ਨਿਊਜ਼ੀਲੈਂਡ: 14 ਅਕਤੂਬਰ ਨੂੰ ਹੋਣਗੀਆਂ ਆਮ ਚੋਣਾਂ- PM 15 ਦਿਨਾਂ ’ਚ ਦੇਣਗੇ ਅਸਤੀਫ਼ਾ

ਨਿਊਜ਼ੀਲੈਂਡ ਦੀ ਸਿਆਸਤ ਦੇ ਵਿਚ ਉਸ ਵੇਲੇ ਇਕਦਮ ਹਲਚਲ ਪੈਦਾ ਹੋ ਗਈ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਦੋ ਅਹਿਮ ਐਲਾਨ ਕਰ ਦਿੱਤੇ। ਪਹਿਲਾ ਇਹ ਕਿ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਜੋ ਹਰ ਤਿੰਨ ਸਾਲ ਬਾਅਦ ਹੁੰਦੀਆਂ ਹਨ, ਇਸ ਵਾਰ ਸ਼ਨੀਵਾਰ 14 ਅਕਤੂਬਰ 2023 ਨੂੰ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਅਹਿਮ ਤੇ ਸਭ ਨੂੰ ਹੈਰਾਨ ਕਰਨ ਵਾਲਾ ਦੂਜਾ ਐਲਾਨ ਕਰਦਿਆਂ ਕਿਹਾ ਕਿ ਉਹ ਫਰਵਰੀ ਮਹੀਨੇ ਦੀ 7 ਤਰੀਕ ਤੋਂ ਪਹਿਲਾਂ-ਪਹਿਲਾਂ ਪ੍ਰਧਾਨ ਮੰਤਰੀ ਪਦ ਛੱਡ ਦੇਣਗੇ। ਉਹ ਇਸ ਸਾਲ ਅਕਤੂਬਰ ਵਾਲੀਆਂ ਆਮ ਚੋਣਾਂ ਦੇ ਵਿਚ ਉਮੀਦਵਾਰ ਵੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ “ਮੈਂ ਪ੍ਰਧਾਨ ਮੰਤਰੀ ਦਾ ਫਰਜ਼ ਨਿਭਾਉਂਦਿਆਂ ਆਪਣਾ ਸਭ ਕੁਝ ਇਸ ਕੰਮ ਲਈ ਦਿੱਤਾ ਹੈ, ਪਰ ਇਸ ਨੇ ਵੀ ਮੇਰੇ ਤੋਂ ਬਹੁਤ ਕੁਝ ਲੈ ਲਿਆ ਹੈ। ਤੁਸੀਂ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਅਤੇ ਨਾ ਹੀ ਕਰਨਾ ਚਾਹੀਦਾ ਹੈ ਜਦੋਂ ਤੱਕ ਤੁਹਾਡੇ ਕੋਲ ਭਰਿਆ ਹੋਇਆ ਪੂਰਾ ਟੈਂਕ ਮੌਜੂਦ ਨਹੀਂ ਹੈ, ਨਾਲ ਹੀ ਗੈਰ-ਯੋਜਨਾਬੱਧ ਅਤੇ ਅਚਾਨਕ ਆਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਥੋੜ੍ਹਾ ਰਿਜ਼ਰਵ ਤੇਲ ਵੀ ਹੋਣਾ ਜ਼ਰੂਰੀ ਹੈ। ਮੈਂ ਜਾਣਦੀ ਹਾਂ ਕਿ ਮੇਰੇ ਕੋਲ ਕੰਮ ਪ੍ਰਤੀ ਨਿਆਂ ਕਰਨ ਲਈ ਹੁਣ ਟੈਂਕ ਵਿੱਚ ਹੁਣ ਇੰਨਾ ਵਾਧੂ ਤੇਲ ਨਹੀਂ ਹੈ ਅਤੇ ਇਹ ਸਹਿਜ ਸਮਝ ਆਉਣ ਵਾਲੀ ਗੱਲ ਹੈ।’’ ਉਨ੍ਹਾਂ ਅੱਗੇ ਕਿਹਾ ਕਿ ‘‘ਮੈਂ ਇਸ ਲਈ ਨਹੀਂ ਜਾ ਰਹੀ ਕਿ ਮੈਨੂੰ ਵਿਸ਼ਵਾਸ਼ ਹੋ ਗਿਆ ਕਿ ਅਸੀਂ ਅਗਲੀ ਚੋਣ ਨਹੀਂ ਜਿੱਤ ਸਕਦੇ, ਪਰ ਨਹੀਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਲੇਬਰ ਇਸ ਚੋਣ ਨੂੰ ਜਿੱਤ ਸਕਦੀ ਹੈ ਅਤੇ ਜਿੱਤੇਗੀ। ਸਾਨੂੰ ਇਸ ਸਾਲ ਅਤੇ ਅਗਲੇ ਤਿੰਨ ਸਾਲ ਦੀਆਂ ਚੁਣੌਤੀਆਂ ਲਈ ਨਵੇਂ ਸ਼ਕਤੀਸ਼ਾਲੀ ਮੋਢਿਆਂ ਦੇ ਜੋੜੇ ਦੀ ਲੋੜ ਹੈ।’’

Total Views: 319 ,
Real Estate