
ਬਰੈਂਪਟਨ ਦੇ 40 ਸਾਲਾ ਸਿਮਰਨਜੀਤ ਜੋ ਇਸ ਵੇਲੇ ਅਮਰੀਕਾ ਦੀ ਅਦਾਲਤ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਸਿਮਰਨਜੀਤ ਦੀ ਕੈਨੇਡਾ ਪੁਲਿਸ ਵਲੋਂ ਅਮਰੀਕਾ ਨੂੰ ਦਿੱਤੀ ਗਈ ਹਵਾਲਗੀ ਤੋਂ ਸਿਰਫ ਇੱਕ ਦਿਨ ਬਾਅਦ ਉਸ ‘ਤੇ ਗੈਰ-ਕਾਨੂੰਨੀ ਢੰਗ ਨਾਲ ਮਨੁੱਖੀ ਤਸਕਰੀ ਦਾ ਕੇਸ ਸ਼ੁਰੂ ਹੋ ਗਿਆ ਹੈ। ਕੈਨੇਡਾ ਪੁਲਿਸ ਵਲੋਂ ਬੀਤੇ ਵੀਰਵਾਰ ਅਮਰੀਕਾ ਦੇ ਹਵਾਲੇ ਕੀਤਾ ਗਿਆ ਹੈ ਤੇ ਯੂ ਐਸ ਫੇਡਰਲ ਕੋਰਟ ਵਿੱਚ ਉਸਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ‘ਤੇ ਦੋਸ਼ ਹਨ ਕਿ ਉਹ ਆਕਵੀਸੇਸਨ ਮੋਹਾਕ ਟੈਰੀਟਰੀ ਰਾਂਹੀ ਮਨੁੱਖੀ ਤਸਕਰੀ ਕਰਨ ਦਾ ਗੈਰ-ਕਾਨੂੰਨੀ ਕੰਮ ਕਰਦਾ ਸੀ।
ਇਹ ਕੇਸ ਉਦੋਂ ਸਾਹਮਣੇ ਆਇਆ ਹੈ ਜਦੋਂ ਜਦੋਂ ਸੈਂਟ ਲਾਰੇਂਸ ਨਦੀ ਵਿੱਚ 4 ਭਾਰਤੀ ਤੇ 4 ਰੋਮਾਨੀਅਨ ਮੂਲ ਦੇ ਨਾਗਰਿਕਾਂ ਦੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਸਿਮਰਨਜੀਤ ਸਿੰਘ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਕੈਨੇਡਾ-ਯੂਐਸ ਬਾਰਡਰ ਦੇ ਨਜਦੀਕੀ ਮੋਹਾਕ ਟੈਰੀਟਰੀ ਰਾਂਹੀ ਮਨੁੱਖੀ ਤਸਕਰੀ ਦੇ ਮਾਮਲੇ ‘ਚ ਉਸਦੇ ਤਾਰ ਜੁੜਦੇ ਨਜ਼ਰ ਆ ਰਹੇ ਹਨ। ਜਿੱਥੇ ਪੁਲਿਸ ਨੇ ਹੁਣ ਤੱਕ ਭਾਰਤੀ ਅਤੇ ਰੋਮਾਨੀਆ ਮੂਲ ਦੇ 80 ਦੇ ਕਰੀਬ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਉਸਨੂੰ ਕੈਨੇਡਾ ਅਮਰੀਕਾ ਬਾਰਡਰ ਪਾਰ ਕਰਵਾਉਣ ਲਈ ਸਿਮਰਨਜੀਤ ਸਿੰਘ ਨੇ $35,000 ਲਏ ਸਨ। ਇਸ ਤੋਂ ਇਲਾਵਾ ਹੋਰਾਂ ਕਈਆਂ ਨੇ $14,000 ਤੱਕ ਦੇਣ ਦੀ ਗੱਲ ਵੀ ਕਬੂਲੀ ਹੈ।



















