ਨੂਹ ’ਚ 28 ਨੂੰ ਮੁੜ ਯਾਤਰਾ ਕੱਢੀ ਜਾਵੇਗੀ

ਹਿੰਦੂ ਜਥੇਬੰਦੀਆਂ ਵੱਲੋਂ ਪਲਵਲ ਦੇ ਪੋਂਡਰੀ ਪਿੰਡ ’ਚ ਕੀਤੀ ਗਈ ਮਹਾਪੰਚਾਇਤ ਦੌਰਾਨ ਐਲਾਨ ਕੀਤਾ ਗਿਆ ਕਿ ਵੀਐੱਚਪੀ ਦੀ ਬ੍ਰਜ ਮੰਡਲ ਜਲ ਅਭਿਸ਼ੇਕ ਯਾਤਰਾ 28 ਅਗਸਤ ਨੂੰ ਮੁੜ ਨੂਹ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੂਹ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਐੱਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਈ ਹੋਰ ਅਹਿਮ ਫ਼ੈਸਲੇ ਲਏ ਗਏ। ਇਹ ਯਾਤਰਾ ਜੁਲਾਈ ’ਚ ਨੂਹ ’ਚ ਫਿਰਕੂ ਹਿੰਸਾ ਮਗਰੋਂ ਰੋਕ ਦਿੱਤੀ ਗਈ ਸੀ। ‘ਸਰਵ ਜਾਤੀ ਮਹਾਪੰਚਾਇਤ’ ’ਚ ਖਾਪ ਪੰਚਾਇਤਾਂ, ਭਾਜਪਾ, ਵੀਐੱਚਪੀ ਤੇ ਬਜਰੰਗ ਦਲ ਦੇ ਆਗੂਆਂ ਸਣੇ ਪਲਵਲ, ਗੁਰੂਗ੍ਰਾਮ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮਹਾਪੰਚਾਇਤ ’ਚ ਫ਼ੈਸਲਾ ਲਿਆ ਗਿਆ ਕਿ ਨੂਹ ਦੇ ਨਲਹਾਰ ਤੋਂ ਯਾਤਰਾ ਮੁੜ ਸ਼ੁਰੂ ਹੋਵੇਗੀ ਜੋ ਜ਼ਿਲ੍ਹੇ ਦੇ ਫਿਰੋਜ਼ਪੁਰ ਝਿਰਕਾ ਦੇ ਝੀਰ ਅਤੇ ਸ਼੍ਰਿੰਗਾਰ ਮੰਦਿਰਾਂ ’ਚੋਂ ਗੁਜ਼ਰੇਗੀ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੇ ਗੁਰੂਗ੍ਰਾਮ ਤੋਂ ਆਗੂ ਦੇਵੇਂਦਰ ਸਿੰਘ ਨੇ ਮਹਾਪੰਚਾਇਤ ’ਚ ਲਏ ਗਏ ਫ਼ੈਸਲਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਨੂਹ ’ਚ ਪੱਕੇ ਤੌਰ ’ਤੇ ਕੇਂਦਰੀ ਬਲਾਂ ਦੀਆਂ ਚਾਰ ਬਟਾਲੀਅਨਾਂ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

Total Views: 376 ,
Real Estate