
ਰੂਸ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਨੇ ਕਰੈਮਲਿਨ ’ਤੇ ਦੋ ਡਰੋਨਾਂ ਨਾਲ ਹਮਲਾ ਕਰਨ ਦਾ ਯਤਨ ਕਰ ਕੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਰੂਸ ਨੇ ਕਿਹਾ ਹੈ ਕਿ ਰੂਸੀ ਫ਼ੌਜ ਤੇ ਸੁਰੱਖਿਆ ਬਲਾਂ ਨੇ ਡਰੋਨਾਂ ਨੂੰ ਡਿੱਗਣ ਤੋਂ ਪਹਿਲਾਂ ਹੀ ਨਾਕਾਮ ਕਰ ਦਿੱਤਾ। ਰੂਸੀ ਖ਼ਬਰ ਏਜੰਸੀਆਂ ਮੁਤਾਬਕ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਕਿਹਾ ਕਿ ਹਮਲੇ ਸਮੇਂ ਪੂਤਿਨ ਕਰੈਮਲਿਨ ਵਿਚ ਨਹੀਂ ਸਨ, ਤੇ ਰਿਹਾਇਸ਼ ਤੋਂ ਕੰਮ ਕਰ ਰਹੇ ਹਨ। ਕਰੈਮਲਿਨ ਮੁਤਾਬਕ ਪੂਤਿਨ ਸੁਰੱਖਿਅਤ ਹਨ ਤੇ ਉਨ੍ਹਾਂ ਦੇ ਕੰਮਾਂ ਦੀ ਸੂਚੀ ਵਿਚ ਕੋਈ ਬਦਲਾਅ ਨਹੀਂ ਹੈ। ਯੂਕਰੇਨ ਨੇ ਹਾਲੇ ਤੱਕ ਇਸ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੂਸ ਨੇ ਆਪਣੇ ਦਾਅਵੇ ਲਈ ਕੋਈ ਸਬੂਤ ਵੀ ਨਹੀਂ ਦਿੱਤਾ ਹੈ। ਰੂਸ ਮੁਤਾਬਕ 9 ਮਈ ਨੂੰ ਮਨਾਏ ਜਾਣ ਵਾਲੇ ‘ਵਿਕਟਰੀ ਡੇਅ’ ਤੋਂ ਪਹਿਲਾਂ ਪੂਤਿਨ ਦੀ ਹੱਤਿਆ ਦੀ ਸਾਜ਼ਿਸ਼ ਕੀਤੀ ਗਈ ਹੈ। ਪੇਸਕੋਵ ਨੇ ਕਿਹਾ ਕਿ ਫ਼ੌਜੀ ਪਰੇਡ ਮਿੱਥੇ ਸਮੇਂ ਉਤੇ ਹੋਵੇਗੀ। ਉਨ੍ਹਾਂ ਕਿਹਾ ਕਿ ਰੂਸ ਇਸ ਹਮਲੇ ਦਾ ‘ਜਦੋਂ ਤੇ ਜਿੱਥੇ ਚਾਹੇ ਜਵਾਬ’ ਦੇਣ ਦਾ ਹੱਕ ਰੱਖਦਾ ਹੈ। ਉਧਰ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਹੁਣ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਦੀ ਕੋਸ਼ਿਸ਼ ਮਗਰੋਂ ਹੁਣ ਰੂਸ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਹੈ। ਜ਼ੇਲੈਂਸਕੀ ਨੇ ਹਮਲੇ ਤੋਂ ਇਨਕਾਰ ਕੀਤਾ ਹੈ।



















