ਸਿੱਧੂ ਮੂਸੇਵਾਲਾ ‘ਤੇ ਸ਼ਾਇਰ ਜਾਵੇਦ ਅਖ਼ਤਰ ਨੇ ਕਿਹਾ- ਸੱਚ ਬੋਲਣ ਵਾਲੇ ਨੂੰ ਇਹੀ ਇਨਾਮ ਮਿਲਦਾ

ਅੰਮ੍ਰਿਤਸਰ ‘ਚ ਮਸ਼ਹੂਰ ਸ਼ਾਇਰ, ਲੇਖਕ ਤੇ ਸਕ੍ਰਿਪਟ ਰਾਈਟਰ ਜਾਵੇਦ ਅਖ਼ਤਰ ਸ਼ਨੀਵਾਰ ਨੂੰ ਪਹੁੰਚੇ। ਨਿੱਜੀ ਸਕੂਲ ਵਿੱਚ ਇਕ ਸੰਸਥਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਜਾਵੇਦ ਅਖ਼ਤਰ ਵੱਲੋਂ ਆਪਣੇ ਜੀਵਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਉਥੇ ਹੀ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਵੀ ਵੱਡੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜਿਹੜੇ ਇਨਸਾਨ ਸੱਚ ਬੋਲਦੇ ਹਨ ਅਕਸਰ ਹੀ ਉਨ੍ਹਾਂ ਨਾਲ ਅਜਿਹਾ ਹੁੰਦਾ ਹੈ। ਸਿੱਧੂ ਨੇ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਨਮਨ ਕਰਦੇ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਨ।
ਜਾਵੇਦ ਅਖ਼ਤਰ ਆਪਣੇ ‘ਤੇ ਕਿਤਾਬ ਲਿਖਣ ਵਾਲੀ ਲੇਖਿਕਾ ਬੇਗਮ ਮੁਨੀ ਅਖ਼ਤਰ ਨਾਲ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਬੇਗਮ ਮੁਨੀ ਵੱਲੋਂ ਲਿਖੀ ਗਈ ਕਿਤਾਬ ਜੋ ਕਿ ਜਾਵੇਦ ਅਖ਼ਤਰ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਬਾਇਓਗ੍ਰਾਫੀ ਹੈ, ਵੀ ਰਿਲੀਜ਼ ਕੀਤੀ ਗਈ। ਜਾਵੇਦ ਅਖ਼ਤਰ ਨੇ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਦੇ ਜੀਵਨ ਦੇ ਬਹੁਤ ਨਜ਼ਦੀਕੀ ਪਲਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਅਜੋਕੀ ਨੌਜਵਾਨ ਪੀੜ੍ਹੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜਕਲ੍ਹ ਦੀ ਪੀੜ੍ਹੀ ਪੁਰਾਣੀ ਪੀੜ੍ਹੀ ਵਾਂਗ ਗੱਲ ਨੂੰ ਘੁਮਾ-ਫਿਰਾ ਕੇ ਕਹਿਣ ਦੀ ਬਜਾਏ ਸਿੱਧੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਅੱਜ ਦੀ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਤੋਂ ਕਾਫੀ ਸਮਝਦਾਰ ਵੀ ਹੈ। ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੇਖਕ, ਸ਼ਾਇਰ ਦੀ ਕਲਾ ਦੀ ਕਦਰ ਕਰਨੀ ਚਾਹੀਦੀ ਹੈ, ਨਾ ਕਿ ਇਸ ਨੂੰ ਕੋਈ ਵਿਹਲਾ ਕੰਮ ਸਮਝਣਾ ਚਾਹੀਦਾ ਚਾਹੀਦਾ ਹੈ।

Total Views: 64 ,
Real Estate