ਇਸਲਾਮਾਬਾਦ ਹਾਈ ਕੋਰਟ ’ਚ ਅੱਜ ਪੇਸ਼ੀ ਮਗਰੋਂ ਰਿਹਾਅ ਹੋਣਗੇ ਇਮਰਾਨ ਖਾਨ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਨੂੰ ‘ਗੈਰਕਾਨੂੰਨੀ’ ਐਲਾਨ ਦਿੱਤਾ ਹੈ। ਸਿਖਰਲੀ ਕੋਰਟ ਨੇ ਖ਼ਾਨ ਨੂੰ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਉਮਰ ਅਤਾ ਬੰਡਿਆਲ, ਜਸਟਿਸ ਮੁਹੰਮਦ ਅਲੀ ਮਜ਼ਹਰ ਤੇ ਜਸਟਿਸ ਅਤਹਰ ਮਿਨਅੱਲ੍ਹਾ ਦੀ ਸ਼ਮੂਲੀਅਤ ਵਾਲੇ ਤਿੰਨ ਮੈਂਬਰੀ ਬੈਂਚ ਨੇ ਉਪਰੋਕਤ ਫੈਸਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ (ਇਮਰਾਨ ਖ਼ਾਨ) ਦੀ ਪਟੀਸ਼ਨ ’ਤੇ ਸੁਣਾਇਆ ਹੈ, ਜਿਸ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ’ਚੋਂ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ। ਬੈਂਚ ਨੇ ਪੈਰਾ-ਮਿਲਟਰੀ ਰੇਂਜਰਾਂ ਵੱਲੋਂ ਖ਼ਾਨ ਨੂੰ ਹਿਰਾਸਤ ਵਿੱਚ ਲੈਣ ਦੇ ਢੰਗ ਤਰੀਕੇ ’ਤੇ ਵੀ ਗੁੱਸਾ ਜਤਾਇਆ। ਖ਼ਾਨ ਨੂੰ ਸਖ਼ਤ ਸੁਰੱਖਿਆ ਪਹਿਰੇ ਬੀਤੇ ਕੱਲ੍ਹ ਸ਼ਾਮੀਂ ਚਾਰ ਵਜੇ ਦੇ ਕਰੀਬ ਕੋਰਟ ਰੂਮ ਵਿੱਚ ਲਿਆਂਦਾ ਗਿਆ। ਚੀਫ਼ ਜਸਟਿਸ ਬੰਡਿਆਲ ਨੇ ਇਮਰਾਨ ਨੂੰ ਕਿਹਾ, ‘‘ਤੁਹਾਨੂੰ ਵੇਖ ਕੇ ਖ਼ੁਸ਼ੀ ਹੋਈ।’’ ਕੋਰਟ ਨੇ ਸੰਖੇਪ ਸੁਣਵਾਈ ਮਗਰੋਂ ਖ਼ਾਨ ਦੀ ਗ੍ਰਿਫਤਾਰੀ ਨੂੰ ‘ਗੈਰਕਾਨੂੰਨੀ’ ਐਲਾਨਦਿਆਂ ਸਾਬਕਾ ਪ੍ਰਧਾਨ ਮੰਤਰੀ ਨੂੰ ਫੌਰੀ ਰਿਹਾਅ ਕਰਨ ਦੇ ਹੁਕਮ ਦਿੱਤੇ। ਕੋਰਟ ਨੇ ਖ਼ਾਨ ਨੂੰ ਹਦਾਇਤ ਕੀਤੀ ਕਿ ਉਹ ਭਲਕੇ (ਸ਼ੁੱਕਰਵਾਰ ਨੂੰ) ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ ਹੋ ਕੇ ਉਨ੍ਹਾਂ ਕੋਲ ਉਪਲਬਧ ਕਾਨੂੰਨੀ ਵਿਕਲਪਾਂ ’ਤੇ ਵਿਚਾਰ ਕਰਨ। ਸੀਜੇਆਈ ਬੰਡਿਆਲ ਨੇ ਕਿਹਾ, ‘‘ਹਾਈ ਕੋਰਟ ਜੋ ਵੀ ਫੈਸਲਾ ਕਰੇਗੀ, ਤੁਹਾਨੂੰ ਉਹ ਮੰਨਣਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਯਕੀਨੀ ਬਣਾਉਣਾ ਹਰੇਕ ਸਿਆਸਤਦਾਨ ਦੀ ਜ਼ਿੰਮੇਵਾਰੀ ਹੈ।
ਕੋਰਟ ਨੇ 90 ਤੋਂ 100 ਰੇਂਜਰਾਂ ਦੇ ਕੋਰਟ ਅਹਾਤੇ ਵਿਚ ਦਾਖਲ ਹੋਣ ਦਾ ਵੀ ਨੋਟਿਸ ਲਿਆ। ਚੀਫ਼ ਜਸਟਿਸ ਨੇ ਕਿਹਾ, ‘‘ਜੇਕਰ ਕੋਰਟ ਦੇ ਅਹਾਤੇ ਵਿੱਚ 90 ਵਿਅਕਤੀ ਦਾਖ਼ਲ ਹੋ ਜਾਣ ਤਾਂ ਫਿਰ ਕੋਰਟ ਦੀ ਕੀ ਮਰਿਆਦਾ ਰਹਿ ਜਾਂਦੀ ਹੈ?’’ ਉਨ੍ਹਾਂ ਕਿਹਾ ਕਿ ਕੌਮੀ ਇਹਤਸਾਬ ਬਿਊਰੋ ਨੇ ‘ਕੋਰਟ ਦੀ ਹੱਤਕ’ ਕੀਤੀ ਹੈ ਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਰਟ ਰਜਿਸਟਰਾਰ ਤੋਂ ਇਜਾਜ਼ਤ ਲੈਣੀ ਬਣਦੀ ਸੀ।

Total Views: 216 ,
Real Estate