ਭਾਰਤ ਵੀ ਕਰੇਗਾ ਦੱਖਣ ਏਸ਼ਿਆਈ ਦੇਸ਼ਾਂ ਨਾਲ ਰੁਪਏ ਵਿੱਚ ਵਪਾਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਕੇਂਦਰੀ ਬੈਂਕ ਵੱਲੋਂ ਰੁਪਏ ਵਿੱਚ ਸਰਹੱਦੋਂ ਪਾਰ ਵਪਾਰ ਲਈ ਦੱਖਣੀ ਏਸ਼ਿਆਈ ਦੇਸ਼ਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਪਰਖ ਦੇ ਪੜਾਅ ਵਿੱਚ ਹੈ ਅਤੇ ਆਰਬੀਆਈ ਡਿਜੀਟਲ ਰੁਪਏ ਦੀ ਪੇਸ਼ਕਸ਼ ਬਾਰੇ ਬਹੁਤ ਚੌਕੰਨੀ ਹੋ ਕੇ ਅਤੇ ਸਾਵਧਾਨੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ, ‘‘ਇਸ ਖੇਤਰ ਵਿੱਚ ਭੂਟਾਨ ਵਰਗੇ ਕੁਝ ਦੇਸ਼ਾਂ ਅਤੇ ਨੇਪਾਲ ਵਰਗੇ ਹੋਰ ਮੁਲਕਾਂ ਨਾਲ ਅਸੀਂ ਯੂਪੀਆਈ ਨੂੰ ਲੈ ਕੇ ਪਹਿਲਾਂ ਹੀ ਸਮਝੌਤੇ ਕਰ ਲਏ ਹਨ। ਇਸ ਖੇਤਰ ਵਿੱਚ ਸਰਹੱਦ ਪਾਰ ਭੁਗਤਾਨ ਨੂੰ ਹੋਰ ਸੁਖਾਲਾ ਬਣਾਉਣ ਲਈ ਅਸੀਂ ਯੂਪੀਆਈ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।’’ ਦਾਸ ਨੇ ਆਖਿਆ, ‘‘ਆਰਬੀਆਈ ਨੇ ਭਾਰਤ ਸਰਕਾਰ ਨਾਲ ਮਿਲ ਕੇ ਜੋ ਹੋਰ ਪਹਿਲਕਦਮੀ ਕੀਤੀ ਹੈ, ਉਹ ਹੈ ਕੌਮਾਂਤਰੀ ਵਾਪਾਰ ਵਿੱਚ ਰੁਪਏ ਦਾ ਪ੍ਰਬੰਧ ਸਥਾਪਤ ਕਰਨਾ। ਦੱਖਣ ਏਸ਼ਿਆਈ ਖਿੱਤੇ ਵਿੱਚ ਸਰਹੱਦ ਪਾਰ ਵਪਾਰ ਵਿੱਚ ਰੁਪਏ ਦੀ ਵਰਤੋਂ ਲਈ ਖਿੱਤੇ ਵਿੱਚ ਕੁਝ ਦੇਸ਼ਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ।’’ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਇੱਕ ਕਾਨਫਰੰਸ ਮੌਕੇ ਗਵਰਨਰ ਨੇ ਇਹ ਵੀ ਕਿਹਾ ਕਿ ਆਰਬੀਆਈ ਨੇ ਸੀਬੀਡੀਸੀ ਦਾ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਹਾਲੇ ਪਰਖ ਦੇ ਗੇੜ ਵਿੱਚ ਹੈ, ਅਸੀਂ ਬਹੁਤ ਚੌਕਸੀ ਅਤੇ ਸਾਵਧਾਨੀ ਨਾਲ ਅੱਗੇ ਵਧ ਰਹੇ ਹਾਂ। ਜੇਕਰ ਕਲੋਨਿੰਗ ਜਾਂ ਅਜਿਹਾ ਕੁਝ ਹੁੰਦਾ ਹੈ ਇਸ ਵਿੱਚ ਬਹੁਤ ਜ਼ਿਆਦਾ ਜ਼ੋਖਮ ਹੋ ਸਕਦਾ ਹੈ। ਇਹ ਇੱਕ ਹੋਰ ਖੇਤਰ ਹੈ ਜਿਸ ਵਿੱਚ ਦੱਖਣ ਏਸ਼ਿਆਈ ਦੇਸ਼ਾਂ ਵਿਚਕਾਰ ਸਹਿਯੋਗ ਦੀ ਸੰਭਾਵਨਾ ਹੈ।’’ ਦਾਸ ਮੁਤਾਬਕ 2022-23 ਲਈ ਆਲਮੀ ਵਪਾਰ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਦੱਖਣ ਏਸ਼ਿਆਈ ਖਿੱਤੇ ਵਿੱਚ ਵਿਆਪਕ ਅੰਤਰ-ਖੇਤਰੀ ਵਪਾਰ ਨਾਲ ਵਾਧੇ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ।

Total Views: 245 ,
Real Estate