
ਸੂਰਤ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਕੇਸ ’ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਰਾਹੁਲ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ‘ਸਾਰੇ ਚੋਰਾਂ ਦਾ ਇਕੋ ਹੀ ਨਾਮ ਮੋਦੀ ਕਿਵੇਂ ਹੋ ਸਕਦਾ ਹੈ।’ ਜਦੋਂ ਫ਼ੈਸਲਾ ਸੁਣਾਇਆ ਗਿਆ ਤਾਂ ਰਾਹੁਲ ਗਾਂਧੀ ਅਦਾਲਤ ’ਚ ਹਾਜ਼ਰ ਸਨ। ਚੀਫ਼ ਜੁਡੀਸ਼ਲ ਮੈਜਿਸਟਰੇਟ ਐੱਚ ਐੱਚ ਵਰਮਾ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਆਈਪੀਸੀ ਦੀਆਂ ਧਾਰਾਵਾਂ 499 ਅਤੇ 500 ਤਹਿਤ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਪਰਲੀ ਅਦਾਲਤ ’ਚ ਅਪੀਲ ਦਾਖ਼ਲ ਕਰਨ ਲਈ 30 ਦਿਨ ਵਾਸਤੇ ਸਜ਼ਾ ਮੁਅੱਤਲ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਰਾਹੁਲ ਦੀ ਸੰਸਦ ਮੈਂਬਰੀ ’ਤੇ ਤਲਵਾਰ ਲਟਕ ਗਈ ਹੈ। ਜਨ ਪ੍ਰਤੀਨਿਧ ਐਕਟ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਦੋ ਸਾਲ ਜਾਂ ਵੱਧ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਸਜ਼ਾ ਦੀ ਤਰੀਕ ਤੋਂ ਅਯੋਗ ਠਹਿਰਾ ਦਿੱਤਾ ਜਾਂਦਾ ਹੈ ਅਤੇ ਉਹ ਸਜ਼ਾ ਭੁਗਤਣ ਮਗਰੋਂ ਹੋਰ ਛੇ ਸਾਲਾਂ ਲਈ ਚੋਣ ਲੜਨ ਦੇ ਅਯੋਗ ਹੁੰਦਾ ਹੈ। ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ ਸੂਰਤ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰਨਗੇ।


















