ਜੂਨ 84 ਤੋਂ 39 ਸਾਲ ਬਾਅਦ ਅਸੀਂ ਕਿੱਥੇ ਖੜੇ ਹਾਂ?

ਹਰਚਰਨ ਸਿੰਘ ਪ੍ਰਹਾਰ
ਅੱਜ ਤੋਂ 39 ਸਾਲ ਪਹਿਲਾਂ ਹਰਿੰਮੰਦਰ ਸਾਹਿਬ ਕੰਪਲੈਕਸ ਤੇ ਭਾਰਤ ਸਰਕਾਰ ਨੇ ‘ ਓਪਰੇਸ਼ਨ ਬਲਿਊ ਸਟਾਰ’ ਨਾਮ ਦੀ ਫੌਜੀ ਕਾਰਵਾਈ ਕੀਤੀ ਸੀ। ਜਿਸ ਵਿੱਚ ਦੋਨਾਂ ਪੱਖਾਂ ਤੋਂ ਹਜ਼ਾਰਾਂ ਜਾਨਾਂ ਗਈਆਂ ਤੇ ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਨਾਲ਼ ਅਕਾਲ ਤਖ਼ਤ ਦੀ ਬਿਲਡਿੰਗ ਦਾ ਕਾਫੀ ਹਿੱਸਾ ਵੀ ਤੋਪ ਦੇ ਗੋਲ਼ਿਆਂ ਨਾਲ਼ ਢੱਠ ਗਿਆ ਸੀ। ਅਸੀਂ ਹਮੇਸ਼ਾਂ ਤੋਂ ਇਹ ਕਹਿੰਦੇ ਹਾਂ ਕਿ ਅਜਿਹੇ ਮਨਹੂਸ ਭਾਣੇ ਕਿਸੇ ਵੀ ਭਾਈਚਾਰੇ ਨਾਲ਼ ਨਹੀਂ ਵਾਪਰਨੇ ਚਾਹੀਦੇ ਸਨ। ਅਜਿਹੀ ਸਖ਼ਤ ਕਾਰਵਾਈ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਸਨ। ਇਸ ਘਟਨਾ ਦੀ ਜਿਤਨੀ ਨਿੰਦਾ ਹੋਵੇ, ਥੋੜੀ ਹੈ।

ਪਿਛਲੇ 39 ਸਾਲਾਂ ਤੋਂ ਹਰ ਸਾਲ ਕੁਝ ਲੋਕ ਤੇ ਕੁਝ ਸੰਸਥਾਵਾਂ ਜੂਨ ਦੇ ਪਹਿਲੇ ਹਫ਼ਤੇ ਜੂਨ 84 ਦੀਆਂ ਘਟਨਾਵਾਂ ਨੂੰ ਪੇਸ਼ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਵਾਰ-ਵਾਰ ਦੁਹਰਾਉਂਦੇ ਹਨ ਕਿ ਕਿਤੇ ਸਾਡੇ ਤੇ ਕੋਈ ਇਲਜਾਮ ਨਾ ਲਗਾ ਦੇਵੇ ਕਿ ਇਹ ਹੁਣ 84 ਨੂੰ ਭੁੱਲ ਗਏ ਹਨ।

ਪਰ ਮੈ ਪਿਛਲੇ 39 ਸਾਲਾਂ ਵਿੱਚ ਕਦੇ ਕਿਸੇ ਲੀਡਰ, ਵਿਦਵਾਨ, ਪ੍ਰਚਾਰਕ, ਪੱਤਰਕਾਰ ਤੋਂ ਇਹ ਨਹੀਂ ਸੁਣਿਆ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ?

ਸਰਕਾਰ ਨੂੰ ਜਾਂ ਫੌਜ ਨੂੰ ਕਿਉਂ ਲੋੜ ਪਈ ਕਿ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜਾਵੇ?

ਜਿਸ ਤਰ੍ਹਾਂ ਥੱਕੇਂ ਧਿਰਾਂ ਵੱਲੋਂ ਕਿਹਾ ਜਾਂਦਾ ਹੈ, ਜੇ ਸਰਕਾਰ ਨੇ ਸਾਲ ਪਹਿਲਾਂ ਹਮਲਾ ਪਲੈਨ ਕੀਤਾ ਸੀ ਤਾਂ ਸਿੱਖ ਲੀਡਰਾਂ ਨੇ ਉਸ ਤੋਂ ਸਿੱਖਾਂ ਜਾਂ ਅਕਾਲ ਤਖਤ ਨੂੰ ਬਚਾਉਣ ਲਈ ਯਤਨ ਕਿਉਂ ਨਹੀਂ ਕੀਤੇ?

