
ਤੁਰਕੀ ਤੇ ਸੀਰੀਆ ਵਿੱਚ ਆਏ ਪਿਛਲੇ ਇਕ ਦਹਾਕੇ ਦੇ ਸਭ ਤੋਂ ਵੱਧ ਤਬਾਹਕੁਨ ਭੂਚਾਲ ਤੋਂ 100 ਘੰਟੇ ਬਾਅਦ ਅੱਜ ਵੀ ਰਾਹਤ ਕਰਮੀਆਂ ਨੇ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿੱਚ ਦੱਬੇ ਕਈ ਲੋਕਾਂ ਨੂੰ ਜਿਊਂਦੇ ਬਾਹਰ ਕੱਢਿਆ। ਇਸ ਭੂਚਾਲ ਵਿੱਚ ਹੁਣ ਤੱਕ 20,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।ਬਚਾਅ ਕਰਮੀਆਂ ਵੱਲੋਂ ਬਚਾਏ ਗਏ ਵਿਅਕਤੀਆਂ ਵਿੱਚ ਛੇ ਰਿਸ਼ਤੇਦਾਰ ਸ਼ਾਮਲ ਹਨ ਜੋ ਕਿ ਇਕ ਛੋਟੀ ਜਿਹੀ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਸਨ। ਬਚਾਏ ਗਏ ਵਿਅਕਤੀਆਂ ਵਿੱਚ ਇਕ ਕਿਸ਼ੋਰ ਵੀ ਸ਼ਾਮਲ ਹੈ ਜੋ ਕਿ ਆਪਣੀ ਪਿਆਸ ਬੁਝਾਉਣ ਲਈ ਆਪਣਾ ਪਿਸ਼ਾਬ ਪੀਂਦਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਤੁਰਕੀ ਦੇ ਗਾਜ਼ੀਆਂਤੇਪ ਵਿੱਚ ਇਕ ਬੇਸਮੈਂਟ ’ਚ ਫਸੇ ਇਕ 17 ਸਾਲਾਂ ਦੇ ਅਦਨਾਨ ਮੁਹੰਮਦ ਕੋਰਕੁਟ ਨੂੰ ਬਾਹਰ ਕੱਢਿਆ ਗਿਆ। ਉਹ ਉੱਥੇ 94 ਘੰਟਿਆਂ ਤੋਂ ਫਸਿਆ ਹੋਇਆ ਸੀ ਤੇ ਉਸ ਨੂੰ ਜਿਊਂਦਾ ਰਹਿਣ ਲਈ ਆਪਣਾ ਪਿਸ਼ਾਬ ਵੀ ਪੀਣਾ ਪਿਆ। ਉਸ ਦਾ ਕਹਿਣਾ ਸੀ, ‘‘ਅੱਲ੍ਹਾ ਦਾ ਸ਼ੁਕਰ ਹੈ ਤੁਸੀਂ ਆ ਗਏ।’’ ਉਸ ਦੀ ਮਾਂ ਤੇ ਹੋਰਾਂ ਨੇ ਉਸ ਨੂੰ ਗਲੇ ਨਾਲ ਲਗਾਇਆ ਤੇ ਪਿਆਰ ਕੀਤਾ। ਲੜਕੇ ਦੀ ਮਾਂ ਨੇ ਕਿਹਾ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਸੁੱਤੀ ਨਹੀਂ ਹੈ। ਆਦੀਆਮਨ ਵਿੱਚ ਭੂਚਾਲ ਦੇ 105 ਘੰਟਿਆਂ ਬਾਅਦ ਬਚਾਅ ਕਰਮੀਆਂ ਨੇ ਚਾਰ ਸਾਲਾਂ ਦੇ ਯਾਗਿਜ਼ ਕੋਮਸੂ ਨੂੰ ਮਲਬੇ ਹੇਠਿਓਂ ਬਾਹਰ ਕੱਢਿਆ।ਇਸ ਦੌਰਾਨ ਕੁਝ ਤੁਰਕੀ ਟੈਲੀਵਿਜ਼ਨਾਂ ਵੱਲੋਂ ਇਨ੍ਹਾਂ ਬਚਾਅ ਕਾਰਜਾਂ ਦੀ ਲਾਈਵ ਕਵਰੇਜ ਵੀ ਕੀਤੀ ਗਈ। ਇਸ ਤਬਾਹਕੁਨ ਭੂਚਾਲ ਕਾਰਨ ਆਲੇ-ਦੁਆਲੇ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਢਹਿ-ਢੇਰੀ ਹੋਣ ਤੋਂ ਬਾਅਦ ਮਲਬੇ ਵਿੱਚ ਤਬਦੀਲ ਹੋ ਚੁੱਕੀਆਂ ਹਨ। ਹੈਬਰਤੁਰਕ ਟੀਵੀ ਨੇ ਦੱਸਿਆ ਕਿ ਬਚਾਅ ਕਰਮੀਆਂ ਨੂੰ ਇਸਕੰਦਰਨ ਵਿੱਚ ਨੌਂ ਵਿਅਕਤੀਆਂ ਇਕ ਉੱਚੀ ਇਮਾਰਤ ਦੇ ਮਲਬੇ ਹੇਠ ਦਬੇ ਹੋਣ ਬਾਰੇ ਪਤਾ ਲੱਗਾ ਸੀ ਅਤੇ ਉਨ੍ਹਾਂ ਨੇ ਇਕ ਮਹਿਲਾ ਸਣੇ ਛੇ ਵਿਅਕਤੀਆਂ ਨੂੰ ਬਾਹਰ ਕੱਢ ਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਉਂਝ ਤਾਂ ਫਸੇ ਹੋਏ ਲੋਕ ਇਕ ਹਫਤੇ ਤੋਂ ਵੱਧ ਜਿਊਂਦੇ ਰਹਿ ਸਕਦੇ ਹਨ ਪਰ ਇਸ ਜਮਾਉਣ ਵਾਲੀ ਠੰਢ ਵਿੱਚ ਬਚੇ ਹੋਏ ਲੋਕਾਂ ਦੇ ਲੱਭਣ ਦੀ ਸੰਭਾਵਨਾ ਘੱਟ ਹੀ ਹੈ। ਇਸ ਦੇ ਬਾਵਜੂਦ ਅੱਜ ਛੇ ਵਿਅਕਤੀਆਂ ਨੂੰ ਬਚਾਅ ਕੇ ਬਚਾਅ ਕਰਮੀਆਂ ਨੇ ਵੱਡੀ ਰਾਹਤ ਦਿੱਤੀ। ਖੇਤਰ ਵਿੱਚ ਕਬਰਿਸਤਾਨ ਪੂਰੀ ਤਰ੍ਹਾਂ ਭਰ ਜਾਣ ਕਾਰਨ ਕੁਝ ਸ਼ਹਿਰਾਂ ਵਿੱਚ ਗਲੀਆਂ ’ਚ ਲਾਸ਼ਾਂ ਕੰਬਲਾਂ, ਤਿਰਪਾਲਾਂ ਤੇ ਗਲੀਚਿਆਂ ’ਚ ਲਪੇਟੀਆਂ ਪਈਆਂ ਹਨ।ਕਾਹਰਾਮਾਨਮਾਰਸ ਵਿੱਚ ਇਕ ਸਪੋਰਟਸ ਹਾਲ ਨੂੰ ਮੁਰਦਾਘਰ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਥੇ ਰੱਖੀਆਂ ਲਾਸ਼ਾਂ ਦੀ ਲੋਕ ਪਛਾਣ ਕਰ ਰਹੇ ਹਨ।
Total Views: 158 ,
Real Estate



















