
ਪੰਜਾਬ ਸਰਕਾਰ ਨੇ ਮੁਹਾਲੀ ਹਵਾਈ ਅੱਡੇ ’ਤੇ ਸ਼ਰਾਬ ਦੀਆਂ ਦੁਕਾਨਾਂ ਚਲਾਉਣ ਲਈ ਲਾਇਸੈਂਸ ਫ਼ੀਸ 10 ਲੱਖ ਰੁਪਏ ਤੋਂ ਵਧਾ ਕੇ 6 ਕਰੋੜ ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ 4 ਕਰੋੜ ਰੁਪਏ ਕਰ ਦਿੱਤੀ ਹੈ। ਖਬਰਾਂ ਅਨੁਸਾਰ ਆਬਕਾਰੀ ਅਤੇ ਕਰ ਵਿਭਾਗ ਨੇ 5 ਮਈ ਨੂੰ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਵਿੱਚ ਸੋਧ ਕਰ ਦਿੱਤੀ ਹੈ, ਜਿਸ ਮਗਰੋਂ ਹੁਣ ਹਵਾਈ ਅੱਡਿਆਂ ’ਤੇ ਲਾਇਸੈਂਸ ਫ਼ੀਸ ਵਿੱਚ ਵਾਧਾ ਕੀਤਾ ਗਿਆ ਹੈ। ਨਵੇਂ ਫ਼ੈਸਲੇ ਅਨੁਸਾਰ ਮੁਹਾਲੀ ਹਵਾਈ ਅੱਡੇ ’ਤੇ ਅਰਾਈਵਲ ਟਰਮੀਨਲ ਵਾਲੀ ਸ਼ਰਾਬ ਦੁਕਾਨ ਦੀ ਲਾਇਸੈਂਸ ਫ਼ੀਸ ਢਾਈ ਕਰੋੜ ਤੇ ਡਿਪਾਰਚਰ ਟਰਮੀਨਲ ਵਾਲੀ ਦੁਕਾਨ ਦੀ ਫ਼ੀਸ 3.50 ਕਰੋੜ ਰੁਪਏ ਨਿਰਧਾਰਿਤ ਕਰ ਦਿੱਤੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਅਰਾਈਵਲ ਟਰਮੀਨਲ ਵਾਲੀ ਦੁਕਾਨ ਦੀ ਲਾਇਸੈਂਸ ਫ਼ੀਸ 1.60 ਕਰੋੜ ਤੇ ਡਿਪਾਰਚਰ ਟਰਮੀਨਲ ਵਾਲੀ ਦੁਕਾਨ ਦੀ ਫ਼ੀਸ 2.40 ਕਰੋੜ ਰੁਪਏ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ ਸੂਹ ਮਿਲੀ ਸੀ ਕਿ ਜਿਨ੍ਹਾਂ ਸੂਬਿਆਂ ਵਿੱਚ ਸ਼ਰਾਬ ’ਤੇ ਪਾਬੰਦੀ ਹੈ ਜਾਂ ਫਿਰ ਕਈ ਬਰਾਂਡਾਂ ’ਤੇ ਆਬਕਾਰੀ ਡਿਊਟੀ ਜ਼ਿਆਦਾ ਹੈ, ਉਨ੍ਹਾਂ ਸੂਬਿਆਂ ਵਿੱਚ ਪੰਜਾਬ ਦੇ ਹਵਾਈ ਅੱਡਿਆਂ ’ਤੋਂ ਇਨ੍ਹਾਂ ਬਰਾਂਡਾਂ ਵਾਲੀ ਸਸਤੀ ਸ਼ਰਾਬ ਜਾ ਰਹੀ ਸੀ। ਮਿਸਾਲ ਵਜੋਂ ਇੱਕ ਖ਼ਾਸ ਵਿਦੇਸ਼ੀ ਸ਼ਰਾਬ ਦੀ ਬੋਤਲ ਦੀ ਕੀਮਤ ਚੰਡੀਗੜ੍ਹ ਹਵਾਈ ਅੱਡੇ ’ਤੇ 2200 ਰੁਪਏ ਹੈ, ਪਰ ਇਸੇ ਬਰਾਂਡ ਦੀ ਮੁੰਬਈ ਵਿੱਚ ਕੀਮਤ ਛੇ ਹਜ਼ਾਰ ਰੁਪਏ ਹੈ। ਇਸ ਤਰ੍ਹਾਂ ਇੱਕ ਹੋਰ ਪ੍ਰਸਿੱਧ ਬਰਾਂਡ ਦੀ ਚੰਡੀਗੜ੍ਹ ਹਵਾਈ ਅੱਡੇ ’ਤੇ ਕੀਮਤ 4300 ਰੁਪਏ ਤੇ ਚੇਨੱਈ ਵਿੱਚ 9500 ਰੁਪਏ ਹੈ। ਇੱਕ ਯਾਤਰੀ ਉਡਾਣ ਸਮੇਂ ਘਰੇਲੂ ਹਵਾਈ ਅੱਡੇ ਤੋਂ ਸ਼ਰਾਬ ਦੀਆਂ ਚਾਰ ਬੋਤਲਾਂ ਲਿਜਾ ਸਕਦਾ ਹੈ।



