ਕਿਉਂ ਉਨ੍ਹਾਂ ਲੋਕਾਂ ਨੂੰ ਅੱਜ ਵੀ ਹੀਰੋ ਵਾਂਗ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਰਕਾਰ ਦੇ ਮਨਸੂਬਿਆਂ ਦਾ ਪਤਾ ਹੋਣ ਦੇ ਬਾਵਜੂਦ ਅੰਦਰ ਹਥਿਆਰ ਜਮ੍ਹਾਂ ਕੀਤੇ, ਮੋਰਚੇ ਬਣਾਏ?

ਕਦੇ ਕਿਸੇ ਨੇ ਇਸ ਵੱਡੇ ਘੱਲੂਘਾਰੇ ਦੀ ਹਰ ਪੱਖ ਤੋਂ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਕੇ ਸਚਾਈ ਸਾਹਮਣੇ ਨਹੀਂ ਰੱਖੀ?

ਕਦੇ ਮੈ ਕਿਤੇ ਇਹ ਨਹੀਂ ਪੜ੍ਹਿਆ ਕਿ ਇਸ ਘਟਨਾ ਵਿੱਚ ਸਿੱਖਾਂ ਦਾ ਵੀ ਕੋਈ ਇੱਕ ਅੱਧਾ ਪ੍ਰਸੈਂਟ ਦੋਸ਼ ਸੀ?

ਅਕਾਲੀ ਦਲ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰਕੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ, ਕਿਤਨੇ ਕੁ ਜਾਇਜ਼ ਜਾਂ ਜ਼ਰੂਰੀ ਸਨ?

ਅਜੇ ਵੀ ਸਮਾਂ ਹੈ ਕਿ ਅਜਿਹੇ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ, ਲੇਖਕਾਂ, ਪੱਤਰਕਾਰਾਂ ਨੂੰ ਸਵਾਲ ਕਰੀਏ ਕਿ ਸਾਨੂੰ ਸੱਚ ਦੱਸੋ?

ਸਿਰਫ ਕਾਬਿਜ ਧਿਰਾਂ ਨੂੰ ਖੁਸ਼ ਕਰਨ ਲਈ ਸੋਹਲੇ ਨਾ ਗਾਈ ਜਾਵੋ। ਸਿਆਣੀਆਂ ਕੌਮਾਂ ਘੱਲੂਘਾਰਿਆਂ ਤੋਂ ਸਬਕ ਸਿੱਖ ਕੇ ਅੱਗੇ ਵਿਕਾਸ ਕਰਦੀਆਂ ਹਨ, ਪਰ ਸਿੱਖਾਂ ਦੀਆਂ ਕਾਬਿਜ ਧਿਰਾਂ ਸਿੱਖਾਂ ਨੂੰ ਆਪਣੀਆਂ ਚੌਧਰਾਂ, ਲਾਲਚਾਂ ਤੇ ਸਿਆਸੀ ਰੋਟੀਆਂ ਸੇਕਣ ਲਈ ਅੱਗੇ ਨਹੀਂ ਵਧਣ ਦੇਣਾ ਚਾਹੁੰਦੀਆਂ।

ਹਿੰਸਾ, ਨਫ਼ਰਤ ਤੇ ਵੱਖਵਾਦ ਦੀ ਰਾਜਨੀਤੀ, ਸਾਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੇ ਕਿਸੇ ਵੀ ਤਰ੍ਹਾਂ ਹਿੱਤ ਵਿੱਚ ਨਹੀ।

ਦੋ ਜਨਰੇਸ਼ਨਾਂ ਇਨ੍ਹਾਂ ਦੀਆਂ ਮੂਰਖਤਾਵਾਂ ਨਾਲ ਬਰਬਾਦ ਹੋ ਚੁੱਕੀਆਂ ਹਨ, ਹੋਰ ਹੋਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਸਵਾਲ ਕਰਨ ਜਾਂ ਲਾਂਭੇ ਕਰਨ ਲਈ ਯਤਨ ਕਰਨੇ ਚਾਹੀਦੇ ਹਨ।

