ਚਰਚਾ ਤੇ ਚਿੰਤਾ : ਭਾਜਪਾ ਦੇ ਰਾਜ ਦੌਰਾਨ ਔਰਤਾਂ ਨਾਲ ਹੋ ਰਹੀਆਂ ਨੇ ਵਧੀਕੀਆਂ


ਬਲਵਿੰਦਰ ਸਿੰਘ ਭੁੱਲਰ

ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵੱਲੋਂ ‘ਬੇਟੀ ਬਚਾਓ’ ਦਾ ਨਾਅਰਾ ਹੀ ਨਹੀਂ ਦਿੱਤਾ ਗਿਆ, ਬਲਕਿ ਉਸਤੇ ਪਹਿਰਾ ਦਿੰਦਿਆਂ ਔਰਤਾਂ ਦੀ ਸੁਰੱਖਿਆ ਦੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ। ਪਰ ਔਰਤਾਂ ਨਾਲ ਦੇਸ਼ ਵਿੱਚ ਕੀ ਹੋ ਰਿਹਾ ਹੈ? ਇਹ ਭਾਰੀ ਚਿੰਤਾ ਤੇ ਨਿਰਾਸ਼ਾ ਵਾਲਾ ਵਿਸ਼ਾ ਬਣ ਚੁੱਕਾ ਹੈ। ਸਾਲ 2023 ਚੜ੍ਹਦਿਆਂ ਹੀ ਜਦੋਂ ਨਵੇਂ ਸਾਲ ਦੀਆਂ ਸ਼ੁਭ ਇਛਾਵਾਂ ਮਿਲ ਰਹੀਆਂ ਸਨ, ਉਦੋਂ ਹੀ ਔਰਤਾਂ ਨਾਲ ਵਾਪਰੀਆਂ ਦੋ ਘਟਨਾਵਾਂ ਨੇ ਦੇਸ਼ ਵਾਸੀਆਂ ਦਾ ਸਿਰ ਨੀਵਾਂ ਕੀਤਾ ਹੈ। ਇਹਨਾਂ ਘਟਨਾਵਾਂ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿ ਇਹ ਸਾਲ ਔਰਤਾਂ ਲਈ ਕਿਹੋ ਜਿਹਾ ਹੋਵੇਗਾ।
ਪਹਿਲੀ ਘਟਨਾ ਹੈ ਭਲਵਾਨੀ ਵਿੱਚ ਦੇਸ਼ ਦਾ ਦੁਨੀਆਂ ਭਰ ਵਿੱਚ ਨਾਂ ਉੱਚਾ ਕਰਨ ਵਾਲੀਆਂ ਧੀਆਂ ਨੂੰ ਰਾਜਧਾਨੀ ਵਿਖੇ ਇਸ ਲਈ ਧਰਨਾ ਦੇਣਾ ਪਿਆ ਕਿ ਉਹਨਾਂ ਨਾਲ ਸਰੀਰਕ ਸੋਸਣ ਹੁੰਦਾ ਹੈ। ਜਿਸ ਲਈ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਨਾਂ ਵੀ ਸ਼ਾਮਲ ਹੈ। ਇਹ ਸਖ਼ਸ ਭਾਜਪਾ ਦਾ ਸੰਸਦ ਮੈਂਬਰ ਵੀ ਹੈ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਨੇ ਕੁੱਲ 22 ਮੈਡਲ ਹਾਸਲ ਕੀਤੇ ਸਨ, ਜਿਹਨਾਂ ਚੋਂ ਕੇਵਲ ਪਹਿਲਵਾਨਾਂ ਨੇ 12 ਮੈਡਲ ਜਿੱਤੇ। ਇੱਥੇ ਹੀ ਬੱਸ ਨਹੀਂ ਓਲੰਪਿਕ ਵਿੱਚ ਵੀ 7 ਮੈਡਲ ਹਾਸਲ ਕਰਕੇ ਦੇਸ਼ ਦਾ ਨਾਂ ਉੱਚਾ ਕੀਤਾ। ਅੱਜ ਉਹ ਭਲਵਾਨ ਕੁੜੀਆਂ ਨਿਰਾਸ਼ਾ ਦੇ ਆਲਮ ਵਿੱਚ ਹਨ।
ਇਹ ਮੈਡਲ ਹਾਸਲ ਕਰਨ ਵਾਲੀਆਂ ਦੇਸ਼ ਦੀਆਂ ਧੀਆਂ ਨਾਲ ਹੁੰਦਾ ਕੀ ਹੈ? ਇਸ ਬਾਰੇ ਉੱਘੀ ਭਲਵਾਨ ਵਿਨੇਸ ਫੋਗਾਟ ਨੇ ਦੱਸਿਆ ਸੀ ਕਿ ਫੈਡਰੇਸਨ ਦੇ ਅਹੁਦੇਦਾਰਾਂ ਵੱਲੋਂ ਕੁੜੀਆਂ ਨਾਲ ਉਹਨਾਂ ਬੰਦ ਕਮਰਿਆਂ ਵਿੱਚ ਸਰੀਰਕ ਸੋਸਣ ਹੁੰਦਾ ਹੈ, ਜਿੱਥੇ ਕੈਮਰੇ ਨਹੀਂ ਲੱਗੇ ਹੁੰਦੇ। ਉਸਨੇ ਦੱਸਿਆ ਕਿ ਪਿਛਲੇ ਵਰ੍ਹੇ ਦੇ ਅਕਤੂਬਰ ਵਿੱਚ ਉਸਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਸਭ ਕੁੱਝ ਦੱਸ ਦਿੱਤਾ ਸੀ ਕਿ
ਕਿਵੇਂ ਪਹਿਲਵਾਨ ਕੁੜੀਆਂ ਦਾ ਸਰੀਰਕ ਸੋਸਣ ਹੁੰਦਾ ਹੈ, ਉਹ ਡਰੀਆਂ ਹੋਈਆਂ ਹਨ।
ਅਜਿਹੀ ਜਾਣਕਾਰੀ ਦੇਣ ਉਪਰੰਤ ਵੀ ਇਸ ਮਾਮਲੇ ਬਾਰੇ ਕੁੱਝ ਨਹੀਂ ਕੀਤਾ ਗਿਆ। ਆਖ਼ਰ ਪਹਿਲਵਾਨਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਦੂਜੀ ਘਟਨਾ ਦਿੱਲੀ ਮਹਿਲਾ ਕਮਿਸਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਵਾਪਰੀ। ਉਹ ਸਵੇਰ ਸਮੇਂ ਆਪਣੀ ਟੀਮ ਸਮੇਤ ਰਾਜਧਾਨੀ ਵਿਖੇ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਖੜੀ ਸੀ। ਇੱਕ ਕਾਰ ਡਰਾਇਵਰ ਨੇ ਉਸ ਨੂੰ
ਗਲਤ ਇਸ਼ਾਰੇ ਕੀਤੇ, ਜਬਰੀ ਕਾਰ ਵਿੱਚ ਬਿਠਾਉਣ ਦਾ ਯਤਨ ਕੀਤਾ, ਛੇੜਛਾੜ ਕੀਤੀ ਅਤੇ ਕਈ ਮੀਟਰ ਤੱਕ ਕਾਰ ਨਾਲ ਘਸੀਟਦਾ ਗਿਆ। ਸਵਾਲ ਉਠਦਾ ਹੈ ਕਿ ਜੇਕਰ ਦੇਸ ਦੀ ਰਾਜਧਾਨੀ ਵਿੱਚ ਦਿੱਲੀ ਦੀ ਮਹਿਲਾ ਕਮਿਸਨ ਦੀ ਮੁਖੀ ਹੀ ਸੁਰੱਖਿਅਤ ਨਹੀਂ ਤਾਂ
ਆਮ ਔਰਤਾਂ ਕਿਵੇਂ ਸੁਰੱਖਿਆ ਵਿੱਚ ਯਕੀਨ ਰੱਖਣ।
