
ਪ੍ਰਯਾਗਰਾਜ ਦੀ ਐੱਮਪੀ-ਐੱਮਐੱਲਏ ਅਦਾਲਤ ਨੇ ਅਤੀਕ ਅਹਿਮਦ ਨੂੰ ਉਮੇਸ਼ ਪਾਲ ਅਗਵਾ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਵਾ ਕਾਂਡ ਦੇ ਸੱਤ ਹੋਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਹ ਉਹੀ ਉਮੇਸ਼ ਪਾਲ ਹਨ, ਜਿਨ੍ਹਾਂ ਦਾ ਪਿਛਲੇ ਮਹੀਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਸਾਲ 2005 ’ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ। ਉਮੇਸ਼ ਪਾਲ ਇਸ ਕਤਲ ਕਾਂਡ ਦੇ ਮੁੱਖ ਗਵਾਹ ਸਨ। 17 ਸਾਲ ਪਹਿਲਾਂ ਉਮੇਸ਼ ਪਾਲ ਨੂੰ ਅਗਵਾ ਕੀਤਾ ਗਿਆ ਸੀ। ਉਮੇਸ਼ ਪਾਲ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2006 ’ਚ ਅਤੀਕ ਅਹਿਮਦ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਅਗਵਾ ਕੀਤਾ ਸੀ। ਪੇਸ਼ੀ ਦੇ ਲਈ ਅਤੀਕ ਅਹਿਮਦ ਨੂੰ ਸੋਮਵਾਰ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਪ੍ਰਯਾਗਰਾਜ ਦੀ ਨੈਨੀ ਜੇਲ੍ਹ ਲਿਆਂਦਾ ਗਿਆ ਸੀ।
ਅਤੀਕ ਅਹਿਮਦ ਦਾ ਸਿਆਸੀ ਰਸੂਖ਼ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਕਤਲ, ਕਤਲ ਦੀ ਕੋਸ਼ਿਸ਼, ਅਗਵਾ ਕਰਨਾ, ਜਬਰੀ ਵਸੂਲੀ ਵਰਗੇ ਤਕਰੀਬਨ 100 ਤੋਂ ਵੀ ਵੱਧ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਦੋਸ਼ੀ ਅਤੀਕ ਅਹਿਮਦ 5 ਵਾਰ ਵਿਧਾਇਕ ਅਤੇ 1 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।ਅਤੀਕ ਅਹਿਮਦ ਦੇਸ਼ ਦੇ ਉਨ੍ਹਾਂ ਨੇਤਾਵਾਂ ’ਚੋਂ ਇੱਕ ਹਨ, ਜੋ ਕਿ ਅਪਰਾਧ ਦੀ ਦੁਨੀਆ ਤੋਂ ਨਿਕਲ ਕੇ ਰਾਜਨੀਤੀ ਦੀਆਂ ਗਲੀਆਂ ’ਚ ਆਏ ਹਨ। ਹਾਲਾਂਕਿ ਰਾਜਨੀਤੀ ’ਚ ਵੀ ਉਨ੍ਹਾਂ ਦੀ ਬਾਹੂਬਲੀ ਵਾਲੀ ਸਾਖ਼ ਬਰਕਰਾਰ ਰਹੀ ਹੈ ਅਤੇ ਉਹ ਸਮੇਂ-ਸਮੇਂ ’ਤੇ ਸੁਰਖੀਆਂ ਬਟੋਰਦੇ ਰਹੇ ਹਨ।
ਅਤੀਕ ਅਹਿਮਦ ਦਾ ਜਨਮ 1962 ’ਚ ਇਲਾਹਾਬਾਦ ’ਚ ਹੋਇਆ ਸੀ, ਜਿਸ ਨੂੰ ਕਿ ਮੌਜੂਦਾ ਸਮੇਂ ਪ੍ਰਯਾਗਰਾਜ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਤੀਕ ਦੇ ਪਿਤਾ ਫ਼ਿਰੋਜ਼ ਅਹਿਮਦ ਇਲਾਹਾਬਾਦ ’ਚ ਹੀ ਟਾਂਗਾ ਚਲਾਉਂਦੇ ਹੁੰਦੇ ਸਨ। ਚੋਣ ਪਰਚਿਆਂ ’ਚ ਅਤੀਕ ਅਹਿਮਦ ਨੇ ਆਪਣੇ ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ ਉਹ ਦਸਵੀਂ ਪਾਸ ਹਨ।ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਲ 1979 ’ਚ ਅਤੀਕ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਖਿਲਾਫ਼ ਅਪਰਾਧਿਕ ਮਾਮਲਿਆਂ ਦਾ ਇਹ ਸਿਲਸਿਲਾ ਜਾਰੀ ਰਿਹਾ।1992 ’ਚ ਇਲਾਹਾਬਾਦ ਪੁਲਿਸ ਨੇ ਅਤੀਕ ਅਹਿਮਦ ਦੇ ਕਥਿਤ ਅਪਰਾਧਾਂ ਦੀ ਇੱਕ ਸੂਚੀ ਜਾਰੀ ਕੀਤੀ ਅਤੇ ਫਿਰ ਦੱਸਿਆ ਕਿ ਉਨ੍ਹਾਂ ਵਿਰੁੱਧ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਤੋਂ ਇਲਾਵਾ ਬਿਹਾਰ ’ਚ ਵੀ ਕਤਲ, ਅਗਵਾ, ਜਬਰੀ ਵਸੂਲੀ ਆਦਿ ਦੇ ਲਗਭਗ ਚਾਰ ਦਰਜਨ ਮਾਮਲੇ ਦਰਜ ਹਨ।
ਅਤੀਕ ਅਹਿਮਦ ਦੇ ਵਿਰੁੱਧ ਜ਼ਿਆਦਾਤਰ ਮਾਮਲੇ ਇਲਾਹਾਬਾਦ ਜ਼ਿਲ੍ਹੇ ’ਚ ਹੀ ਦਰਜ ਹੋਏ ਹਨ।ਇੰਨੇ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਅਤੀਕ ਅਹਿਮਦ ਸਿਆਸਤ ’ਚ ਵੀ ਸਫਲਤਾ ਦੀ ਪੌੜੀ ਚੜ੍ਹਦੇ ਗਏ। ਉਨ੍ਹਾਂ ਨੇ ਪਹਿਲੀ ਵਾਰ ਸਾਲ 1989 ’ਚ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ ਅਤੇ ਜਿੱਤ ਵੀ ਦਰਜ ਕੀਤੀ ਸੀ।ਉਨ੍ਹਾਂ ਦੇ ਇਲਾਕੇ ’ਚ ਇਹ ਗੱਲ ਆਮ ਹੈ ਕਿ ਇਲਾਹਾਬਾਦ ਸ਼ਹਿਰ (ਪੱਛਮੀ) ਦੀ ਸੀਟ ਵੀ ਉਹ ਆਪਣੇ ਇਸੇ ਅਕਸ ਦੇ ਕਾਰਨ ਕਈ ਵਾਰ ਜਿੱਤੇ ਹਨ।ਅਤੀਕ ਅਹਿਮਦ ਇੱਕ ਵਾਰ ਇਲਾਹਾਬਾਦ ਦੀ ਫੂਲਪੁਰ ਸੀਟ ਤੋਂ ਸੰਸਦ ਮੈਂਬਰ ਵੀ ਬਣੇ ਸਨ।ਕਿਸੇ ਸਮੇਂ ਸਾਬਕਾ ਪੀਐੱਮ ਜਵਾਹਰਲਾਲ ਨਹਿਰੂ ਨੇ ਵੀ ਫੂਲਪੁਰ ਸੀਟ ਦੀ ਨੁਮਾਇੰਦਗੀ ਕੀਤੀ ਸੀ।ਪਹਿਲੀ ਚੋਣ ਜਿੱਤਣ ਤੋਂ ਬਾਅਦ ਸਮਾਜਵਾਦੀ ਪਾਰਟੀ ਨਾਲ ਨੇੜਤਾ ਵਧੀ ਅਤੇ ਅਤੀਕ ਅਹਿਮਦ ਸਪਾ ’ਚ ਸ਼ਾਮਲ ਹੋ ਗਏ।ਤਿੰਨ ਸਾਲ ਸਪਾ ’ਚ ਰਹਿਣ ਤੋਂ ਬਾਅਦ ਅਤੀਕ 1996 ’ਚ ਅਪਨਾ ਦਲ ’ਚ ਸ਼ਾਮਲ ਹੋ ਗਏ ਸਨ।ਸਾਲ 2002 ’ਚ ਅਤੀਕ ਅਹਿਮਦ ਨੇ ਇਲਾਹਾਬਾਦ (ਪੱਛਮੀ) ਸੀਟ ਤੋਂ ਪੰਜਵੀਂ ਵਾਰ ਵਿਧਾਨ ਸਭਾ ਚੋਣ ਜਿੱਤੀ। ਹਾਲਾਂਕਿ ਉਨ੍ਹਾਂ ਨੇ ਲੋਕ ਸਭਾ ਜਾਣਾ ਸੀ ਅਤੇ ਇਸ ਦੇ ਲਈ ਹੀ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਸਾਲ 2004 ’ਚ ਫੂਲਪੁਰ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਵੀ।



















