![]()
ਕੀਰਤਪੁਰ ਸਾਹਿਬ ਦੇ ਪੁਰਾਣੇ ਬਸ ਅੱਡੇ ਅਤੇ ਏਸੀਸੀ ਡੰਪ ਨੇੜੇ ਭਾਖੜਾ ਨਹਿਰ (ਨੰਗਲ ਹਾਈਡਲ ਚੈਨਲ ਨਹਿਰ) ‘ਤੇ 767 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਸਟੀਲ ਦਾ ਪੁਲ ਬਣਾਉਣ ਲਈ ਤਿਆਰ ਕੀਤੇ ਆਰਜ਼ੀ ਢਾਂਚੇ ਦਾ ਅੱਧਾ ਹਿੱਸਾ ਹਾਈਡਰਾ ਹਾਈਡ੍ਰੌਲਿਕ ਕਰੇਨ ਦਾ ਪਾਈਪ ਲੀਕ ਹੋਣ ਕਾਰਨ ਭਾਖੜਾ ਨਹਿਰ ਵਿੱਚ ਡਿੱਗ ਗਿਆ, ਪਰ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਨਿਰਮਾਣ ਅਧੀਨ ਸਟੀਲ ਦੇ ਪੁਲ ਦਾ ਆਰਜ਼ੀ ਢਾਂਚਾ ਜਿਸ ਦੇ ਸਹਾਰੇ ਸਟੀਲ ਦੇ ਪੁਲ ਨੂੰ ਨਹਿਰ ਦੇ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਲਿਜਾਇਆ ਜਾਣਾ ਸੀ, ਦੇ ਭਾਖੜਾ ਨਹਿਰ ਵਿੱਚ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਬੀਬੀਐੱਮਬੀ ਦੇ ਉੱਚ ਅਧਿਕਾਰੀ, ਲੋਕ ਨਿਰਮਾਣ ਵਿਭਾਗ ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕਾ ਦੇਖਣ ਲਈ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੇ ਕਿਹਾ ਕਿ ਸਟੀਲ ਦਾ ਪੁਲ ਤਾਂ ਲਾਂਚ ਵੀ ਨਹੀਂ ਹੋਇਆ। ਪੁਲ ਦਾ ਸਿਰਫ਼ ਆਰਜ਼ੀ ਢਾਂਚਾ ਜਿਸ ਨੂੰ ਅਸੀਂ ਲੋਹੇ ਦੇ ਐਂਗਲਾਂ ਤੇ ਗਾਰਡਰਾਂ ਦੀ ਸ਼ਟਰਿੰਗ ਵੀ ਕਹਿ ਸਕਦੇ ਹਾਂ ਜਿਸ ਦੇ ਸਹਾਰੇ ਪੁਲ ਨੂੰ ਨਹਿਰ ਉੱਪਰ ਪਾ ਕੇ ਆਰ-ਪਾਰ ਕੀਤਾ ਜਾਵੇਗਾ, ਦਾ ਅੱਧਾ ਹਿੱਸਾ ਹੀ ਭਾਖੜਾ ਨਹਿਰ ਵਿੱਚ ਝੁਕਿਆ ਹੈ। ਇਸ ਦੇ ਸਹਾਰੇ ਹੀ ਪੁਲ ਨੂੰ ਅੱਗੇ ਤੋਰਿਆ ਜਾਣਾ ਸੀ। ਇਸ ਨੂੰ ਠੇਕੇਦਾਰ ਵੱਲੋਂ ਜਲਦੀ ਠੀਕ ਕਰ ਕੇ ਕੰਮ ਮੁੜ ਚਾਲੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।



