ਇਹ ਦੋ ਘਟਨਾਵਾਂ ਤਾਂ ਸਾਲ ਦੇ ਸੁਰੂਆਤੀ ਦੌਰ ਦੀਆਂ ਹਨ, ਇਸਤੋਂ ਅੱਗੇ ਕੀ ਹੋਵੇਗਾ ਇਹ ਫਿਕਰ ਲੋਕਾਂ ਨੂੰ ਪਰੇਸਾਨ ਕਰ ਰਿਹਾ ਹੈ। ਲੋਕ ਮਹਿਸੂਸ ਕਰ ਰਹੇ ਹਨ ਕਿ ਭਾਜਪਾ ਦੇ ਰਾਜ ਵਿੱਚ ਹੀ ਔਰਤਾਂ ਨਾਲ ਵਧੇਰੇ ਅੱਤਿਆਚਾਰ, ਬਲਾਤਕਾਰ, ਛੇੜਛਾੜ, ਸਰੀਰਕ ਸੋਸਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਦੇਸ਼ ਭਰ ਦੇ ਅੰਕੜਿਆਂ ਤੇ ਨਿਗਾਹ ਮਾਰੀਏ ਤਾਂ ਰੋਜਾਨਾਂ 80 ਤੋਂ ਵੱਧ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਰਜਿਸਟਰਡ ਹਨ। ਇੱਜਤ ਰੁਲ੍ਹਣ ਜਾਂ ਇਨਸਾਫ ਮਿਲਣ ਦੀ ਉਮੀਦ ਨਾ ਹੋਣ ਸਦਕਾ ਇਸਤੋਂ ਕਈ ਗੁਣਾਂ ਵੱਧ ਘਟਨਾਵਾਂ ਦੱਬੀਆਂ ਹੀ ਰਹਿ ਜਾਂਦੀਆਂ ਹਨ। ਕੇਵਲ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2019 ਵਿੱਚ 32033 ਔਰਤਾਂ ਨਾਲ ਬਲਾਤਕਾਰ ਹੋਏ, 2020 ਵਿੱਚ 28046 ਔਰਤਾਂ ਅਤੇ 2021 ਵਿੱਚ 31677 ਔਰਤਾਂ ਨਾਲ ਬਲਾਤਕਾਰ ਹੋਏ। ਸਾਲ 2021 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੀ 1250 ਬਲਾਤਕਾਰ ਦੇ ਮਾਮਲੇਰਜਿਸਟਰਡ ਕੀਤੇ ਗਏ।
ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਦੌਰਾਨ ਗੈਂਗਰੇਪ ਦੇ ਮਾਮਲਿਆਂ ਦੀਆਂ ਵੀ ਦਿਲ ਹਿਲਾਊ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਜਿਹਨਾਂ ਵਿੱਚ ਹੈਦਰਾਬਾਦ ਵਿਖੇ 26 ਸਾਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਕਰਕੇ ਕਤਲ ਕਰਨ, ਉਨਾਵ ਰੇਪ ਕੇਸ ’ਚ 17 ਸਾਲਾ ਨਬਾਲਗਾ ਨਾਲ ਬਲਾਤਕਾਰ, ਹਾਥਰਸ ਵਿਖੇ 19 ਸਾਲਾ ਦਲਿਤ ਲੜਕੀ ਨਾਲ ਬਲਾਤਕਾਰ, ਕਠੂਆ ਵਿਖੇ 8 ਸਾਲਾ ਬੱਚੀ ਨਾਲ ਬਲਾਤਕਾਰ, ਗਾਜੀਆਵਾਦ ਗੈਂਗ ਰੇਪ ਕਾਂਡ ਤੇ ਪਟਨਾ ਗੈਂਗਰੇਪ ਕਾਂਡ ਵੱਡੀ ਚਰਚਾ ਦਾ ਵਿਸ਼ਾ ਰਹੇ ਹਨ।ਆਮ ਲੋਕਾਂ ਲਈ ਵੱਡੀ ਚਿੰਤਾ ਇਸ ਗੱਲੋਂ ਹੈ ਕਿ ਬਹੁਤ ਸਾਰੇ ਅਜਿਹੇ ਮਾਮਲਿਆਂ ਵਿੱਚ ਭਾਜਪਾ ਨਾਲ ਸਬੰਧਤ ਸੰਸਦ ਮੈਂਬਰਾਂ, ਵਿਧਾਇਕਾਂ ਜਾਂ ਅਹੁਦੇਦਾਰਾਂ ਦੀ ਸਮੂਲੀਅਤ ਸਾਹਮਣੇ ਆਈ ਹੈ। ਜੇਕਰ ਪਹਿਲਵਾਲ ਲੜਕੀਆਂ ਨਾਲ ਹੁੰਦੇ ਸਰੀਰਕ ਸੋਸਣ ਬਾਰੇ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਵੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਸ਼ਾਮਲ ਹਨ, ਜੋ ਕੁਸਤੀ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ। ਉਨਾਵ ਗੈਂਗਰੇਪ ਦਾ ਮੁੱਖ ਦੋਸ਼ੀ ਕੁਲਦੀਪ ਸੇਂਗਰ ਵੀ ਭਾਜਪਾ ਦਾ ਵਿਧਾਇਕ ਸੀ, ਜਿਸਤੇ ਅਜਿਹੇ 3 ਮਾਮਲੇ ਦਰਜ ਕੀਤੇ ਗਏ ਅਤੇ ਸੀ ਬੀ ਆਈ ਨੇ ਜਾਂਚ ਕੀਤੀ ਸੀ। ਇਸੇ ਪਾਰਟੀ ਦੇ ਆਗੂ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਮਯਾਨੰਦ ਦਾ ਨਾਂ ਉਸਦੇ ਲਾਅ ਕਾਲਜ ਦੀ ਇੱਕ  ਵਿਦਿਆਰਥਣ ਨਾਲ ਸਰੀਰਕ ਸੋਸਣ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਨਾਲ ਜੁੜਿਆ, ਜਿਸ ਸਬੰਧੀ
ਵੀਡੀਓ ਵਾਇਰਲ ਹੋਈ ਸੀ।
ਭਾਜਪਾ ਦੇ ਸਾਬਕਾ ਰਾਜ ਮੰਤਰੀ ਵਿਨੋਦ ਆਰਿਆ ਦਾ ਨਾਂ ਵੀ ਆਪਣੇ ਡਰਾਈਵਰ ਨਾਲ ਕੁਕਰਮ ਕਰਨ ਵਿੱਚ ਆਇਆ। ਉਹ ਮਾਲਿਸ ਕਰਨ ਦੇ ਬਹਾਨੇ ਡਰਾਈਵਰ ਨੂੰ ਆਪਣੇ ਘਰ ਬੁਲਾਉਂਦਾ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਤੇ ਜਬਰੀ ਕੁਕਰਮ ਕੀਤਾ। ਪੀੜ੍ਹਤ
