ ਹੈ ਉਸੇ ਲਈ ਤਾਂ ਇਹ ਇੰਡੋਨੇਸ਼ੀਅਨ ਲੋਕ ਸੰਘਰਸ਼ ਕਰ ਰਹੇ ਹਨ। ਇਸ ਵਿਦਰੋਹ ਵਿੱਚ ਭਾਰਤ ਤੋਂ ਅੰਗਰੇਜਾਂ ਵੱਲੋਂ ਭੇਜੇ ਗਏ 600 ਦੇ ਕਰੀਬ ਸੈਨਿਕ, ਜੋ ਅੰਗਰੇਜਾਂ ਦੀ ਮਿੱਤਰ ਫੌਜ ਦਾ ਹਿੱਸਾ ਸਨ , ਅੰਗਰੇਜਾਂ ਖਿਲਾਫ ਹੀ ਲੜਾਈ ਵਿੱਚ ਇੰਡੋਨੇਸ਼ੀਅਨਜ ਦਾ ਸਾਥ ਦਿੱਤਾ। ਇਹਨਾਂ ਭਾਰਤੀ ਫੌਜੀਆਂ ਵਿੱਚੋਂ ਬਹੁਤੇ ਸ਼ਹੀਦ ਹੋ ਗਏ। ਭਾਰਤੀ ਸਿੱਖ ਫੌਜੀਆਂ ਦੀ ਇੰਡੋਨੇਸ਼ੀਅਨਜ ਤੇ ਅੰਗਰੇਜ ਸਰਕਾਰ ਦੇ ਜੁਲਮ ਖਿਲਾਫ ਖੜ੍ਹਨ ਅਤੇ ਕੁਰਬਾਨੀਆਂ ਦੇਣ ਕਰਕੇ ਇਤਿਹਾਸ ਤੋਂ ਜਾਣੂੰ ਇੰਡੋਨੇਸ਼ੀਅਨ ਲੋਕ ਭਾਰਤੀਆਂ ਖਾਸਕਰ ਸਿੱਖਾਂ ਦਾ ਕਾਫੀ ਸਤਿਕਾਰ ਕਰਦੇ ਹਨ। ਇਹਨਾਂ ਸਿੱਖ ਸ਼ਹੀਦਾਂ ਦੇ ਨਾਮ ਇੰਡੋਨੇਸ਼ੀਅਨ ਮਾਨੂੰਮੈਂਟ ਤੇ ਲਿਖੇ ਹੋਏ ਹਨ ਜੋ ਇੰਡੋਨੇਸ਼ੀਆ ਦੇ ਸੁਨਹਿਰੀ ਇਤਿਹਾਸ ਦਾ ਅਹਿਮ ਹਿੱਸਾ ਹਨ।

Total Views: 211 ,
Real Estate