ਚਾਂਦਪੁਰ ਬੰਨ੍ਹ ਟੁੱਟਣ ਕਾਰਨ ਮਾਨਸਾ ਦੇ ਕਈ ਪਿੰਡ ਡੁੱਬੇ

ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਵਿਚਲਾ ਘੱਗਰ ਦਾ ਚਾਂਦਪੁਰ ਬੰਨ੍ਹ ਬੀਤੇ ਕੱਲ੍ਹ ਸਵੇਰੇ 4.30 ਵਜੇ ਟੁੱਟ ਗਿਆ ਸੀ। ਹਾਲਾਂਕਿ ਲੋਕ ਪਿਛਲੇ ਕਈ ਦਿਨਾਂ ਤੋਂ ਇਸ ਬੰਨ੍ਹ ਨੂੰ ਸੁਰੱਖਿਅਤ ਰੱਖਣ ਦੇ ਯਤਨ ਕਰ ਰਹੇ ਸਨ ਪਰ ਬੰਨ੍ਹ ਵਿੱਚ 80 ਫੁੱਟ ਚੌੜਾ ਪਾੜ ਪੈਣ ਤੋਂ ਬਾਅਦ ਨੇੜਲੇ ਇਲਾਕੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਬੰਨ੍ਹ ਵਿੱਚ ਪਾੜ ਪੈਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਈ ਹੋਰ ਪਿੰਡਾਂ ਨੂੰ ਵੀ ਪਾਣੀ ਨੇ ਘੇਰ ਲਿਆ ਹੈ। ਉਂਜ ਪੰਜਾਬ ’ਚ ਕਈ ਥਾਵਾਂ ’ਤੇ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।
ਮਾਨਸਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਤਾਂ ਜੋ ਬੰਨ੍ਹ ਟੁੱਟਣ ਕਾਰਨ ਜਾਨ-ਮਾਲ ਦੇ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਹੜ੍ਹ ਦੀ ਮਾਰ ਤੋਂ ਬਚਣ ਲਈ ਲੋਕਾਂ ਨੇ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦਿੱਤੇ ਹਨ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਚਾਂਦਪੁਰ ਬੰਨ੍ਹ ਦਾ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਕਾਫ਼ੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਮੋਫਰ, ਮੋਡਾ, ਦਾਨੇਵਾਲਾ, ਕੋਰਵਾਲਾ, ਚਹਿਲਾਂਵਾਲੀ, ਭੰਮੇ ਖੁਰਦ ਆਦਿ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਪਾਣੀ ਭਰਨ ਦਾ ਖਤਰਾ ਹੈ। ਇਸ ਦਾ ਅਸਰ ਤਲਵੰਡੀ ਸਾਬੋ ਸਬ-ਡਿਵੀਜ਼ਨ ਦੇ ਕਈ ਪਿੰਡਾਂ ’ਤੇ ਵੀ ਪੈ ਸਕਦਾ ਹੈ।

Total Views: 196 ,
Real Estate