ਵੱਲੋਂ ਸਿਕਾਇਤ ਦਰਜ ਕਰਵਾਉਣ ਤੇ ਪੜਤਾਲ ਕਰਕੇ ਇਸ ਆਗੂ ਤੇ ਹਰਦੁਆਰ ਦੇ ਜਵਾਲਾਪੁਰ ਥਾਨੇ ਵਿੱਚ ਕੁਕਰਮ ਕਰਨ ਸਬੰਧੀ ਮੁਕੱਦਮਾ ਦਰਜ ਹੋਇਆ। ਬਿਹਾਰ ਦੇ ਸ਼ਹਿਰ ਪਟਨਾ ਵਿੱਚ ਵੀ ਇੱਕ ਘਟਨਾ ਵਾਪਰੀ, ਜਿਸ ਵਿੱਚ ਸਾਬਕਾ ਵਿਧਾਇਕ ਗੁਲਾਬ ਯਾਦਵ ਤੇ
ਇੱਕ ਆਈ ਏ ਐੱਸ ਅਧਿਕਾਰੀ ਦਾ ਨਾਂ ਆਇਆ। ਇਹ ਵਿਧਾਇਕ ਤਾਂ ਭਾਵੇਂ ਆਰ ਜੇ ਡੀ ਪਾਰਟੀ ਦਾ ਸੀ, ਪਰ ਉੱਚ ਅਧਿਕਾਰੀ ਨਾਲ ਮਿਲ ਕੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਸਰਮਨਾਕ ਗੱਠਜੋੜ ਹੈ। ਇਸ ਮਾਮਲੇ ਸਬੰਧੀ ਵੀ ਮਹਿਲਾ ਥਾਨਾ ਪਟਨਾ ਵਿਖੇ ਮੁਕੱਦਮਾ
ਦਰਜ ਹੋਇਆ।
ਇਸੇ ਪੱਖ ਤੋਂ ਜੇਕਰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਦੇ ਕੇਸ ਨੂੰ ਵਾਚਿਆ ਜਾਵੇ, ਤਾਂ ਉਸਨੂੰ ਸਾਲ 2017 ਵਿੱਚ ਅਦਾਲਤ ਵੱਲੋਂ ਬਲਾਤਕਾਰ ਤੇ ਕਤਲ ਕੇਸ ਸਬੰਧੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਤੇ ਅਜੇ ਵੀ ਕਈ ਬੜੇ ਸੰਗੀਨ ਮੁਕੱਦਮੇ ਸੁਣਵਾਈ ਅਧੀਨ ਹਨ। ਹਰਿਆਣਾ ਦੀ ਭਾਜਪਾ ਦੀ ਸਰਕਾਰ ਉਸਨੂੰ ਵਿਸ਼ੇਸ਼ ਰਿਆਇਤ ਦੇ ਕੇ ਵਾਰ ਵਾਰ ਜੇਲ੍ਹ ਤੋਂ ਬਾਹਰ ਭੇਜ ਰਹੀ ਹੈ। ਦੇਸ਼ ਵਿੱਚ ਲੱਖਾਂ ਹੋਰ ਕੈਦੀ ਛੋਟੇ ਛੋਟੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਹਨ ਪਰ ਉਹਨਾਂ ਨੂੰ ਕੋਈ ਰਿਆਇਤ ਨਹੀਂ। ਸਜਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਭਖਿਆ ਹੋਇਆ ਹੈ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਸੱਚਾ ਸੌਦਾ ਮੁਖੀ
ਜਦ ਚਾਹੁੰਦਾ ਹੈ ਜੇਲ੍ਹ ਤੋਂ ਬਾਹਰ ਭੇਜ ਦਿੱਤਾ ਜਾਂਦਾ ਹੈ। ਕੀ ਇਹ ਬਲਾਤਕਾਰੀਆਂ ਦੇ ਪੱਖ ਵਿੱਚ ਨਹੀਂ ਹੈ?
