ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ : ਨਾਂਅ ਦਾ ਹੀ ਨਹੀਂ ਕਿਸਮਤ ਦਾ ਵੀ ਲੱਕੀ ਹੈ ਸ਼ਿਕਾਗੋ ਵਸਦਾ ਲਖਬੀਰ ਸਿੰਘ ਲੱਕੀ ਸਹੋਤਾ

ਲਖਬੀਰ ਸਿੰਘ ਲੱਕੀ ਸਹੋਤਾ

ਆਮ ਤੌਰ ‘ਤੇ ਕਹਿ ਹੀ ਦਿੰਦੇ ਹਾਂ ਕਿ ਸੰਸਾਰ ਤਾਂ ਇਕ ਮਾਇਆਜਾਲ ਹੈ ਪਰ ਇਸ ਨਾਲੋਂ ਮੋਹ ਜਾਣਦਿਆਂ ਹੋਇਆਂ ਵੀ ਨਹੀਂ ਟੁੱਟਦਾ। ਇਹ ਵੀ ਸਭ ਨੂੰ ਪਤਾ ਹੈ ਕਿ ਦੁਨੀਆ ਚਲੋ-ਚਲੀ ਦਾ ਮੇਲਾ ਹੈ ਪਰ ਚੰਗਾ ਮੇਲੀ ਬਣ ਕੇ ਰਹਿਣ ਦੀ ਇੱਛਾ ਹਰੇਕ ਇਨਸਾਨ ਦੇ ਅੰਦਰ ਨਹੀਂ ਹੁੰਦੀ। ਮੇਲੀ ਬਣ ਕੇ ਰਹਿਣ ਦੀ ਇੱਛਾ ਰੱਖਣ ਵਾਲੇ ਸ਼ਿਕਾਗੋ ‘ਚ ਵਸਦੇ ਤਿੰਨ ਮੇਲੀ ਹਨ, ਲਖਬੀਰ ਸਿੰਘ ਲੱਕੀ ਸਹੋਤਾ, ਡਾ. ਹਰਜਿੰਦਰ ਸਿੰਘ ਖਹਿਰਾ ਤੇ ਮੁਖਤਿਆਰ ਸਿੰਘ ਹੈਪੀ ਹੀਰ ਜੋ ਮੇਲੀ ਹੀ ਨਹੀਂ ਬੇਲੀ ਵੀ ਹਨ ਤੇ ਹਨ ਵੀ ਤੂਤ ਦੀ ਗੇਲੀ ਵਰਗੇ। ਮੇਲਾ ਚਾਹੇ ਗੀਤ-ਸੰਗੀਤ ਦਾ ਹੋਵੇ, ਖੇਡਾਂ ਦਾ ਹੋਵੇ, ਮਿਲਣੀ ਰਾਜਨੀਤਕ ਲੋਕਾਂ ਦੀ ਹੋਵੇ, ਪੰਜਾਬ ‘ਚ ਕਿਸੇ ਦੀ ਮਦਦ ਕਰਨੀ ਹੋਵੇ, ਚੰਗੀ ਸ਼ਖ਼ਸੀਅਤ ਦੀ ਆਓ ਭਗਤ ਕਰਨੀ ਹੋਵੇ ਤਾਂ ਇਹ ਤਿੰਨੇ ਈ ਬੇਲੀ ਦਿਲ ਵੀ ਵੱਡਾ ਦਿਖਾਉਂਦੇ ਹਨ, ਜੇਬ ਦਾ ਮੂੰਹ ਵੀ ਖੋਲ੍ਹ ਲੈਂਦੇ ਹਨ ਤੇ ਜਿਹੜੇ ਇਹ ਕਹਿਣ ਕਿ ਅਮਰੀਕਾ ‘ਚ ਕਿਸੇ ਕੋਲ ਸਮਾਂ ਨਹੀਂ, ਉਹ ਇਨ੍ਹਾਂ ਮੇਲੀਆਂ ਨੂੰ ਇਕ ਵਾਰ ਜ਼ਰੂਰ ਮਿਲਣ ਤਾਂ ਉਨ੍ਹਾਂ ਦਾ ਇਹ ਭੁਲੇਖਾ ਵੀ ਕੱਢ ਦੇਣਗੇ। ਸੁੱਖ ਨਾਲ ਕਾਰੋਬਾਰ ਵੀ ਤਿੰਨਾਂ ਦੇ ਚੰਗੇ ਹਨ, ਜੀਵਨ ਵੀ ਮਨੋਰੰਜਨ ਭਰਪੂਰ ਹੈ ਤੇ ਆਪੋ-ਆਪਣੇ ਕੰਮਕਾਰ ਪ੍ਰਤੀ ਵੀ ਪੂਰੇ ਜ਼ਿੰਮੇਵਾਰ ਹਨ। ਗੱਲ ਇੱਥੇ ਲਖਬੀਰ ਸਿੰਘ ਲੱਕੀ ਸਹੋਤਾ ਦੀ ਕਰਾਂਗਾ। ਸਿਆਣੇ ਕਹਿੰਦੇ ਹਨ ਕਿ ਜਿਨ੍ਹਾਂ ਦੀ ਸੋਚ ਚੰਗੀ, ਦ੍ਰਿਸ਼ਟੀ ਵਿਸ਼ਾਲ ਤੇ ਮਿਹਨਤੀ ਸੁਭਾਅ ਹੋਵੇ, ਸਫਲਤਾ ਉਨ੍ਹਾਂ ਦੇ ਘਰੇ ਜੀ ਆਇਆਂ ਨੂੰ ਆਪ ਕਹਿਣ ਆਉਂਦੀ ਹੈ। ਲਖਬੀਰ ਸਿੰਘ ਲੱਕੀ ਸਹੋਤਾ ਚੰਗਾ ਕਾਰੋਬਾਰੀ ਹੈ, ਚਾਰ ਪੈਸਿਆਂ ਵਾਲਾ ਹੈ, ਦਾਨੀ ਤੇ ਲੋੜਵੰਦ ਦੇ ਕੰਮ ਆਉਣ ਵਾਲੇ ਸੁਭਾਅ ਦਾ ਮਾਲਕ ਹੈ। ਅਮਰੀਕਾ ਦੇ ਪੰਜਾਬੀ ਭਾਈਚਾਰੇ ‘ਚ ਖੁੱਲ੍ਹ ਕੇ ਵਿਚਰਦਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਹਦੇ ਅੰਗ-ਸੰਗ ਰਹਿਣ ਵਾਲਿਆਂ ‘ਚੋਂ ਵੀ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਉਹਦਾ ਕਾਰੋਬਾਰ ਕੀ ਹੈ? ਪਰ ਸੁੱਖ ਨਾਲ ਉਹਦਾ ਨਿਵੇਕਲਾ ਕਾਰੋਬਾਰ ਹੈ। ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਉਹ ਪੰਜਾਬੀਆਂ ਦਾ ਨਹੀਂ ਗੋਰਿਆਂ ਦਾ ਵੀ ‘ਬੌਸ’ ਹੈ।
ਲਖਬੀਰ ਸਿੰਘ ਦੀ ਸਾਰੀ ਪਰਵਰਿਸ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਲਾਗਲੇ ਪਿੰਡ ਭਰੋ ਮਜਾਰਾ ਰਾਣੂੰਆਂ (ਬਹਿਰਾਮ ਨੇੜੇ) ਨਾਨਕੇ ਪਿੰਡ ਹੋਈ ਹੈ। ਉਹਦੇ ਨਾਨਾ ਜ਼ੈਲਦਾਰ ਅਜੀਤ ਸਿੰਘ ਪਟਵਾਰੀ ਨੂੰ ਸਾਰਾ ਇਲਾਕਾ ਜਾਣਦਾ ਸੀ। ਪਿਤਾ ਸ. ਝਲਮਣ ਸਿੰਘ ਸਹੋਤਾ ਤੇ ਮਾਂ ਹਰਬੰਸ ਕੌਰ ਦਾ ਲਾਡਲਾ ਪੁੱਤ ਲੱਕੀ ਸਹੋਤਾ ਆਪਣੇ ਮਸ਼ਕੂਲੇ ਵਾਲੇ ਸੁਭਾਅ ‘ਚ ਉਂਝ ਮਾਣ ਨਾਲ ਕਹੇਗਾ ‘ਜਿਨ੍ਹਾਂ ਪਰਿਵਾਰਾਂ ਦੀਆਂ ਜੜ੍ਹਾਂ ਚੰਗੀ ਵਿਰਾਸਤ ਤੇ ਇਤਿਹਾਸ ਵਾਲੀਆਂ ਹੋਣ, ਉਨ੍ਹਾਂ ਦੀਆਂ ਜੀਵਨ ਪੈੜਾਂ ਬਾਕੀਆਂ ਨਾਲੋਂ ਭਿੰਨ ਹੋਣਾ ਸੁਭਾਵਿਕ ਹੀ ਹੁੰਦਾ ਹੈ।’ ਨਾਨੀ ਅਮਰ ਕੌਰ ਦੇ ਧਾਰਮਿਕ ਪ੍ਰਵਿਰਤੀ ਵਾਲੇ ਸਾਦੇ ਜੀਵਨ ਨੇ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਨੇੜੇ ਤਾਂ ਕੀ, ਪਤਾ ਹੀ ਨਹੀਂ ਲੱਗਣ ਦਿੱਤਾ ਕਿ ਇਹ ਹੁੰਦੇ ਕੀ ਹਨ। ਲਖਬੀਰ ਦੇ ਨਾਨਕੇ ਪਰਿਵਾਰ ‘ਚੋਂ ਸੂਬੇਦਾਰ ਮੇਜਰ ਕਿਸ਼ਨ ਸਿੰਘ ਜ਼ੈਲਦਾਰ ਮਾਣ ਹਨ ਤੇ ਸੂਬੇਦਾਰ ਮੇਜਰ ਸੁੰਦਰ ਸਿੰਘ ਢਿੱਲੋਂ ਨੇ ਪਹਿਲੇ ਸੰਸਾਰ ਯੁੱਧ ਵਿਚ ਮੂਹਰੇ ਹੋ ਕੇ ਹਿੱਕ ਡਾਹੀ ਸੀ। ਉਹਦੇ ਸਹੁਰਾ ਸ. ਕੁਲਦੀਪ ਸਿੰਘ ਢਿੱਲੋਂ ਚੰਗੇ ਪੁਲਿਸ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਨ।
ਪਰਿਵਾਰਕ ਸੰਬੰਧਾਂ ਦੀ ਖਿੱਚ ਹੀ ਸਹੋਤਾ ਨੂੰ 1996 ‘ਚ ਅਮਰੀਕਾ ਲੈ ਆਈ। ਉਹਦੇ ਇਨ੍ਹਾਂ ਗੁਣਾਂ ਦਾ ਬਹੁਤੀ ਵਾਰ ਹਵਾਲਾ ਦਿੱਤਾ ਜਾਂਦਾ ਹੈ ਕਿ ਉਹ ਇਸ ਮੁਲਕ ‘ਚ ਨੌਕਰ ਬਣ ਕੇ ਨਹੀਂ ਮਾਲਕ ਬਣ ਕੇ ਬਹੁਤਾ ਵਿਚਰਿਆ ਹੈ। ਪਹਿਲਾਂ ਆ ਕੇ ਛੇ ਕੁ ਮਹੀਨੇ ਉਸ ਨੇ ਟੈਕਸੀ ਚਲਾਈ ਤੇ ਫਿਰ ਗੈਸ ਸਟੇਸ਼ਨ ਲੈ ਲਿਆ। ਫਿਰ ਉਹ ਵੇਚਿਆ ਤਾਂ ਬੇਸਿਕ ਨੇਵੀ ਟਰੇਨਿੰਗ ਨੇਵੀ ਸੈਂਟਰ ਇਲਨੌਇਸ ਨਾਲ ਕੰਟਰੈਕਟ ਨਾਮ ਦੀ ਕੰਪਨੀ ਖੜ੍ਹੀ ਕਰਕੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਅਜਿਹਾ ਪੈਰ ਧਰਿਆ ਕਿ ਹੁਣ ਤੱਕ ਇਹਦੇ ‘ਚੋਂ ਹੀ ਰੱਜਵਾਂ ਰਿਜ਼ਕ ਕਮਾ ਕੇ ਜੀਵਨ ਨੂੰ ਖੁਸ਼ਹਾਲੀ ਦੀ ਬੁੱਕਲ ਵਿਚ ਲਪੇਟ ਲਿਆ ਹੈ। ਪਹਿਲਾਂ-ਪਹਿਲ ਆਪਣੇ ਭਰਾ ਜੱਸੀ ਸਹੋਤਾ ਨੂੰ ਨਾਲ ਲੈ ਕੇ ਕਾਰੋਬਾਰ ਚਲਾਇਆ ਤੇ ਇਸ ਵੇਲੇ ਇਕ ਸਫਲ ਤੇ ਖੁਸ਼ਹਾਲ ਕਾਰੋਬਾਰੀ ਵਜੋਂ ਜਾਣੇ ਜਾਂਦੇ ਲਖਬੀਰ ਸਿੰਘ ਸਹੋਤਾ ਦੀਆਂ ‘ਸੇਫਵੇਅ ਟਰਾਂਸਪੋਰਟੇਸ਼ਨ’ ਟਰਾਂਸਪੋਰਟ ਦੇ ਨਾਂਅ ਨਾਲ ਸੜਕਾਂ ‘ਤੇ ਦੌੜਦੀਆਂ ਕਰੀਬ 1050 ਬੱਸਾਂ ਉਸੇ ਦੀਆਂ ਹਨ, ਜੋ ਰੋਜ਼ਾਨਾ ਬੱਚਿਆਂ ਨੂੰ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਤੱਕ ਦਾ ਅਨੰਦਮਈ ਸਫ਼ਰ ਕਰਾਉਂਦੀਆਂ ਹਨ। ਇਨ੍ਹਾਂ ‘ਚ ਅੰਗਹੀਣ ਤੇ ਮੰਦਬੁੱਧੀ ਬੱਚਿਆਂ ਦੀ ਸਹੂਲਤ ਵਾਲੀਆਂ ਵਿਸ਼ੇਸ਼ ਬੱਸਾਂ ਵੀ ਹਨ। ਦਰਜਨਾਂ ਲੋਕੇਸ਼ਨਾਂ ‘ਤੇ ਰੋਜ਼ਾਨਾ ਉਸਦੀਆਂ ਬੱਸਾਂ ‘ਤੇ 1100 ਤੋਂ ਵੱਧ ਮੁਲਾਜ਼ਮ ਉਸ ਨਾਲ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਸਦੀਆਂ ਆਪਣੀਆਂ ਵਕਰਸ਼ਾਪਾਂ ‘ਤੇ ਪਾਰਕਿੰਗ ਥਾਵਾਂ ਵੀ ਹਨ। ਵਾਲ ਉਹਦੇ ਸਿਰ ‘ਤੇ ਹੈ ਨਹੀਂ ਜਾਂ ਉਹ ਰੱਖਦਾ ਨਹੀਂ, ਇਹ ਤਾਂ ਲੱਕੀ ਨੂੰ ਪਤਾ ਹੋਵੇਗਾ, ਪਰ ਚਿਹਰਾ ਤੇ ਉਹਦਾ ਮਸਤਕ ਹਰ ਵੇਲੇ ਖਿੜੇ ਹੀ ਨਜ਼ਰੀਂ ਪੈਂਦੇ ਹਨ। ਨਿਮਰਤਾ ਨਾਲ ਵਿਚਰਨ ਵਾਲਾ ਲਖਬੀਰ ਸਿੰਘ ਮਿਲਣ ਵੇਲੇ ਇਸ ਕਾਰੋਬਾਰ ਦੇ ਅੰਦਰਲੇ ਭੇਦ ਲੁਕੋਈ ਹੀ ਰੱਖਦਾ ਹੈ। ਉਹ ਜਦੋਂ ਵੀ ਰੱਜ ਕੇ ਖੁਸ਼ ਹੁੰਦਾ ਹੈ ਤਾਂ ਕਹੇਗਾ ‘ਚੰਗੇ ਪੜ੍ਹੇ ਲਿਖੇ ਲੋਕਾਂ ‘ਚ ਵਿਚਰਦੇ ਹਾਂ, ਚੰਗਾ ਸਾਹਿਤ ਰੱਜ ਕੇ ਪੜ੍ਹਿਆ ਹੈ, ਸੋਫੀ ਹੋ ਕੇ ਵੀ ਪੀਣ ਵਾਲਿਆਂ ‘ਚ ਮੌਜਾਂ ਕਰੀਦੀਆਂ ਹਨ ਤੇ ਦੱਸੋ ਫਿਰ ਹੋਰ ਚਾਹੀਦਾ ਵੀ ਕੀ ਹੈ!’ ਉਹ ਆਪ ਵੀ ਇਕ ਵਧੀਆ ਕਹਾਣੀਕਾਰ ਹੈ। ਫ਼ਗਵਾੜਾ ਤੋਂ ਰਾਮਗੜ੍ਹੀਆ ਕਾਲਜ ਤੋਂ ਲਖਬੀਰ ਨੇ ਬੀ.ਏ. ਕੀਤੀ ਅਤੇ 2005 ‘ਚ ਕਮਲ ਸਹੋਤਾ ਨਾਲ ਵਿਆਹ ਕਰਵਾਇਆ। ਦੋ ਬੇਟੇ ਵਿਕਰਮਜੀਤ ਸਿੰਘ ਸਹੋਤਾ ਤੇ ਗੁਰਸਿਮਰਨ ਸਿੰਘ ਸਹੋਤਾ ਅਤੇ ਦੋ ਬੇਟੀਆਂ ਸਹਿਜੋਤਲੀਨ ਕੌਰ ਤੇ ਸਿਮਰਜੋਤ ਕੌਰ ਘਰ ਦੇ ਵਿਹੜੇ ਦੀ ਰੌਣਕ ਹਨ। ਰੱਜ ਕੇ ਸਬਰ ਸੰਤੋਖ ਵਾਲੇ ਲੱਕੀ ਸਹੋਤਾ ਨੇ ਹੱਥ ਅਮਰੀਕੀ ਰਾਸ਼ਟਰਪਤੀ ਬੁਸ਼ ਤੇ ਓਬਾਮਾ ਨਾਲ ਵੀ ਮਿਲਾਇਆ ਹੈ। ਜ਼ਿੰਦਗੀ ਨੂੰ ਉਸ ਨੇ ਰੱਜ ਕੇ ਮਾਣਿਆ ਹੈ। ਉਸ ਲਈ ਐਸ਼ ਕਰਨ ਦੇ ਅਰਥ ਮਿਹਨਤ ਕਰਨਾ, ਕਮਾਉਣਾ ਤੇ ਹੰਢਾਉਣਾ ਹੈ। ਅਮਰੀਕਾ ‘ਚ ਰਹਿ ਕੇ ਵੀ ਉਸਦੇ ਘਰ ਦਾ ਮਾਹੌਲ ਪੰਜਾਬ ਦੇ ਠੇਠ ਪੇਂਡੂ ਪਰਿਵਾਰਾਂ ਵਾਲਾ ਹੈ।
ਆਮ ਤੌਰ ‘ਤੇ ਕਹਿ ਦਿੰਦੇ ਹਾਂ ਕਿ ਮੱਥੇ ਤੋਂ ਪੜ੍ਹਿਆ ਨਹੀਂ ਜਾਂਦਾ ਪਰ ਲਖਬੀਰ ਸਹੋਤਾ ਦਾ ਹੱਸਦਾ ਚਿਹਰਾ, ਮੁਸਕਰਾਉਂਦੀਆਂ ਨਜ਼ਰਾਂ ਹਰ ਇਕ ਨੂੰ ਇਹ ਇਸ਼ਾਰਾ ਜ਼ਰੂਰ ਕਰ ਦਿੰਦੀਆਂ ਨੇ ਕਿ ਇਹ ਮਨੁੱਖ ਸਾਧਾਰਨ ਨਹੀਂ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਪੰਜਾਬੀਆਂ ਦੇ ਕਾਰੋਬਾਰ ‘ਚ ਤੇ ਅਮਰੀਕਾ ‘ਚ ਇਕ ਸਿਖ਼ਰ ਸਿਰਜ ਕੇ ਬੈਠਾ ਹੈ। ਉਹ ਕਿਹੜੀ ਥਾਂ ਹੁੰਦੀ ਹੈ ਜਿੱਥੇ ਮੇਲਾ ਲੱਗਣਾ ਹੋਵੇ, ਕੌਡੀ ਪੈਣੀ ਹੋਵੇ, ਕੋਈ ਰਾਜਨੀਤਕ ਨੇਤਾ ਆਇਆ ਹੋਵੇ, ਖਾਸ ਤੌਰ ‘ਤੇ ਸ਼ਿਕਾਗੋ ‘ਚ, ਲੱਕੀ ਸਹੋਤਾ ਕਦੇ ਗੈਰ ਹਾਜ਼ਰ ਨਹੀਂ ਹੁੰਦਾ। ਉਹਦੇ ਨਾਲ ਹੱਥ ਮਿਲਾ ਕੇ ਕੁਝ ਲੋਕ ਇਹ ਅਨੁਭਵ ਕਰਨ ਲੱਗਦੇ ਹਨ ਕਿ ਸ਼ਾਇਦ ਉਹਦੀਆਂ ਲਕੀਰਾਂ ਦਾ ਕੁਝ ਰੰਗ ਸਾਨੂੰ ਵੀ ਚੜ੍ਹ ਗਿਆ ਹੋਵੇ।
ਸ਼ਿਕਾਗੋ ‘ਚ ਲਖਬੀਰ ਸਿੰਘ ਲੱਕੀ ਸਹੋਤਾ ਇਸ ਵੇਲੇ ਪੰਜਾਬ ਕਲਚਰਲ ਸੁਸਾਇਟੀ ਦਾ ਚੇਅਰਮੈਨ ਤੇ ਪੰਜਾਬ ਸਪੋਰਟਸ ਕਲੱਬ ਦਾ ਪ੍ਰਧਾਨ ਹੈ। ਪੰਜਾਬੀ ਬੋਲੀ, ਸੰਸਕਾਰ, ਚਾਅ, ਖੇਡਾਂ ਤੇ ਗੀਤ-ਸੰਗੀਤ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਣ ਲਈ ਯਤਨਸ਼ੀਲ 54 ਵਰ੍ਹਿਆਂ ਦੇ ਲਖਬੀਰ ਸਿੰਘ ਲੱਕੀ ਸਹੋਤਾ ਦੀ ਦਿਲੀ ਇੱਛਾ ਵਕੀਲ ਬਣਨ ਦੀ ਸੀ, ਪਰ ਉਹ ਸਫਲ ਕਾਰੋਬਾਰੀ ਬਣ ਕੇ ਖੁਸ਼ ਹੈ ਅਤੇ ਸੰਤੁਸ਼ਟ ਵੀ।
ਭਾਈ ਵੀਰ ਸਿੰਘ ਦੇ ਕਹਿਣ ਵਾਂਗ
‘ਸੰਝ ਹੋਈ ਢਲ ਗਏ ਪ੍ਰਛਾਵੇਂ,
ਕਿਉਂ ਇਛਾਵਲ ਤੂੰ ਜਾਰੀ…’
ਜ਼ਿੰਦਗੀ ਦੀ ਸ਼ਾਮ ਹੋਣ ਤੱਕ ਉਹ ਵਗਦਾ ਰਹਿਣਾ ਚਾਹੁੰਦਾ ਹੈ ਤੇ ਜਦੋਂ ਬਹੁਤ ਪ੍ਰਸੰਨ ਹੋਵੇ ਤਾਂ ਉਹ ਅਕਸਰ ਇਹ ਗੱਲ ਵੀ ਕਹਿੰਦਾ ਹੈ ਕਿ ‘ਬਹਾਰਾਂ ਯਾਰਾਂ ਨਾਲ’ ਹੀ ਹੁੰਦੀਆਂ ਹਨ ਤੇ ਇਹ ਮਾਣ ਵੀ ਲੈਣੀਆਂ ਹੀ ਚਾਹੀਦੀਆਂ ਹਨ।

Writer: S Ashok Bhoura

Total Views: 218 ,
Real Estate