ਜਦੋ ਤੱਕ ਅਸੀ ਇਸ ਤਰ੍ਹਾਂ ਦੀਆਂ ਜਜ਼ਬਾਤੀ ਗੱਲਾਂ ਕਰਦੇ ਰਹਾਂਗੇ, ਸਿੱਖਾਂ ਦਾ ਕਦੇ ਭਲਾ ਨਹੀ ਹੋਣਾ, ਸਗੋਂ ਦਿਨੋ ਦਿਨ ਨੁਕਸਾਨ ਹੋ ਰਿਹਾ ਹੈ। ਸਵਾਲ ਇਹ ਨਹੀਂ ਕਿ ਹਮਲਾ ਕਿਵੇਂ ਹੋਇਆ ਜਾਂ ਨੁਕਸਾਨ ਕੀ ਹੋਇਆ? ਅਸੀਂ 39 ਸਾਲ ਬਾਅਦ ਵੀ ਇਹ ਨਹੀਂ ਵਿਚਾਰ ਰਹੇ ਕਿ ਹਮਲਾ ਕਿਉਂ ਹੋਇਆ? ਸ਼ਾਂਤਮਈ ਚੱਲ ਰਹੇ ਮੋਰਚੇ ਵਿੱਚ ਹਥਿਆਰ ਕਿਉਂ ਵਾੜੇ ਗਏ? ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਿਉਂ ਕੀਤੀ ਗਈ?

ਕੀ ਮੋਰਚਾਬੰਦੀ ਕਰਨ ਵਾਲ਼ਿਆਂ ਨੂੰ ਪਤਾ ਸੀ ਕਿ ਹਮਲਾ ਹੋਣਾ ਹੈ? ਜੇ ਪਤਾ ਸੀ ਤਾਂ ਉਨ੍ਹਾਂ ਆਪਣੇ ਪਰਿਵਾਰ ਬਾਹਰ ਕੱਢ ਲਏ ਤੇ ਸੰਗਤ ਨੂੰ ਇਤਲਾਹ ਕਿਉਂ ਨਹੀਂ ਕੀਤੀ? ਜਦੋ ਫੌਜ ਨੇ 2-5 ਜੂਨ ਤੱਕ ਘੇਰਾ ਪਾਇਆ ਹੋਇਆ ਸੀ ਤਾਂ ਦਰਬਾਰ ਸਾਹਿਬ ਤੇ ਅਕਾਲ ਤਖਤ ਬਚਾਉਣ ਲਈ ਅੰਦਰ ਬੈਠੇ ਖਾੜਕੂ ਬਾਹਰ ਕਿਉਂ ਨਹੀਂ ਆਏ, ਜੇ ਉਹ ਆਪਣੇ ਪਰਿਵਾਰ ਬਾਹਰ ਕੱਢ ਸਕਦੇ ਸਨ ਤਾਂ ਕੀ ਆਪ ਨਹੀਂ ਆ ਸਕਦੇ ਸਨ? ਕੀ ਉਹ ਕਿਸੇ ਦੇ ਇਸ਼ਾਰੇ ਤੇ ਅਜਿਹਾ ਭਾਣਾ ਵਰਤਾਉਣਾ ਚਾਹੁੰਦੇ ਸਨ? ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਟੈਂਕਾਂ ਤੋਪਾਂ ਵਾਲ਼ੀ ਫੋਜ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ ਸਨ ਤਾਂ ਫਿਰ ਉਨ੍ਹਾਂ ਆਤਮਘਾਤੀ ਰਾਹ ਕਿਉਂ ਚੁਣਿਆ?

ਅਜਿਹੇ ਅਨੇਕਾਂ ਸਵਾਲ ਹਨ, ਜਿਨ੍ਹਾਂ ਨੂੰ ਸੰਬੋਧਨ ਹੋਇਆਂ, ਬਿਨਾਂ ਅਸੀ ਕਿਤੇ ਨਹੀ ਪਹੁੰਚ ਸਕਦੇ। ਜੂਨ ਦੇ ਪਹਿਲੇ ਹਫ਼ਤੇ ਹਰ ਸਾਲ ਕੁਝ ਜਜ਼ਬਾਤੀ ਗੱਲਾਂ ਕਰਕੇ ਸਾਰਾ ਸਾਲ ਸਭ ਕੁਝ ਭੁੱਲ ਭੁਲਾ ਦਿੱਤਾ ਜਾਂਦਾ ਹੈ। ਕੀ ਸਾਨੂੰ ਵਿਚਾਰ ਨਹੀ ਕਰਨੀ ਚਾਹੀਦੀ ਕਿ ਕੋਈ ਪਲੈਨ ਕਰੀਏ ਕਿ ਭਵਿੱਖ ਵਿੱਚ ਸਾਨੂੰ ਅਜਿਹੇ ਘੱਲੂਘਾਰਿਆਂ ਦਾ ਸਾਹਮਣਾ ਨਾ ਕਰਨਾ ਪਵੇ? ਸੱਚ ਨੂੰ ਸੱਚ ਤੇ ਝੂਠ ਕਹਿਣ ਦੀ ਅਤੇ ਗੱਲਾਂ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਪੈਦਾ ਕਰੀਏ .. ?

Total Views: 175 ,
Real Estate