
ਕੈਨੇਡਾ ਦੇ ਕਈ ਹਿੱਸਿਆਂ ਵਿਚ ਹੋਈ ਜ਼ੋਰਦਾਰ ਬਰਫ਼ਬਾਰੀ ਨੇ ਹਵਾਈ ਉਡਾਣਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਵੈਨਕੂਵਰ ਹਵਾਈ ਅੱਡਾ ਜਿੱਥੇ ਹਰ ਰੋਜ਼ ਕਰੀਬ 450 ਉਡਾਣਾਂ ਆਉਂਦੀਆਂ-ਜਾਂਦੀਆਂ ਹਨ, ਦੀ ਸਥਿਤੀ ਕਰੀਬ-ਕਰੀਬ ਬੰਦ ਵਰਗੀ ਹੋਈ ਪਈ ਹੈ। ਕੁਝ ਕੁ ਛੋਟੇ ਜਹਾਜ਼ ਹੀ ਉਡਾਣ ਭਰ ਰਹੇ ਹਨ। ਉਤਰਨ ਵਾਲੀਆਂ ਬਹੁਤੀਆਂ ਉਡਾਣਾਂ ਨੂੰ ਚੱਲਣ ਵਾਲੀਆਂ ਥਾਵਾਂ ’ਤੇ ਰੋਕ ਦਿੱਤਾ ਗਿਆ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਜਹਾਜ਼ ਉਡਾਰੀ ਭਰ ਚੁੱਕੇ ਸਨ, ਉਨ੍ਹਾਂ ਨੂੰ ਨੇੜਲੇ, ਪਰ ਸੁਰੱਖਿਅਤ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ ਹੈ। ਬਹੁਤਾ ਮਾੜਾ ਹਾਲ ਉਨ੍ਹਾਂ ਉਡਾਣਾਂ ਦੇ ਮੁਸਾਫਰਾਂ ਦਾ ਹੈ, ਜੋ ਚੀਨ, ਜਪਾਨ, ਵੀਅਤਨਾਮ, ਕੋਰੀਆ ਜਾਂ ਸਿੰਘਾਪੁਰ ਤੋਂ ਉੱਡ ਚੁੱਕੇ ਸਨ ਤੇ 10-12 ਘੰਟਿਆਂ ਵਿਚ ਪ੍ਰਸ਼ਾਂਤ ਮਹਾਸਾਗਰ ਪਾਰ ਕਰਕੇ ਕੈਨੇਡਾ ਦੇ ਉੱਪਰ ਸਨ। ਵੈਨਕੂਵਰ ਤੋਂ ਫਲਾਈਟ ਲੈਣ ਵਾਲੇ ਹਜ਼ਾਰਾਂ ਯਾਤਰੀ ਉੱਥੇ ਫਸੇ ਹੋਏ ਹਨ ਤੇ ਭੀੜ ਕਾਰਨ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਮੁਹਾਲ ਹੋਈ ਪਈ ਹੈ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ ਉਨ੍ਹਾਂ ਰਨਵੇਅ ਸਾਫ਼ ਕਰਾਉਣ ਲਈ ਸਾਰੀਆਂ ਮਸ਼ੀਨਾਂ ਕੰਮ ’ਤੇ ਲਾਈਆਂ ਹੋਈਆਂ ਹਨ, ਪਰ ਨਾਲੋ-ਨਾਲ ਪੈ ਰਹੀ ਬਰਫ਼ ਕਾਰਨ ਸਫਾਈ ਵਿਚ ਵਿਘਨ ਪੈ ਰਿਹਾ ਹੈ। ਬਰਫ਼ ਪਿਘਲਾਊ ਨਮਕ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ। ਅਧਿਕਾਰੀਆਂ ਅਨੁਸਾਰ ਸਥਿਤੀ ਆਮ ਵਰਗੀ ਕਰਨ ਵਿਚ ਕਈ ਘੰਟੇ ਹੋਰ ਲੱਗ ਜਾਣਗੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬਰਫ਼ਬਾਰੀ ਕਾਰਨ ਇਸ ਹਵਾਈ ਅੱਡੇ ਦੀ ਅਜਿਹੀ ਹਾਲਤ ਦਾ ਇਹ ਇਕ ਰਿਕਾਰਡ ਹੈ। ਬ੍ਰਿਟਿਸ਼ ਕੋਲੰਬੀਆ ਦੀਆਂ ਬਹੁਤੀਆਂ ਮੁੱਖ ਸੜਕਾਂ ਨੂੰ ਆਵਾਜਾਈ ਯੋਗ ਬਣਾਉਣ ਲਈ ਪ੍ਰਸਾਸ਼ਨ ਲਗਾਤਾਰ ਯਤਨਸ਼ੀਲ ਹੈ। ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ। ਬਿਨਾਂ ਛੱਤ ਕੀਤੇ ਜਾਣ ਵਾਲੇ ਕੰਮ ਠੱਪ ਹੋ ਕੇ ਰਹਿ ਗਏ ਹਨ।



