ਪੰਜਾਬ ਵਿਚਲੇ ਜੇ ਛੇੜਛਾੜ ਸਬੰਧੀ ਕੇਸਾਂ ਦੀ ਗੱਲ ਕਰੀਏ ਅਕਾਲੀ ਸੰਸਦ ਮੈਂਬਰ ਸੇਰ ਸਿੰਘ ਘੁਬਾਇਆ ਅਤੇ ਸਾਬਕਾ ਅਕਾਲੀ ਮੰਤਰੀ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਸੁੱਚਾ ਸਿੰਘ ਲੰਗਾਹ ਤੇ ਔਰਤਾਂ ਨਾਲ ਛੇੜਛਾੜ ਜਾਂ ਬਲਾਤਕਾਰ ਦੇ ਦੋਸ਼ ਲੱਗੇ, ਉਸ ਸਮੇਂ ਵੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਸੀ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੇ ਛੇੜਛਾੜ ਦਾ ਦੋਸ਼ ਲੱਗਿਆ ਤਾਂ ਉਹ ਵੀ ਭਾਜਪਾ ਸਰਕਾਰ ਦਾ ਮੰਤਰੀ ਸੀ। ਜੇਕਰ ਕੇਂਦਰ ਵਿੱਚ ਭਾਜਪਾ ਸਰਕਾਰ ਦੇ ਸਾਰੇ ਰਾਜ ਕਾਲ ਨੂੰ ਫਰੋਲਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੀ ਗਿਣਤੀ ਸੈਂਕੜਿਆ ਵਿੱਚ ਪਹੁੰਚ ਜਾਵੇਗੀ।
ਕਿਸੇ ਦੇਸ ਤੇ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਤੋਂ ਆਮ ਲੋਕਾਂ ਨੇ ਸੇਧ ਲੈਣੀ ਹੁੰਦੀ ਹੈ। ਉਹਨਾਂ ਤੋਂ ਵੱਡੀਆਂ ਆਸ਼ਾਂ ਉਮੀਦਾਂ ਹੁੰਦੀਆਂ ਹਨ। ਲੋਕਾਂ ਨੂੰ ਨੇਤਾਵਾਂ ਤੇ ਵਿਸਵਾਸ਼ ਹੁੰਦਾ ਹੈ। ਸਰਕਾਰਾਂ ਦੇ ਸਿਰ ਤੇ ਜਨਤਾ ਨਿਧੜਕ ਹੋ ਕੇ ਵਿਚਰਦੀ ਹੈ, ਉਹਨਾਂ ਨੂੰ ਕੋਈ ਡਰ ਭੈਅ ਨਹੀਂ ਹੁੰਦਾ। ਪਰ ਜੇ ਸੱਤ੍ਹਾ ਤੇ ਕਾਬਜ ਲੋਕ ਹੀ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਹੋਣ ਜਾਂ ਸਰਕਾਰ ਹੀ ਮਾੜੇ ਅਨਸਰਾਂ ਨੂੰ ਸਹੂਲਤਾਂ ਤੇ ਸਹਿ ਦੇਣ ਲੱਗ ਪਵੇ, ਤਾਂ ਲੋਕ ਕਿਸ ਦੇ ਸਹਾਰੇ ਦਿਨ ਕਟੀ ਕਰਨਗੇ। ਭਾਜਪਾ ਦੀ ਸਰਕਾਰ ਦੌਰਾਨ ਔਰਤਾਂ ਤੇ ਅੱਤਿਆਚਾਰ ਦੀਆਂ ਘਟਨਾਵਾਂ ਵਿੱਚ ਹੋਏ ਵਾਧੇ ਕਾਰਨ ਵੀ ਸ਼ਾਇਦ ਸਰਕਾਰ ਦੀਆਂ ਨੀਤੀਆਂ ਤੇ ਆਚਰਣ ਤੋਂ ਡਿੱਗੇ ਆਗੂਆਂ ਦਾ ਹੋਣਾ ਹੈ।
ਭਾਰਤ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਇਸ ਲਈ ਔਰਤਾਂ ਵਿਰੁੱਧ ਵਾਪਰਦੀਆਂ ਅਸਰੁੱਖਿਅਤ ਵਾਲੀਆਂ ਘਟਨਾਵਾਂ ਦੁਖਦਾਈ ਹਨ ਤੇ ਚਿੰਤਾ ਪ੍ਰਗਟ ਕਰਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮਾੜੇ ਅਨਸਰਾਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਦੂਰ ਰੱਖਿਆ ਜਾਵੇ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913
Total Views: 186 ,
Real Estate