ਭਾਰਤ ਜੋੜੋ ਯਾਤਰਾ ਅਤੇ ਪੰਜਾਬ ਕਾਂਗਰਸ : ਸਵਾਲ ਵਜੂਦ ਤੇ

ਡਾ: ਕੰਵਰ ਦੀਪ ਸਿੰਘ ਧਾਰੋਵਾਲੀ

ਰਾਜਨੀਤਕ ਵਿਸ਼ਲੇਸ਼ਕ

MA M.Phil  Ph.D  (Political Science)

Contact No: 9878215025

ਕਾਂਗਰਸ ਦੇ ਪ੍ਰਮੁੱਖ ਨੇਤਾ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ਤੇ ਹਨ। ਲਗਭਗ 8 ਦਿਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਲੰਘਦੇ ਹੋਏ ਅਤੇ ਆਖਰੀ ਦਿਨ ਪਠਾਨਕੋਟ ਵਿੱਚ ਰੈਲੀ ਨਾਲ, ਇਸ ਯਾਤਰਾ ਦਾ ਪੰਜਾਬ ਪੜਾਅ ਮੁਕੰਮਲ ਹੋਇਆ। ਰਾਹੁਲ ਗਾਂਧੀ ਦੀ ਪਠਾਨਕੋਟ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਵੱਡੇ ਪੱਧਰ ਤੇ ਰੈਲੀ ਨੂੰ ਅਯੋਜਿਤ ਕੀਤਾ। ਪਠਾਨਕੋਟ ਰੈਲੀ ਤੋਂ ਬਾਅਦ ਭਾਰਤ ਜੋੜੋ ਯਾਤਰਾ ਹੁਣ ਜੰਮੂ-ਕਸ਼ਮੀਰ ਵਿੱਚ ਪ੍ਰਵੇਸ਼ ਕਰ ਚੁਕੀ ਹੈ, ਜੋ ਇਸ ਯਾਤਰਾ ਦਾ ਆਖਰੀ ਪੜਾਅ ਹੈ।
ਸਤੰਬਰ 7, 2022 ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 30 ਜਨਵਰੀ 2023 ਨੂੰ ਸ਼੍ਰੀਨਗਰ ‘ਚ ਸਮਾਪਤ ਹੋਵੇਗੀ । ਯਾਰਤਾ ਦੇ ਆਖਰੀ ਦਿਨ ਸ਼੍ਰੀਨਗਰ ਦੇ ਲਾਲਚੌਕ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਆਪਣੇ ਫੈਸਲੇ ਤੋਂ ਪਿੱਛੇ ਹੱਟ, ਹੁਣ ਰਾਹੁਲ ਗਾਂਧੀ ਸ਼੍ਰੀਨਗਰ ਸਥਿਤ ਪਾਰਟੀ ਹੈੱਡਕੁਆਰਟਰ ‘ਤੇ ਰਾਸ਼ਟਰੀ ਝੰਡਾ ਲਹਿਰਾਉਣਗੇ। ਇਹ ਪੈਦਲ ਮਾਰਚ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਕਵਰ ਕਰ ਚੁੱਕੀ ਹੈ ।
ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਕਈ ਰਾਜਨੀਤਿਕ ਯਾਤਰਾਵਾਂ ਕੀਤੀਆਂ ਗਈਆਂ ਹਨ: ਜਿਵੇਂ ਕਿ 1983 ਵਿੱਚ ਇੰਦਰਾ ਗਾਂਧੀ ਦੇ ਖਿਲਾਫ ਚੰਦਰ ਸ਼ੇਖਰ ਦੀ ਕੰਨਿਆਕੁਮਾਰੀ ਤੋਂ ਨਵੀਂ ਦਿੱਲੀ ਤੱਕ ਭਾਰਤ ਯਾਤਰਾ, 1991 ਵਿੱਚ ਮੁਰਲੀ ਮਨੋਹਰ ਜੋਸ਼ੀ ਦੀ ਸ਼੍ਰੀਨਗਰ ਤੱਕ ਦੀ ਏਕਤਾ ਯਾਤਰਾ, 1990 ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੀ ਸੋਮਨਾਥ ਤੋਂ ਅਯੋਧਿਆ ਤੱਕ ਦੀ ਰਾਮ ਰਥ ਯਾਤਰਾ, 1997 ਵਿੱਚ ਭਾਰਤ ਦੀ ਆਜ਼ਾਦੀ ਦੇ 50 ਸਾਲ ਮਨਾਉਣ ਲਈ ਅਡਵਾਨੀ ਦੀ ਸਵਰਨ ਜੈਅੰਤੀ ਰੱਥ ਯਾਤਰਾ ਅਤੇ 2004 ਵਿੱਚ ਅਡਵਾਨੀ ਵਲੋਂ ਹੀ ‘ਭਾਰਤ ਉਦੈ ਯਾਤਰਾ’ ।
ਰਾਹੁਲ ਗਾਂਧੀ ਨੇ ਰੇਖਾਂਕਿਤ ਕੀਤਾ ਹੈ ਕਿ ਭਾਰਤ ਜੋੜੋ ਯਾਤਰਾ ਦਾ ਮੁੱਖ ਉਦੇਸ਼ ਚੋਣ ਸਫਲਤਾ ਦੀ ਬਜਾਏ ‘ਏਕਤਾ’ ਦੀ ਲੋਕ ਚੇਤਨਾ ਨੂੰ ਉਭਾਰਨਾ ਹੈ। ਆਪਸੀ ਭਾਈਚਾਰਾ, ਸੰਵਿਧਾਨ ਨੂੰ ਬਚਾਉਣਾ ਅਤੇ ਫਿਰਕੂ ਰਾਜਨੀਤੀ ਖਿਲਾਫ਼ ਆਵਾਜ਼ ਬੁਲੰਦ ਕਰਨਾ ਇਸ ਯਾਤਰਾ ਦੇ ਮੁਖ ਉਦੇਸ਼ ਦੱਸੇ ਜਾ ਰਹੇ ਹਨ । ਪਰ ਸਵਾਲ ਇਹ ਹੈ ਕਿ ਭਾਰਤ ਜੋੜੋ ਯਾਤਰਾ ਦਾ ਵਜੂਦ ਕੀ ਹੈ ? ਕਿਥੋਂ ਟੁੱਟਾ ਹੈ ਭਾਰਤ ਤੇ ਕਿੱਥੇ ਜੋੜਨਾ ਹੈ । ਭਾਰਤ ਦੇ ਹਰੇਕ ਰਾਜ ,ਕੌਮ ਅਤੇ ਖੇਤਰ ਦੀ ਆਪਣੀ ਵੱਖਰੀ ਪਹਿਚਾਣ ਹੈ, ਵੱਖਰੀ ਹੋਂਦ ਹੈ । ਭਾਰਤ ਤਾਂ ਵੱਖ -ਵੱਖ ਰਾਜਾਂ ਦੇ ਸੁਮੇਲ ਦਾ ਦੇਸ਼ ਹੈ । ਵਿਭਿੰਨਤਾ ਅਤੇ ਵਿਲੱਖਣਤਾ ਦਾ ਇਕੱਠ ਹੀ ਤਾਂ ਭਾਰਤ ਹੈ । ਫ਼ਿਰ ਜੋੜਨਾ ਕੀ ਹੈ ? ਖ਼ੈਰ ਕਾਂਗਰਸੀ ਲੀਡਰ ਤਾਂ ਇਹ ਕਿਹ ਰਹੇ ਨੇ ਕਿ ਇਸ ਦੇ ਪ੍ਰਭਾਵ ਤਿਹਤ ਭਾਰਤ ਜੁੜ ਰਿਹਾ ਹੈ ਅਤੇ ਯਾਤਰਾ ਕਾਮਯਾਬ ਹੋ ਰਹੀ ਹੈ । ਉਹ ਗੱਲ ਵੱਖਰੀ ਹੈ ਕਿ ਭਾਰਤ ਕਿਥੋਂ ਟੁੱਟਾ ਹੈ ਤੇ ਕਿੱਥੇ ਜੁੜ ਰਿਹਾ ਹੈ- ਇਹ ਬਹੁਤੇ ਕਾਂਗਰਸੀ ਲੀਡਰਾਂ ਨੂੰ ਖੁਦ ਨਹੀਂ ਪਤਾ।
ਜੇਕਰ ਅਸੀਂ ਕਾਂਗਰਸ ਅਤੇ ਨਹਿਰੂ ਪਰਿਵਾਰ ਦੇ ਅੰਨ੍ਹੇ ਭਗਤ ਨਹੀਂ ਹਾਂ ਤਾਂ ਸਾਫ਼ ਸਮਝ ਆਉਂਦੀ ਹੈ ਕਿ ਭਾਰਤ ਜੋੜੋ ਯਾਤਰਾ ਦਾ ਕੇਵਲ ਇੱਕ ਮਕਸਦ ਹੈ, ਇੱਕ ਹੀ ਉਦੇਸ਼ ਹੈ – ਉਹ ਹੈ ਨਹਿਰੂ ਪਰਿਵਾਰ ਦੇ ਸ਼ਹਿਜ਼ਾਦੇ ਰਾਹੁਲ ਗਾਂਧੀ ਦੇ ਰਾਜਨੀਤਿਕ ਜੀਵਨ ਨੂੰ ਉਭਾਰਨਾ । ਹਾਲਾਂਕਿ ਰਾਹੁਲ ਗਾਂਧੀ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਨਹੀਂ ਹਨ, ਪਰ ਪਾਰਟੀ ਢਾਂਚੇ ਦਾ ਸਾਰਾ ਫੋਕਸ ਅਤੇ ਜ਼ੋਰ ਰਾਹੁਲ ਗਾਂਧੀ ਨੂੰ ਰਾਜਨੀਤਿਕ ਹੀਰੋ ਬਣਾਉਣ ਤੇ ਲੱਗਾ ਹੈ । ਕਾਂਗਰਸ ਦੀ ਇਸ ਭਾਰਤ ਜੋੜੋ ਯਾਤਰਾ ਵਿੱਚ ਨਾਂ ਤਾ ਸਾਡੇ ਸਮਾਜਿਕ ਮੁੱਦੇ ਦਿਸ ਰਹੇ ਨੇ ਨਾ ਹੀ ਆਰਥਿਕ, ਬਸ ਦਿਸਦਾ ਹੈ ਤਾਂ ਰਾਹੁਲ ਗਾਂਧੀ ਦਾ ਹਜਾਰਾਂ ਮੀਲ ਪੈਦਲ ਤੁਰਨ ਦਾ ਸੰਕਲਪ ਅਤੇ ਫਿੱਟਨੈੱਸ ।
ਬਾਲੀਵੁੱਡ ਚਿਹਰਿਆਂ ਤੋਂ ਲੈ ਕੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਸਮੇਤ ਕਈ ਉੱਘੀਆਂ ਹਸਤੀਆਂ ਇਸ ਯਾਤਰਾ ਵਿੱਚ ਰਾਹੁਲ ਗਾਂਧੀ ਨਾਲ ਤੁਰਦੇ ਨਜ਼ਰ ਆਏ, ਪਰ ਧਰਨਿਆਂ ਤੇ ਬੈਠਾ ਪੜਿਆ ਲਿਖਿਆ ਬੇਰੋਜ਼ਗਾਰ ਨੌਜਵਾਨ ਅਤੇ ਜੂਝਦਾ ਕਿਸਾਨ ਸ਼ਾਇਦ ਇਸ ਯਾਤਰਾ ਨਾਲ ਨਾ ਜੁੜ ਸਕਿਆ । ਰਾਹੁਲ ਗਾਂਧੀ ਦੀ ਇਸ ਭਾਰਤ ਜੋੜੋ ਯਾਤਰਾ ਵਿੱਚ ਆਮ ਘਰ ਦੇ ਨੌਜਵਾਨ ਅਤੇ ਕਿਸਾਨ ਦੀ ਤਰਾਸਦੀ ਬਹੁਤ ਪਿੱਛੇ ਹੈ, ਰਾਹੁਲ ਗਾਂਧੀ ਅਤੇ ਉਹਨਾਂ ਦੇ ਕਾਂਗਰਸੀ ਸਾਥੀ ਅੱਗੇ ਖੜੇ ਹਨ । ਇਹ ਸਮਝਣਾ ਬਹੁਤਾ ਔਖਾ ਨਹੀਂ ਕਿ ਯਾਤਰਾ ਦੇ ਨਾਮ ਤੇ ਇਹ ਯੋਜਨਾਬੱਧ ਰਣਨੀਤੀ ਹੈ ਜਿਸਦੇ ਦੋ ਮੁੱਖ ਉਦੇਸ਼ ਹਨ : ਪਿਹਲਾ – ਰਾਹੁਲ ਗਾਂਧੀ ਦੀ ਭਾਰਤੀ ਰਾਜਨੀਤੀ ਵਿੱਚ ਮਜ਼ਬੂਤ ਹੋਂਦ ਬਣਾਉਣੀ , ਦੂਜਾ – ਕਾਂਗਰਸ ਦੀ ਸੰਗਠਨਾਤਮਕ ਪ੍ਰਣਾਲੀ ਤੇ ਰਾਹੁਲ ਗਾਂਧੀ ਦਾ ਕੰਟਰੋਲ ਕਾਇਮ ਰੱਖਣਾ ।
ਭਾਰਤ ਜੋੜੋ ਯਾਤਰਾ ਅਤੇ ਪੰਜਾਬ
ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਇਸ ਯਾਤਰਾ ਨੂੰ ਇੱਕ ਮੈਗਾ ਇਵੇੰਟ ਬਣਾਉਣ ਲਈ ਜ਼ਬਰਦਸਤ ਤਿਆਰੀ ਕੀਤੀ, ਇਸ ਵਿੱਚ ਕੋਈ ਸ਼ੱਕ ਨਹੀਂ । ਰਾਹੁਲ ਗਾਂਧੀ ਦੀ ਇਸ ਯਾਤਰਾ ਦੇ ਪ੍ਰਚਾਰ ਅਤੇ ਪ੍ਰੋਮੋਸ਼ਨ ਲਈ ਬਹੁਤ ਸਾਰੀਆਂ ਕਮੇਟੀਆਂ ਅਤੇ ਟੀਮਾਂ ਦਾ ਗਠਨ ਕੀਤਾ ਗਿਆ । ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਵਲੋਂ ਰਾਹੁਲ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਹੋਏ, ਸੋਸ਼ਲ ਮੀਡਿਆ ਤੇ ਜ਼ੋਰਦਾਰ ਪ੍ਰਚਾਰ ਹੋਇਆ, ਥਾਂ-ਥਾਂ ਤੇ ਰਾਹੁਲ ਗਾਂਧੀ ਦੇ ਵੱਡੇ -ਵੱਡੇ ਬੈਨਰ ਲੱਗੇ, ਆਦਿ । ਪੰਜਾਬ ਕਾਂਗਰਸ ਵਲੋਂ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਕਰੀਬ 5 ਹਜ਼ਾਰ ਪਾਰਟੀ ਵਰਕਰ ਹਰ ਸਮੇਂ ਰਾਹੁਲ ਗਾਂਧੀ ਦੇ ਨਾਲ ਚੱਲਣ। ਸੰਖੇਪ ਵਿੱਚ ਕਿਹਾ ਜਾਵੇ ਤਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਅਤੇ ਅਹੁਦੇਦਾਰਾਂ ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਕਾਮਯਾਬ ਬਣਾਉਣ ਚ ਕੋਈ ਕਮੀ ਨਹੀਂ ਛੱਡੀ।
ਇਲੈਕਟ੍ਰਾਨਿਕ ਐਂਡ ਸੋਸ਼ਲ ਮੀਡਿਆ ਵਿੱਚ ਪੰਜਾਬ ਕਾਂਗਰਸੀ ਨੇਤਾਵਾਂ ਦੀਆਂ ਰਾਹੁਲ ਗਾਂਧੀ ਨਾਲ ਫੋਟੋਆਂ, ਸੈਲਫੀਆਂ, ਵੀਡੀਓ, ਆਦਿ ਇੰਝ ਦਿਸ ਰਹੀਆਂ ਹਨ ਜਿਵੇਂ ਇਹ ਰਾਜਨੀਤਿਕ ਯਾਤਰਾ ਨਹੀਂ ਵਿਰਾਸਤੀ ਤਿਓਹਾਰ ਹੈ । ਇੰਝ ਲੱਗਾ ਜਿਵੇਂ ਰਾਹੁਲ ਗਾਂਧੀ ਦੇ ਰੂਪ ਵਿੱਚ ਕਾਂਗਰਸੀ ਅਹੁਦੇਦਾਰਾਂ ਨੂੰ ਸਦੀਆਂ ਤੋਂ ਗਵਾਚਾ ਖਜ਼ਾਨਾ ਮਿਲ ਗਿਆ ਹੋਵੇ । ਅਫਸੋਸ, ਇਸ ਸਬ ਵਿੱਚ ਜੋ ਬਹੁਤ ਧੁੰਦਲਾ ਨਜ਼ਰ ਆ ਰਿਹਾ ਸੀ – ਉਹ ਸੀ ਪੰਜਾਬ। ਰਾਹੁਲ ਗਾਂਧੀ ਨਾਲ ਤੁਰਦੇ ਪੰਜਾਬ ਕਾਂਗਰਸ ਦੇ ਆਗੂ ਤਾਂ ਬਹੁਤ ਦਿਸੇ, ਪਰ ਜੋ ਨਾ ਦਿਸੇ ਉਹ ਸਨ- ਪੰਜਾਬ ਦੇ ਮੁੱਦੇ ।
ਕਾਂਗਰਸ ਜੋ 2017 ਤੋਂ 2022 ਤੱਕ ਸਰਕਾਰ ਵਿੱਚ ਸੀ, 2022 ਵਿਧਾਨ ਸਭ ਚੋਣਾਂ ਵਿੱਚ ਕੇਵਲ 18 ਸੀਟਾਂ ਤੇ ਸਿਮਟ ਗਈ । ਇਸ ਹਸ਼ਰ ਤੋਂ ਬਾਅਦ ਵੀ ਸ਼ਾਇਦ ਪੰਜਾਬ ਕਾਂਗਰਸੀ ਨੇਤਾ ਇਹ ਨਹੀਂ ਸਮਝ ਸਕੇ ਕਿ ਪੰਜਾਬੀਆਂ ਦਾ ਵਿਸ਼ਵਾਸ ਜਿੱਤਣ ਲਈ ਰਾਹੁਲ ਗਾਂਧੀ ਦਾ ਏਜੇਂਡਾ ਜਰੂਰੀ ਹੈ ਜਾਂ ਪੰਜਾਬ ਲਈ ਸੰਘਰਸ਼ ਜਰੂਰੀ ਹੈ। ਸਾਡੇ ਕਿਸਾਨ, ਟੀਚਰ, ਮੁਲਾਜ਼ਿਮ ਅਤੇ ਬੇਰੋਜ਼ਗਾਰ ਅੱਜ ਵੀ ਧਰਨਿਆਂ ਤੇ ਬੈਠੇ ਹਨ, ਜਿਹਨਾਂ ਦੇ ਪੱਖ ਚ ਖਲੋਣ ਦਾ ਕਾਂਗਰਸੀ ਅਹੁਦੇਦਾਰਾਂ ਕੋਲ ਵਕਤ ਨਹੀਂ। ਪਰ ਓਹਨਾ ਵਲੋਂ ਆਪਣੇ ਆਕਾ ਰਾਹੁਲ ਗਾਂਧੀ ਲਈ ਕੜਾਕੇ ਦੀ ਠੰਡ ਵਿੱਚ ਵੀ ਪੰਜਾਬ ਦੀਆਂ ਸੜਕਾਂ ਤੇ ਪੂਰੇ ਜੋਸ਼ ਅਤੇ ਦ੍ਰਿੜ੍ਹਤਾ ਨਾਲ ਪੈਦਲ ਮਾਰਚ ਕੀਤਾ ਗਿਆ।
ਪੰਜਾਬ ਰਾਜਨੀਤੀ ਦੀ ਤਰਾਸਦੀ ਰਹੀ ਹੈ ਕਿ ਰਾਜ ਦੇ ਅਸਲ ਮੁੱਦਿਆਂ ਤੇ ਪਿਹਰਾ ਦੇਣ ਦੀ ਬਜਾਏ, ਛੋਟੇ-ਵੱਡੇ ਨੇਤਾ ਆਪਣੇ ਆਕਿਆਂ ਨੂੰ ਪ੍ਰੋਮੋਟ ਕਰਨ ਤੇ ਲੱਗੇ ਰਹਿੰਦੇ ਹਨ। ਤਰਾਸਦੀ ਹੈ ਕਿ ਪੰਜਾਬ ਦੇ ਨੌਜਵਾਨ ਅਤੇ ਕਿਸਾਨ ਲਈ ਖੜਨ ਦੀ ਬਜਾਏ, ਸਾਰੀ ਤਾਕਤ ਦਿੱਲੀ ਵਾਲੇ ਆਕਿਆਂ ਨੂੰ ਉੱਚਾ ਅਤੇ ਵੱਡਾ ਬਣਾਉਣ ਤੇ ਲਾ ਦਿੱਤੀ ਜਾਂਦੀ ਹੈ । ਪਠਾਨਕੋਟ ਰੈਲੀ ਵਿੱਚ ਕਾਂਗਰਸੀ ਲੀਡਰਾਂ ਰਾਹੁਲ ਗਾਂਧੀ ਦੀਆਂ ਤਰੀਫਾਂ ਦੇ ਜੋ ਪੁੱਲ ਬੰਨੇ, ਇੰਝ ਲਗ ਰਿਹਾ ਸੀ ਰਾਹੁਲ ਕੋਈ ਸਿਆਸਤਦਾਨ ਨਹੀਂ, ਮਸੀਹਾ ਹੈ । ਪੰਜਾਬ ਕਾਂਗਰਸੀਆਂ ਨੇ ਜਿਨ੍ਹਾਂ ਸੰਘਰਸ਼ ਨਹਿਰੂ ਪਰਿਵਾਰ ਦੇ ਵਾਰਿਸਾਂ ਨੂੰ ਪ੍ਰਮੋਟ ਕਰਨ ਲਈ ਕੀਤਾ ਹੈ ਜੇਕਰ ਓਹੀ ਸੰਘਰਸ਼ ਪੰਜਾਬ ਲਈ ਕਰਦੇ ਤਾਂ ਸ਼ਾਇਦ ਪੰਜਾਬ ਅੱਜ ਬਹੁਤ ਬਿਹਤਰ ਸਥਿਤੀ ਤੇ ਹੁੰਦਾ। ਕਾਂਗਰਸੀ ਨੇਤਾਵਾਂ ਦਾ ਵੀ ਇੱਕ ਅਹਿਮ ਵਜੂਦ ਹੁੰਦਾ।
ਸਵਾਲ ਇਹ ਨਹੀਂ ਕਿ ਪੰਜਾਬ ਦੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਯਾਤਰਾ ਨੂੰ ਇਸ ਕਦਰ ਪ੍ਰੋਮੋਟ ਕਰਨ ਚ ਕਿਓਂ ਲਗੇ ਰਹੇ, ਬਲਕਿ ਸਵਾਲ ਇਹ ਹੈ ਕਿ ਕਦ ਤੱਕ ਪੰਜਾਬ ਦੇ ਨੁਮਾਇੰਦੇ ਆਪਣੀ ਰਾਜਨੀਤੀ ਨੂੰ ਨਹਿਰੂ ਪਰਿਵਾਰ ਦੇ ਵਾਰਿਸਾਂ ਅਧੀਨ ਹੀ ਰੱਖਣਗੇ । ਸਵਾਲ ਇਹ ਹੈ ਕਿ ਰਾਹੁਲ ਗਾਂਧੀ ਦਾ ਪੰਜਾਬ ਨਾਲ ਸੰਬੰਧ ਕੀ ਹੈ, ਇਸ ਸਿਆਸੀ ਪਰਿਵਾਰ ਦੀ ਪੰਜਾਬ ਨੂੰ ਦੇਣ ਕੀ ਹੈ । ਸਵਾਲ ਇਹ ਹੈ ਕਿ ਕਦ ਤੱਕ ਪੰਜਾਬ ਦੇ ਕਿਹੰਦੇ ਕਹਾਉਂਦੇ ਨੇਤਾ ਦਿੱਲ੍ਹੀ ਦੇ ਸਿਆਸੀ ਘਰਾਂ ਦੇ ਏਜੇਂਡੇ ਮੁਤਾਬਿਕ ਹੀ ਆਪਣੀ ਸਿਆਸਤ ਚਲਾਉਣਗੇ ।
ਕਦ ਤੱਕ ਸਾਡੇ ਲੀਡਰ ਪੰਜਾਬ ਨੂੰ ਇੱਕ ਰਾਜਨੀਤਿਕ ਏਜੰਡੇ ਤਹਿਤ ਵਰਤਣ ਵਾਲੇ ਗੈਰ-ਪੰਜਾਬੀ ਸਿਆਸਤਦਾਨਾਂ ਦੇ ਰਾਜਨੀਤਿਕ ਹਿੱਤਾਂ ਲਈ ਰਾਹ ਪੱਧਰੇ ਕਰਦੇ ਰਹਿਣਗੇ । ਕਿਓਂ ਪੰਜਾਬ ਦੇ ਮੌਜੂਦਾ ਲੀਡਰਾਂ ਦੀ ਹੋਂਦ ਉਹਨਾਂ ਦੇ ਦਿੱਲ੍ਹੀ ਵਾਲੇ ਆਕਿਆਂ ਦੀ ਹੋਂਦ ਅੱਗੇ ਬਹੁਤ ਬੌਨੀ ਲਗਦੀ ਹੈ । ਇਹ ਸਵਾਲ ਕੇਵਲ ਕਾਂਗਰਸੀਆਂ ਉੱਤੇ ਨਹੀਂ, ਪੰਜਾਬ ਦੇ ਹਰ ਉਸ ਸਿਆਸਤਦਾਨ ਤੇ ਹੈ ਜੋ ਦਿੱਲ੍ਹੀ ਦਰਬਾਰਾਂ ਨੂੰ ਪ੍ਰੋਮੋਟ ਕਰਨ ਲਈ ਪੰਜਾਬ ਨਾਲ ਧੋਖਾ ਕਰ ਰਿਹਾ ਹੈ । ਉਹ ਭਾਵੇਂ ਵਿਰੋਧੀ ਧਿਰ ਹੋਵੇ ਜਾਂ ਮੌਜੂਦਾ ਹਕੂਮਤ ।
ਸਵਾਲ ਇਹ ਵੀ ਹੈ ਕਿ – ਕਿਓਂ ਪੰਜਾਬ ਕਾਂਗਰਸ ਦੇ ਨੇਤਾਵਾਂ ਲਈ ਨਹਿਰੂ ਪਰਿਵਾਰ ਦੇ ਰਾਜਨੀਤਿਕ ਏਜੰਡਿਆਂ ਨੂੰ ਦ੍ਰਿੜਤਾ ਨਾਲ ਫੜੀ ਰੱਖਣਾ ਲਾਜ਼ਮੀ ਹੈ। ਕੀ ਦਿੱਲ੍ਹੀ ਦਰਬਾਰ ਦੇ ਏਜੰਡੇ ਹੀ ਇਹਨਾਂ ਦੀ ਰਾਜਨੀਤਿਕ ਹੋਂਦ ਦਾ ਥੰਮ ਹਨ। ਅੱਜ ਪੰਜਾਬ ਦੀ ਰਾਜਨੀਤੀ ਦਾ ਸਬ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਜੋ ਖ਼ੁਦ ਨੂੰ ਸਾਡੇ ਨੁਮਾਇੰਦੇ ਦਸਦੇ ਉਹਨਾਂ ਦੀ ਹੋਂਦ ਦਿੱਲ੍ਹੀ ਦੇ ਸਿਆਸੀ ਪਰਿਵਾਰਾਂ ਅੱਗੇ ਧੁੰਦਲੀ ਕਿਓਂ ਲਗਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪੰਜਾਬ ਕੋਲ ਲੀਡਰ ਨਹੀਂ, ਕੇਵਲ ਸਿਆਸਤਦਾਨ ਹਨ ।
ਦੇਸ਼ ਵਿੱਚ ਰਾਹੁਲ ਗਾਂਧੀ ਦੇ ਰਾਜਨੀਤਿਕ ਚਰਿਤਰ ਨੂੰ ਉਭਰਨਾ, ਨਾਲ ਬ੍ਰੈਂਡਿੰਗ ਅਤੇ ਮਾਰਕੀਟਿੰਗ ਕਰਨ ਤੋਂ ਇਲਾਵਾ ਭਾਰਤ ਜੋੜੋ ਯਾਤਰਾ ਦਾ ਕੋਈ ਉਦੇਸ਼ ਨਜ਼ਰ ਨਹੀਂ ਆਉਂਦਾ। ਅੱਜ ਜੋ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਲਾਤ ਹਨ, ਸਾਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਨਹੀਂ “ਲੀਡਰ ਬਣੋ ਲਿਹਰ” ਦੀ ਜਰੂਰਤ ਹੈ। ਲੀਡਰ ਉਹ ਹੁੰਦਾ ਹੈ ਜੋ ਹੋਰ ਲੀਡਰ ਤਿਆਰ ਕਰੇ, ਪੈਰੋਕਾਰ ਨਹੀਂ।
ਅਫਸੋਸ, ਬਹੁਤ ਸਿਆਸਤਦਾਨ ਜੋ ਖ਼ੁਦ ਨੂੰ ਪੰਜਾਬ ਦੇ “ਲੀਡਰ” ਤਾਂ ਮਣਦੇ ਹਨ, ਅਕਸਰ ਪੰਜਾਬ ਦੇ ਹੱਕਾਂ ਅਤੇ ਲੋੜਾਂ ਤੋਂ ਕੀਤੇ ਵੱਧ ਤਰਜ਼ੀਹ ਦਿੱਲ੍ਹੀ ਦਰਬਾਰਾਂ ਦੇ ਏਜੰਡੇ ਨੂੰ ਦਿੰਦੇ ਹਨ। ਅੱਜ ਸਾਨੂੰ ਲੋੜ ਹੈ ਐਸੇ ਲੀਡਰਾਂ ਦੀ ਜੋ ਪਾਰਟੀ ਆਕਿਆਂ ਦੇ ਸਿਆਸੀ ਏਜੰਡਿਆਂ ਨੂੰ ਸਮਰਪਿਤ ਹੋਣ ਦੀ ਬਜਾਏ, ਦਿੱਲ੍ਹੀ ਦਰਬਾਰਾਂ ਨੂੰ ਪੰਜਾਬ ਦੇ ਮੁੜ-ਵਸੇਬੇ ਅਤੇ ਖੁਸ਼ਹਾਲੀ ਦੇ ਏਜੰਡੇ ਅਧੀਨ ਚਲਾਉਣ ਦੀ ਕਾਬਲੀਅਤ ਅਤੇ ਜੁਰਅਤ ਰੱਖਦੇ ਹੋਣ । ਲੋੜ ਹੈ ਸਾਨੂੰ ਪੰਜਾਬ ਸਮਰਪਿਤ ਜੁਝਾਰੂ, ਪੜੀ-ਲਿਖੀ ਅਤੇ ਕਾਬਿਲ ਲੀਡਰਸ਼ਿਪ ਦੀ।

 

Total Views: 11 ,
Real Estate