ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਪਏ ਭਾਰੀ ਮੀਂਹ ਮਗਰੋਂ ਢਿੱਗਾਂ ਖਿਸਕਣ ਕਾਰਨ ਸ਼ਿਮਲਾ-ਕਾਲਕਾ ਕੌਮੀ ਮਾਰਗ ਤੇ ਚੰਡੀਗੜ੍ਹ-ਮਨਾਲੀ ਮਾਰਗ ਸਮੇਤ ਸੂਬੇ ਦੀਆਂ 452 ਦੇ ਕਰੀਬ ਅਹਿਮ ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਕੁੱਲ 452 ਸੜਕਾਂ ਬੰਦ ਹੋ ਗਈਆਂ ਜਿਨ੍ਹਾਂ ਵਿੱਚ ਮੰਡੀ ਜ਼ਿਲ੍ਹੇ ਦੀਆਂ 236, ਸ਼ਿਮਲਾ ਦੀਆਂ 59 ਤੇ ਬਿਲਾਸਪੁਰ ਜ਼ਿਲ੍ਹੇ ਦੀਆਂ 40 ਸੜਕਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਢਿੱਗਾਂ ਖਿਸਕਣ ਕਾਰਨ ਸ਼ਿਮਲਾ-ਕਾਲਕਾ ਕੌਮੀ ਮਾਰਗ ਬੰਦ ਹੋ ਗਿਆ ਹੈ। ਚੰਡੀਗੜ੍ਹ ਤੇ ਸ਼ਿਮਲਾ ਨੂੰ ਜੋੜਨ ਵਾਲੇ ਇਸ ਮਾਰਗ ’ਤੇ ਕੋਟੀ ਦੇ ਚੱਕੀ ਮੋੜ ਨੇੜੇ ਸੜਕ ਦੇ ਦੋਵੇਂ ਪਾਸੇ ਵੱਡੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਛੋਟੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਢਿੱਗਾਂ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਵੀ ਬੰਦ ਹੋ ਗਿਆ ਹੈ ਅਤੇ ਵੱਡੀ ਗਿਣਤੀ ’ਚ ਸੈਲਾਨੀ ਇਸ ਮਾਰਗ ’ਤੇ ਫਸੇ ਹੋਏ ਹਨ।ਉਨ੍ਹਾਂ ਦੱਸਿਆ ਕਿ ਸੂਬੇ ’ਚ ਵੱਖ ਵੱਖ ਥਾਵਾਂ ’ਤੇ ਮੀਂਹ ਕਾਰਨ ਘਰਾਂ ਤੇ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਸ਼ਿਮਲਾ ’ਚ ਭਾਰੀ ਮੀਂਹ ਕਾਰਨ ਬੱਸ ਅੱਡੇ ਨੇੜੇ ਇੱਕ ਦਰੱਖਤ ਪ੍ਰਾਈਵੇਟ ਬੱਸ ’ਤੇ ਡਿੱਗ ਗਿਆ। ਇਸ ਹਾਦਸੇ ’ਚ ਬੱਸ ਦਾ ਕੰਡਕਟਰ ਜ਼ਖ਼ਮੀ ਹੋ ਗਿਆ। ਸ਼ਿਮਲਾ ਸ਼ਹਿਰ ਦੇ ਦੁਧਲੀ ਇਲਾਕੇ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਵਾਹਨ ਨੁਕਸਾਨੇ ਗਏ ਹਨ ਤੇ ਭਾਰੀ ਮੀਂਹ ਕਾਰਨ ਉੱਪਰਲੇ ਸ਼ਿਮਲਾ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਬਿਲਾਸਪੁਰ ਜ਼ਿਲ੍ਹੇ ਦੇ ਨਮਹੋਰ ਇਲਾਕੇ ’ਚ ਮੀਂਹ ਕਾਰਨ ਤਿੰਨ ਘਰਾਂ, ਪਸ਼ੂਆਂ ਦੇ ਸ਼ੈੱਡਾਂ ਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ ’ਚ ਜ਼ਮੀਨ ਧਸਣ ਕਾਰਨ ਨੌਂ ਘਰ ਖਾਲੀ ਕਰਵਾਏ ਗਏ ਹਨ। ਉੱਧਰ ਮੰਡੀ ਅਤੇ ਹਮੀਰਪੁਰ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ, ਮਕਾਨਾਂ ਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਸੂਬੇ ’ਚ ਵੱਖ ਵੱਖ ਥਾਵਾਂ ’ਤੇ ਭਲਕ ਲਈ ਵੀ ਅਲਰਟ ਜਾਰੀ ਕੀਤਾ ਹੈ। ਉੱਧਰ ਮੰਡੀ ਜ਼ਿਲ੍ਹੇ ਦੀ ਬਲ੍ਹ ਵਾਦੀ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਇਲਾਕੇ ’ਚ ਸਥਿਤ ਪੈਰੀ ਪਸਤਾ ਨਾਲਾ ਭਰ ਕੇ ਵਗ ਰਿਹਾ ਹੈ ਤੇ ਖੇਤ ਅਤੇ ਘਰ ਡੁੱਬ ਗਏ ਹਨ। ਸੁਕੇਤੀ ਖੱਡ ਵਿਚ ਵੀ ਹੜ੍ਹ ਆਇਆ ਹੋਇਆ ਹੈ।
ਹਿਮਾਚਲ: ਮੀਂਹ ਕਾਰਨ 452 ਸੜਕਾਂ ਬੰਦ
Total Views: 176 ,
Real Estate



















